ਹੁਣ 18 ਤੋਂ 44 ਸਾਲ ਉਮਰ ਦੇ ਲੋਕਾਂ ਦਾ ਟੀਕਾਕਰਨ ਸ਼ੁਰੂ
- ਕੋਵਿਡ ਰੋਕੂ ਟੀਕਾਕਰਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ : ਡਾ. ਜਵਿੰਦਰਵੰਤ ਸਿੰਘ
ਨਵਾਂਸ਼ਹਿਰ, 11 ਮਈ 2021 : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਜ਼ਿਲ੍ਹੇ ਵਿੱਚ ਕੋਵਿਡ ਰੋਕੂ ਟੀਕਾਕਰਨ ਦੇ ਤੀਜੇ ਪੜਾਅ ਦੀ ਅੱਜ ਸ਼ੁਰੂਆਤ ਕਰ ਦਿੱਤੀ ਹੈ। ਇਸ ਪੜਾਅ ਵਿਚ ਮੁਫਤ ਟੀਕਾਕਰਨ ਮੁਹਿੰਮ ਤਹਿਤ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਰਜਿਸਟਰਡ ਉਸਾਰੀ ਕਾਮਿਆਂ ਅਤੇ ਸੰਵੇਦਨਸ਼ੀਲ ਤੇ ਉੱਚ ਜ਼ੋਖਮ ਵਾਲੇ ਲੋਕਾਂ ਨੂੰ ਵੈਕਸੀਨ ਲਗਾਈ ਜਾਣੀ ਹੈ।
ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਜਵਿੰਦਰਵੰਤ ਸਿੰਘ ਬੈਂਸ ਨੇ ਅੱਜ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਪਹੁੰਚ ਕੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਉਸਾਰੀ ਕਾਮਿਆਂ ਅਤੇ ਸੰਵੇਦਨਸ਼ੀਲ ਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਦੇ ਟੀਕਾਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਇਸ ਉੱਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ ਊਸ਼ਾ ਕਿਰਨ, ਰੂਰਲ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼, ਡਾ. ਗੁਰਪਿੰਦਰ ਕੌਰ, ਬਲਾਕ ਐਜੂਕੇਟਰ ਮਨਿੰਦਰ ਸਿੰਘ, ਸਹਾਇਕ ਸੁਸ਼ੀਲ ਕੁਮਾਰ, ਏ.ਐਨ.ਐਮ ਹਰਜਿੰਦਰ ਕੌਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।
ਇਸ ਮੌਕੇ ਡਾ ਜਵਿੰਦਰਵੰਤ ਸਿੰਘ ਬੈਂਸ ਨੇ ਕਿਹਾ ਕਿ ਤੀਜੇ ਪੜਾਅ ਵਿਚ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਰਜਿਸਟਰਡ ਉਸਾਰੀ ਕਾਮੇ ਅਤੇ ਸੰਵੇਦਨਸ਼ੀਲ ਤੇ ਉੱਚ ਜ਼ੋਖਮ ਵਾਲੇ ਲੋਕ ਵੈਕਸੀਨ ਲਗਵਾਉਣ ਲਈ ਯੋਗ ਹਨ। ਉਨਾਂ ਸਾਰਿਆਂ ਯੋਗ ਵਿਅਕਤੀਆਂ ਨੂੰ ਜਲਦੀ ਤੋਂ ਜਲਦੀ ਟੀਕਾ ਲਗਵਾਉਣ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੀਮਤੀ ਮਨੁੱਖੀ ਜਾਨਾਂ ਨੂੰ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਜ਼ਿਲ੍ਹੇ ਵਿੱਚ ਹਫਤੇ ਦੇ ਸਾਰੇ ਦਿਨਾਂ ਵਿੱਚ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਯੋਗ ਵਿਅਕਤੀ ਆਪਣੇ ਨੇੜਲੇ ਕੇਂਦਰਾਂ ਉੱਤੇ ਟੀਕਾ ਲਗਵਾ ਸਕਦੇ ਹਨ ਜੋ ਕਿ ਪੂਰੀ ਤਰਾਂ ਸੁਰੱਖਿਅਤ ਹੈ।
