ਕੋਵਿਡ ਬੰਦਿਸ਼ਾਂ ਦੌਰਾਨ ਫਲ ਤੇ ਸਬਜ਼ੀ ਉਤਪਾਦਕਾਂ ਨੂੰ ਨਹੀਂ ਪੇਸ਼ ਆਵੇਗੀ ਕੋਈ ਦਿੱਕਤ - ਡਾ. ਕਾਹਮਾ
ਰਾਜਿੰਦਰ ਕੁਮਾਰ
- ਫਲ ਅਤੇ ਸਬਜ਼ੀ ਉਤਪਾਦਕਾਂ ਦੇ ਖੇਤਾਂ ਦੇ ਦੌਰੇ ਮੌਕੇ ਸਹਾਇਕ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਸਿੰਘ ਕਾਹਮਾ ਅਤੇ ਬਾਗਬਾਨੀ ਵਿਕਾਸ ਅਫ਼ਸਰ ਡਾ. ਰਾਜੇਸ਼ ਕੁਮਾਰ।
ਨਵਾਂਸ਼ਹਿਰ, 11 ਮਈ 2021 - ਕੋਵਿਡ-19 ਤੋਂ ਬਚਾਅ ਲਈ ਲਗਾਈਆਂ ਗਈਆਂ ਪਾਬੰਦੀਆਂ ਦੌਰਾਨ ਕਿਸਾਨਾਂ ਨੂੰ ਆਪਣੇ ਫਲਾਂ ਤੇ ਸਬਜ਼ੀਆਂ ਦੇ ਮੰਡੀਕਰਨ ਵਿਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ, ਇਸ ਲਈ ਬਾਗਬਾਨੀ ਵਿਭਾਗ ਵੱਲੋਂ ਢੁਕਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸਹਾਇਕ ਡਾਇਰੈਕਟਰ ਬਾਗਬਾਨੀ, ਸ਼ਹੀਦ ਭਗਤ ਸਿੰਘ ਨਗਰ ਡਾ. ਜਗਦੀਸ਼ ਸਿੰਘ ਕਾਹਮਾ ਨੇ ਜ਼ਿਲੇ ਦੇ ਸਬਜ਼ੀ ਤੇ ਫਲ ਉਤਪਾਦਕਾਂ ਦੇ ਖੇਤਾਂ ਦੇ ਦੌਰੇ ਦੌਰਾਨ ਕੀਤਾ। ਉਨਾਂ ਦੱਸਿਆ ਕਿ ਬਾਗਬਾਨੀ ਵਿਭਾਗ ਜਿਥੇ ਫ਼ਸਲੀ ਵਿਭਿੰਨਤਾ ਲਿਆਉਣ ਲਈ ਕਿਸਾਨਾਂ ਨੂੰ ਜਾਗਰੂਕ ਕਰ ਰਿਹਾ ਹੈ, ਉਥੇ ਹੀ ਸਬਜ਼ੀਆਂ, ਫਲ, ਫੁੱਲ, ਖੁੰਬਾਂ ਆਦਿ ਦੀ ਮਾਰਕੀਟਿੰਗ ਕਰਨ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ।
ਇਸ ਸਮੇਂ ਉਨਾਂ ਦੇ ਨਾਲ ਹਾਜ਼ਰ ਬਾਗਬਾਨੀ ਵਿਕਾਸ ਅਫ਼ਸਰ ਬਲਾਚੌਰ ਡਾ. ਰਾਜੇਸ਼ ਕੁਮਾਰ ਨੇ ਕਿਹਾ ਕਿ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਚ ਭਾਵੇਂ ਕੋਵਿਡ-19 ਦੀ ਮਹਾਮਾਰੀ ਤੋਂ ਬਚਾਅ ਲਈ ਲਗਾਈਆਂ ਬੰਦਿਸ਼ਾਂ ਕਾਰਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆ ਰਹੀ। ਉਨਾਂ ਕਿਹਾ ਕਿ ਜੇਕਰ ਫਿਰ ਵੀ ਉਨਾਂ ਨੂੰ ਮਾਰਕੀਟਿੰਗ ਵਿਚ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਬਾਗਬਾਨੀ ਵਿਭਾਗ ਦੇ ਜ਼ਿਲਾ ਪੱਧਰ ਜਾਂ ਬਲਾਕ ਪੱਧਰ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਵਿਭਾਗ ਵੱਲੋਂ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਇਸ ਸਬੰਧੀ ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਨਾਲ 75080-18894 ਉੱਤੇ, ਬਾਗਬਾਨੀ ਵਿਕਾਸ ਅਫ਼ਸਰ ਬਲਾਚੌਰ ਅਤੇ ਨਵਾਂਸ਼ਹਿਰ ਨਾਲ 95012-13538 ਅਤੇ ਬਾਗਬਾਨੀ ਵਿਕਾਸ ਅਫ਼ਸਰ ਸੜੋਆ ਅਤੇ ਬੰਗਾ ਨਾਲ 75080-18828 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।