ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਪਰਮਾਨੈਂਟ ਲੋਕ ਅਦਾਲਤ ਵਿੱਚ ਪਟੀਸ਼ਨ ਦਾਇਰ
ਸੰਜੀਵ ਜਿੰਦਲ
ਮਾਨਸਾ , 11 ਮਈ 2021 : ਪੰਜਾਬ ਸਮੇਤ ਪੂਰੇ ਭਾਰਤ ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨੋ ਦਿਨ ਵੱਧ ਰਿਹਾ ਹੈ ।
ਮਾਨਸਾ ਵਿੱਚ ਵੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਕਰੋਨਾ ਮਰੀਜ਼ਾਂ ਦਾ ਵਾਧਾ ਹੋ ਰਿਹਾ ਹੈ । ਮਰੀਜਾਂ ਨੂੰ ਇਲਾਜ ਲਈ ਦਵਾਈਆਂ , ਫਤਿਹ ਕਿੱਟਾਂ ਆਦਿ ਨਹੀਂ ਮਿਲ ਰਹੀਆਂ ਜਿਸ ਨਾਲ ਉਨ੍ਹਾਂ ਦੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ ਅਤੇ ਕਈ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ । ਸਿਵਲ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਡਾਕਟਰ, ਨਰਸਾਂ ਅਤੇ ਪੈਰਾਮੈਡੀਕਲ ਸਟਾਫ ਦੀ ਘਾਟ ਹੈ।
ਐਡਵੋਕੇਟ ਨਰੇਸ਼ ਕੁਮਾਰ ਅਤੇ ਦਿਨੇਸ਼ ਕੁਮਾਰ ਵੱਲੋਂ ਕੋਰੋਨਾ ਮਰੀਜਾਂ ਦੇ ਇਲਾਜ ਲਈ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਪਰਮਾਨੈਂਟ ਲੋਕ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਤਾਂ ਜੋ ਲੋਕਾਂ ਨੂੰ ਮਹਾਂਮਾਰੀ ਕੋਵਿਡ ਤੋਂ ਬਚਾਇਆ ਜਾ ਸਕੇ । ਜਿਸ ਵਿੱਚ ਮੰਗ ਕੀਤੀ ਹੈ ਕਿ ਕੋਰੋਨਾ ਵੈਕਸੀਨ ਅਤੇ ਕੋਰੋਨਾ ਦੇ ਇਲਾਜ ਲਈ ਦਵਾਈਆਂ ਦਾ ਪੂਰਾ—ਪੂਰਾ ਪ੍ਰਬੰਧ ਕੀਤਾ ਜਾਵੇ, ਲੋੜੀਂਦੀ ਆਕਸੀਜਨ ਸਪਲਾਈ ਕੀਤੀ