ਇਸ ਦੌਰਾਨ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਦੱਸਿਆ ਕਿ 18 ਤੋਂ 44 ਉਮਰ ਵਰਗ ਦੇ ਰਜਿਸਟਰਡ ਸਾਰੇ ਉਸਾਰੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਿਲ੍ਹੇ ਵਿੱਚ ਟੀਕਾਕਰਨ ਦੇ ਤੀਜੇ ਪੜਾਅ ਦੇ ਪਹਿਲੇ ਗੇੜ ਵਿੱਚ ਟੀਕਾ ਲਗਾਇਆ ਜਾ ਰਿਹਾ ਹੈ। ਟੀਕਾਕਰਨ ਦੇ ਪਹਿਲੇ ਪੜਾਅ ਵਿਚ ਹੈਲਥ ਕੇਅਰ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਨੂੰ ਕਵਰ ਕੀਤਾ ਗਿਆ ਸੀ, ਜਦੋਂਕਿ ਦੂਜੇ ਪੜਾਅ ਵਿਚ ਬਜ਼ੁਰਗਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਸਹਿ ਰੋਗਾਂ ਤੋਂ ਪੀੜਤ ਵਿਅਕਤੀਆਂ ਨੂੰ ਕਵਰ ਕੀਤਾ ਗਿਆ ਸੀ।
ਡਾ. ਕਪੂਰ ਨੇ ਅੱਗੇ ਕਿਹਾ ਕਿ ਸਾਡਾ ਧਿਆਨ ਉੱਚ ਜ਼ੋਖਮ ਦੇ ਸੰਕਰਮਣ ਅਤੇ ਪ੍ਰਸਾਰਣ ਵਾਲੇ ਮਰੀਜ਼ਾਂ ਨੂੰ ਕਵਰ ਕਰਨ 'ਤੇ ਹੈ। ਸੰਕਰਮਣ ਅਤੇ ਪ੍ਰਸਾਰਣ ਦੇ ਸਭ ਤੋਂ ਉੱਚ ਜੋਖਮ ਵਾਲੇ ਵਿਅਕਤੀਆਂ ਨੂੰ ਤਰਜੀਹੀ ਆਧਾਰ ’ਤੇ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਸਾਰੀ ਕਾਮਿਆਂ ਅਤੇ ਉੱਚ ਜ਼ੋਖਮ ਵਾਲੇ ਵਿਅਕਤੀਆਂ ਨੂੰ ਟੀਕਾਕਰਨ ਕਰਵਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ, ਇਸ ਲਈ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉੱਚ ਜੋਖਮ ਵਾਲੇ ਸਮੂਹਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਪੇਸ਼ਿਆਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਸੰਪਰਕ ਹੁੰਦਾ ਹੈ ਅਤੇ ਸੰਕਰਮਣ ਅਤੇ ਪ੍ਰਸਾਰਣ ਦੇ ਵੱਧ ਜੋਖਮ ਹੁੰਦੇ ਹਨ। ਇਸ ਲਈ ਮਈ-2021 ਲਈ ਅਜਿਹੀਆਂ ਸ਼੍ਰੇਣੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਸਾਰੇ ਰਜਿਸਟਰਡ ਉਸਾਰੀ ਕਾਮਿਆਂ ਅਤੇ ਸੰਵੇਦਨਸ਼ੀਲ ਤੇ ਉੱਚ ਜ਼ੋਖਮ ਵਾਲੇ ਲੋਕਾਂ ਦੇ ਟੀਕਾਕਰਨ ਲਈ ਪੋਰਟਲ ਖੋਲ੍ਹ ਦਿੱਤਾ ਹੈ ਅਤੇ ਇਸ ਵਰਗ ਵਿਚ ਅੱਜ 30 ਲਾਭਪਾਤਰੀਆਂ ਨੇ ਟੀਕਾਕਰਨ ਕੇਂਦਰਾਂ ਉੱਤੇ ਮੌਕੇ ਉੱਤੇ ਰਜਿਸਟ੍ਰੇਸ਼ਨ ਕਰਵਾ ਕੇ ਕੋਵਿਡ ਰੋਕੂ ਟੀਕੇ ਲਗਵਾਏ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਸਿਵਲ ਹਸਪਤਾਲ ਨਵਾਂਸ਼ਹਿਰ ਅਤੇ ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ 18 ਸਾਲ ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਦੇ ਟੀਕੇ ਲਗਾਏ ਜਾ ਰਹੇ ਹਨ। ਇਸ ਤੋਂ ਬਾਅਦ ਜ਼ਰੂਰਤ ਦੇ ਹਿਸਾਬ ਨਾਲ ਟੀਕਾਕਰਨ ਕੇਂਦਰਾਂ ਦਾ ਵਿਸਥਾਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੀਕਾਕਰਨ ਦੀਆਂ ਯੋਗ ਸ੍ਰੇਣੀਆਂ ਬਾਰੇ ਸਮੇਂ-ਸਮੇਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਉਲਝਣ ਨਾ ਰਹੇ ਅਤੇ ਟੀਕਾਕਰਨ ਕੇਂਦਰਾਂ ਉੱਤੇ ਭੀੜ ਨਾ ਪਵੇ।