ਸੱਤਯੁਗੀ ਸੇਵਾ: ਕੋਰੋਨਾ ਮਰੀਜ਼ਾਂ ਦੇ ਮੁਫਤ ਇਲਾਜ ਲਈ ਦਿੱਤਾ ਹਸਪਤਾਲ
ਅਸ਼ੋਕ ਵਰਮਾ
ਬਠਿੰਡਾ,11 ਮਈ2021:ਬਠਿੰਡਾ ਖਿੱਤੇ ’ਚ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਕਰੋਨਾ ਦੇ ਸੰਕਟ ਦੌਰਾਨ ਕੁੱਝ ਸੱਤਯੁਗੀ ਚਿਹਰੇ ਸਾਹਮਣੇ ਆਏ ਹਨ ਜਿੰਨ੍ਹਾਂ ਨੇ ਕੋਵਿਡ-19 ਦੀ ਦੂਸਰੀ ਲਹਿਰ ਨਾਲ ਮੱਥਾ ਲਾਉਣ ਦਾ ਫੈਸਲਾ ਕੀਤਾ ਹੈ। ਇਹ ਮਾਮਲਾ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਡਾ ਵਿਤੁਲ ਗੁਪਤਾ ਨਾਲ ਜੁੜਿਆ ਹੈ ਜਿੰਨ੍ਹਾਂ ਨੇ ਆਪਣਾ ਹਸਪਤਾਲ ਕਰੋਨਾ ਮਰੀਜਾਂ ਦੇ ਮੁਫਤ ਇਲਾਜ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੌਂਪ ਦਿੱਤਾ ਹੈ। ਬਰਨਾਲਾ ਬਾਈਪਾਸ ਦੀਆਂ ਲਾਈਟਾਂ ਤੋਂ ਸ਼ਹਿਰ ਵੱਲ ਆਉਂਦਿਆਂ ਬਸੰਤ ਵਿਹਾਰ ’ਚ ਸਥਿਤ ਕਿਸ਼ੋਰੀ ਰਾਮ ਹਸਪਤਾਲ ਸ਼ਹਿਰ ਦਾ ਕਾਫੀ ਪੁਰਾਣਾ ਤੇ ਨਾਮਵਰ ਹਸਪਤਾਲ ਹੈ। ਡਾ ਵਿਤੁਲ ਗੁਪਤਾ ਖੁਦ ਸ਼ੂਗਰ ਆਦਿ ਰੋਗਾਂ ਦਾ ਮਾਹਿਰ ਹੋਣ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਲਈ ਵੀ ਕੰਮ ਕਰਦੇ ਹਨ। ਜਦੋਂ ਕਰੋਨਾਂ ਤੋਂ ਪੀੜਤ ਮਰੀਜਾਂ ਦੇ ਇਲਾਜ ਦੌਰਾਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਕਥਿਤ ਲੁੱਟ ਮਚਾਉਣ ਦੀਆਂ ਖਬਰਾਂ ਆ ਰਹੀਆਂ ਹਨ ਤਾਂ ਡਾ ਵਿਤੁਲ ਗੁਪਤਾ ਨੇ ਇਹ ਨਿਵੇਕਲੀ ਪਹਿਲਕਦਮੀ ਕੀਤੀ ਹੈ।
ਉੱਤਰੀ ਭਾਰਤ ਦਾ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਪ੍ਰਾਈਵੇਟ ਹਸਪਤਾਲ ਦੇ ਬੂਹੇ ਪੀੜਤਾਂ ਲਈ ਖੋਹਲਣ ਦਾ ਫੈਸਲਾ ਆਇਆ ਹੈ। ਇਸ ਨੂੰ ਮੌਜੂਦਾ ਸੰਕਟ ਦੌਰਾਨ ਜਦੋਂ ਕਰੋਨਾ ਮਰੀਜਾਂ ਦੇ ਨੇੜੇ ਢੁੱਕਣ ਤੋਂ ਆਪਣੇ ਵੀ ਡਰਦੇ ਹਨ ਤਾਂ ਡਾ ਗੁਪਤਾ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਅੱਗੇ ਆਈ ਹੈ। ਇਸ ਹਸਪਤਾਲ ’ਚ ਕੋਵਿਡ ਵਾਰਡ ਬਣਾਇਆ ਜਾਏਗਾ ਜਿਸ ਦੀ ਸਮੁੱਚੀ ਦੇਖ ਰੇਖ ਨੌਜਵਾਨ ਵੈਲਫੇਅਰ ਸੁਸਾਇਟੀ ਕਰੇਗੀ। ਡਾ ਵਿਤੁਲ ਗੁਪਤਾ ਦਾ ਕਹਿਣਾ ਹੈ ਕਿ ਇੱਥੇ ਕਰੋਨਾ ਮਰੀਜਾਂ ਦਾ ਮੁਫਤ ਇਲਾਜ ਕੀਤਾ ਜਾਏਗਾ। ਇਸ ਵੇਲੇ ਜਦੋਂ ਇੱਕ ਹਸਪਤਾਲ ’ਚ ਲੈਵਲ-ਟੂ ਦੇ ਮਰੀਜ ਦਾ ਇਲਾਜ ਕਰਵਾਉਣ ਲਈ 25 ਤੋਂ 30 ਹਜਾਰ ਰੁਪਏ ਖਰਚ ਆਉਂਦੇ ਹਨ ਤਾਂ ਪੀੜਤਾਂ ਦਾ ਮੁਫਤ ਇਲਾਜ ਵੱਡੀ ਗੱਲ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਡਾ ਵਿਤੁਲ ਗੁਪਤਾ ਨੇ ਕਰੋਨਾ ਮਰੀਜਾਂ ਦੇ ਇਲਾਜ ਲਈ ਸਮੁੱਚਾ ਹਸਪਤਾਲ ਸੁਸਾਇਟੀ ਹਵਾਲੇ ਕੀਤਾ ਹੈ। ਉਨ੍ਹਾਂ ਆਖਿਆ ਕਿ ਹਸਪਤਾਲ ਦੀ ਇਮਾਰਤ ਮਰੀਜਾਂ ਨੂੰ ਮੁਫਤ ਸੇਵਾਵਾਂ ਦੇਣ ਲਈ ਵਰਤੀ ਜਾਏਗੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਲੋਕ ਵੀ ਉਨ੍ਹਾਂ ਨੂੰ ਸਹਿਯੋਗ ਦੀ ਪੇਸ਼ਕਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸੇਵਾ ਦੀ ਸ਼ੁਰੂਆਤ ਹਸਪਤਾਲ ਦੇ ਹਾਲ ਤੋਂ ਕੀਤੀ ਜਾਏਗੀ ਜਿੱਥੇ ਮੁਢਲੇ ਤੌਰ ਤੇ 12 ਮਰੀਜਾਂ ਨੂੰ ਰੱਖਿਆ ਜਾਏਗਾ ਜਦੋਂਕਿ ਪੂਰੀ ਸਮਰੱਥਾ ਨਾਲ ਵਰਤੇ ਜਾਣ ਤੇ ਤਿੰਨ ਦਰਜਨ ਤੋਂ ਵੱਧ ਮਰੀਜ ਭਰਤੀ ਕਰਨ ਦੀ ਯੋਜਨਾ ਵੀ ਹੈ। ਉਨ੍ਹਾਂ ਦੱਸਿਆ ਕਿ ਮਰੀਜਾਂ ਦੇ ਇਲਾਜ ਲਈ ਡਾ ਵਿਤੁਲ ਗੁਪਤਾ ਸੇਵਾਵਾਂ ਦੇਣਗੇ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਆਪਣੇ ਪੱਧਰ ਤੇ ਕਰੋਨਾ ਪੀੜਤਾਂ ਦਾ ਖਿਆਲ ਰੱਖੇਗੀ। ਉਨ੍ਹਾਂ ਦੱਸਿਆ ਕਿ ਮਰੀਜਾਂ ਲਈ ਲੁੜੀਂਦੀ ਆਕਸੀਜ਼ਨ ਵਗੈਰਾ ਦਾ ਇੰਤਜਾਮ ਵੀ ਕਰ ਲਿਆ ਹੈ। ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਸੰਸਥਾ ਨੇ ਕੋਵਿਡ ਕੇਅਰ ਸੈਂਟਰ ਬਨਾਉਣ ਲਈ ਪ੍ਰਵਾਨਗੀ ਵਾਸਤੇ ਬਠਿੰਡਾ ਪ੍ਰਸ਼ਾਸ਼ਨ ਨੂੰ ਲਿਖਤੀ ਪੱਤਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਸ਼ਰਤਾਂ ਸਬੰਧੀ ਹਰੀ ਝੰਡੀ ਮਿਲਣ ਉਪਰੰਤ ਸੇਵਾ ਕਾਰਜਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਏਗਾ।