ਜਾਵੇ, ਕੋਰੋਨਾ ਦੇ ਟੈਸਟ ਲਈ ਲੈਬ ਮਾਨਸਾ ਵਿਖੇ ਖੋਲ੍ਹੀ ਜਾਵੇ, ਫਤਿਹ ਕਿਟਾਂ ਮਹੁੱਈਆਂ ਕਰਵਾਈਆਂ ਜਾਣ ਤਾਂ ਜੋ ਹੁਣ ਤੱਕ ਘਰੇ ਕੁਆਰਟੀਨ ਕੀਤੇ ਮਰੀਜਾਂ ਨੂੰ ਅਤੇ ਭਵਿੱਖ ਵਿੱਚ ਘਰੇ ਕੁਆਰਟੀਨ ਹੋਣ ਵਾਲੇ ਮਰੀਜਾਂ ਨੂੰ ਸਮੇਂ ਸਿਰ ਫਤਿਹ ਕਿਟਾਂ ਮਿਲ ਸਕਣ। ਵੈਂਟੀਲੇਟਰ ਅਤੇ ਉਸਨੂੰ ਚਲਾਉਣ ਲਈ ਸਟਾਫ ਦਾ ਪ੍ਰਬੰਧ ਕੀਤਾ ਜਾਵੇ । ੳ—2 ਲੇਬਲ ਦੇ ਮਰੀਜਾਂ ਲਈ ਹੋਰ ਬੈੱਡ ਅਤੇ ੳ—3 ਲੇਬਲ ਦੇ ਮਰੀਜਾਂ ਲਈ ਵੀ ਬੈਡਾਂ ਦਾ ਪ੍ਰਬੰਧ ਕੀਤਾ ਜਾਵੇ। ਕੋਰੋਨਾ ਤੋਂ ਪੀੜ੍ਹਤ ਬੱਚਿਆਂ ਲਈ ਵੱਖਰਾ ਵਾਰਡ ਬਣਾਇਆ ਜਾਵੇ। ਮੈਡੀਕਲ
ਅਤੇ ਪੈਰਾ ਮੈਡੀਕਲ ਸਟਾਫ ਦਾ ਹੋਰ ਪ੍ਰਬੰਧ ਕੀਤਾ ਜਾਵੇ ।ਕਿਉਂਕਿ ਹੁਣ ਮਾਨਸਾ ਵਿਖੇ ਅਜਿਹੇ ਸਟਾਫ ਦੀ ਬਹੁਤ ਘਾਟ ਹੈ ਅਤੇ 5 ਐਬੂਲੈਸਾਂ ਸਮੇਤ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਮਾਨਸਾ ਵਿਖੇ ਅਖਬਾਰ ਹਿੰਦੁਸਤਾਨ ਟਾਈਮਜ਼ ਮਿਤੀ 27/04/2021 ਵਿੱਚ ਛਪੀ ਖਬਰ ਮੁਤਾਬਿਕ ਕੋਰੋਨਾ ਟੈਸਟ ਕੀਤੇ ਮਰੀਜਾਂ ਵਿੱਚੋਂ 58—86 ਪ੍ਰਤੀਸ਼ਤ ਲੋਕ ਕੋਰੋਨਾ ਪਾਜੇਟਿਵ ਪਾਏ ਗਏ ਹਨ।
ਉਪਰੋਕਤ ਪਟੀਸ਼ਨ ਦਾ ਸਗਿਆਨ ਲੈਂਦੇ ਹੋਏ ਮਾਨਯੋਗ ਪਰਮਾਨੈਂਟ ਲੋਕ ਅਦਾਲਤ ਮਾਨਸਾ ਨੇ ਆਪਣੇ ਹੁਕਮ ਮਿਤੀ 07/05/2021 ਰਾਹੀ ਸਰਕਾਰੀ ਅਦਾਰੇ ਜਿੰਨਾਂ ਦੀ ਇਸ ਸਮੱਸਿਆ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ, ਨੂੰ ਹੁਕਮ ਕੀਤਾ ਹੈ ਕਿ ਉਹ ਲੋਕਾਂ ਦੀਆਂ ਤਕਲੀਫਾਂ ਨੂੰ ਦੂਰ ਕਰਨ ਲਈ ਲੋੜੀਂਦੇ ਸਾਧਨ ਅਤੇ ਬੁਨਿਆਦੀ ਢਾਂਚੇ ਲਈ ਹਰ ਕੋਸ਼ਿਸ਼ ਕੀਤੀ ਜਾਵੇ ਅਤੇ ਕੋਈ ਕੋਸ਼ਿਸ਼ ਬਾਕੀ ਨਾ ਰਹੇ । ਮਾਨਯੋਗ ਅਦਾਲਤ ਵੱਲੋਂ ਕੇਸ ਦੀ ਸੁਣਵਾਈ ਲਈ ਅਗਲੀ ਪੇਸ਼ੀ ਮਿਤੀ 21/05/2021 ਮੁਕਰਰ ਕੀਤੀ ਹੈ।