ਜਲੰਧਰ: ਰੈਡ ਕਰਾਸ ਸੁਸਾਇਟੀ ਵਿਖੇ ਦੂਸਰਾ ਖੂਨ ਕੈਂਪ ਲਗਾਇਆ
- ਡਿਪਟੀ ਕਮਿਸ਼ਨਰ ਨੇ ਖੂਨਦਾਨੀਆਂ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣ ਦੀ ਕੀਤੀ ਅਪੀਲ
ਜਲੰਧਰ, 11 ਮਈ 2021 - ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਇਕ ਹੋਰ ਖੂਨਦਾਨ ਕੈਂਪ ਰੈਡ ਕਰਾਸ ਸੁਸਾਇਟੀ ਦੇ ਕੈਂਪਸ ਵਿਖੇ ਲਗਾਇਆ ਗਿਆ, ਜਿੱਥੇ ਦੋ ਕੈਂਪਾਂ ਵਿਚ ਤਕਰੀਬਨ 28 ਯੂਨਿਟ ਖੂਨ ਇਕੱਤਰ ਕੀਤਾ ਗਿਆ ਹੈ।
ਵਧੇਰੇ ਜਾਣਕਾਰੀ ਦਿੰਦਿਆਂ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਨੇ ਦੱਸਿਆ ਕਿ ਪਹਿਲਾ ਕੈਂਪ ਸ਼ੁੱਕਰਵਾਰ ਨੂੰ ਲਗਾਇਆ ਗਿਆ ਸੀ, ਜਿਸ ਵਿੱਚ 16 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ ਅੱਜ ਦੁਪਹਿਰ ਤੱਕ ਖੂਨ ਦਾਨੀਆਂ ਵੱਲੋਂ 12 ਯੂਨਿਟ ਖੂਨ ਦਾਨ ਕੀਤਾ ਗਿਆ।
ਸਕੱਤਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਕੋਵਿਡ -19 ਮਹਾਂਮਾਰੀ ਦੌਰਾਨ ਹਸਪਤਾਲਾਂ ਵਿੱਚ ਖੂਨ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੈ ਤਾਂ ਜੋ ਮਰੀਜ਼ਾਂ ਖ਼ਾਸਕਰਕੇ ਗੰਭੀਰ ਬਿਮਾਰੀ ਨਾਲ ਪੀੜਤ ਰੋਗੀਆਂ ਨੂੰ ਖੂਨ ਲਈ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸਬੰਧੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋ ਗਈ ਹੈ, ਖੂਨਦਾਨ ਕੈਂਪਾਂ ਵਿਚ ਰੁਕਾਵਟ ਆਉਣ ਕਾਰਨ ਬਲੱਡ ਬੈਂਕਾਂ ਵਿੱਚ ਖੂਨ ਦੀ ਕਮੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਂਸਰ, ਥੈਲੇਸੀਮੀਆ ਤੋਂ ਪੀੜਤ ਮਰੀਜ਼ਾਂ ਅਤੇ ਕੁਝ ਜਣੇਪੇ ਦੇ ਮਾਮਲਿਆਂ ਵਿੱਚ ਇਲਾਜ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਅਤੇ ਛੋਟੇ ਖੂਨਦਾਨ ਕੈਂਪ ਲਗਾਉਣਾ ਰੋਗੀਆਂ ਲਈ ਮਦਦਗਾਰ ਸਿੱਧ ਹੋਵੇਗਾ। ਉਨ੍ਹਾਂ ਲੋਕਾਂ ਨੂੰ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਇਨਸਾਨੀਅਤ ਦੇ ਨਾਤੇ ਖੂਨ ਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਆਦੇਸ਼ਾਂ ਅਨੁਸਾਰ ਕੋਵਿਡ -19 ਟੀਕਾ ਕਰਵਾਉਣ ਵਾਲੇ ਲੋਕਾਂ ਨੂੰ ਹਰੇਕ ਖੁਰਾਕ ਦੇ 14 ਦਿਨਾਂ ਦੇ ਪੂਰਾ ਹੋਣ ਤੋਂ ਬਾਅਦ ਖੂਨ ਦਾਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਉਹ ਲੋਕ, ਜਿਨ੍ਹਾਂ ਟੀਕਾ ਨਹੀਂ ਲਗਵਾਇਆ, ਉਹ ਨਿਯਮਿਤ ਰੂਪ ਵਿੱਚ ਖੂਨ ਦਾਨ ਕਰਨਾ ਜਾਰੀ ਰੱਖ ਸਕਦੇ ਹਨ।