ਪਿਤਾ ਦੇ ਨਕਸ਼ੇ ਕਦਮ ਤੇ ਪੁੱਤਰ
ਡਾ ਵਿਤੁਲ ਗੁਪਤਾ ਸਵਰਗਵਾਸੀ ਕਾਮਰੇਡ ਵੇਦ ਪ੍ਰਕਾਸ਼ ਗੁਪਤਾ ਦੇ ਪੁੱਤਰ ਹਨ। ਕਾਮਰੇਡ ਗੁਪਤਾ ਨੇ ਤਾਉਮਰ ਦੀਨਦੁਖੀਆਂ ਅਤੇ ਲੋਕ ਮਸਲਿਆਂ ਲਈ ਲੜਾਈ ਲੜੀ। ਉਹ ਪੀੜਤ ਲੋਕਾਂ ਦੇ ਵਕੀਲ ਸਨ ਜਿੰਨ੍ਹਾਂ ਦੀਆਂ ਦਲੀਲਾਂ ਅੱਗੇ ਕਹਿੰਦੇ ਕਹਾਉਂਦੇ ਅਫਸਰਾਂ ਦੀ ਬੋਲਤੀ ਬੰਦ ਹੋ ਜਾਂਦੀ ਸੀ। ਉਹ ਕਿਹਾ ਕਰਦੇ ਸਨ ਕਿ ਭ੍ਰਿਸ਼ਟਾਚਾਰ ਦੀ ਵਗਦੀ ਗੰਗਾ ’ਚ ਵਹਾਅ ਦੇ ਨਾਲ ਰੁੜ੍ਹਨਾ ਮੇਰੀ ਜਮੀਰ ਦੇ ਉਲਟ ਹੈ। ਜਦੋਂ ਤੱਕ ਸਾਹ ਵਗਦੇ ਹਨ ਉਸ ਦੇ ਉਲਟ ਹੀ ਤੈਰਾਂਗਾ। ਇਹ ਵੱਖਰੀ ਗੱਲ ਹੈ ਕਿ ਇਸ ਨੂੰ ਕੋਈ ਇਮਾਨਦਾਰੀ ਦਾ ਕਦਰਦਾਨ ਸਾਂਭ ਲਵੇ ਤਾਂ ਸਾਂਭ ਲਵੇ। ਕਾਮਰੇਡ ਗੁਪਤਾ ਦੀ ਕਹਿਣੀ ਅਤੇ ਕਰਨੀ ਦੇ ਨਕਸ਼ੇ ਕਦਮ ਤੇ ਚੱਲ ਕੇ ਡਾ ਵਿਤੁਲ ਗੁਪਤਾ ਨੇ ਸਮਾਜ ਸੇਵਾ ’ਚ ਮੀਲ ਪੱਥਰ ਕਾਇਮ ਕੀਤਾ ਹੈ।
ਕਰੋਨਾ ਵਿਰੁੱਧ ਜੰਗ ਦਾ ਸਿਰਨਾਵਾਂ ਸੋਨੂੰ
ਸੋਨੂੰ ਮਹੇਸ਼ਵਰੀ ਨੌਜਵਾਨ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਹੈ ਜੋਕਿ ਇਸ ਵਕਤ ਕਰੋਨਾ ਦੇ ਸੰਕਟ ਦੌਰਾਨ ਪੀੜਤਾਂ ਅਤੇ ਬਠਿੰਡਾ ਪ੍ਰਸ਼ਾਸ਼ਨ ਦੀਆਂ ਖੱਬੀਆਂ ਸੱਜੀਆਂ ਬਾਹਾਂ ਬਣਕੇ ਕੰਮ ਕਰ ਰਿਹਾ ਹੈ। ਮਸਾਂ 20 ਸਾਲ ਦੀ ਉਮਰ ਸੀ ਜਦੋਂ ਸੋਨੂੰ ਇਸ ਰਸਤੇ ਤੇ ਤੁਰ ਪਿਆ ਅਤੇ ਇਹ ਸਫਰ ਨਿਰੰਤਰ ਜਾਰੀ ਹੈ। ਹਾਦਸਾ ਪੀੜਤਾਂ ਨੂੰ ਹਸਪਤਾਲ ਲਿਜਾਣਾ, ਲੋੜਵੰਦਾਂ ਲਈ ਖੂਨਦਾਨ ਤੇ ਅੱਖਾਂ ਦਾਨ ਵਾਸਤੇ ਪ੍ਰੇਰਿਤ ਕਰਨ ਦੇ ਮਾਮਲੇ ’ਚ ਉਹ ਮਿਸਾਲ ਬਣਿਆ ਹੈ। ਜਨੂੰਨ ਦੀ ਹੱਦ ਤੱਕ ਜਾਣਾ ਸੋਨੂੰ ਦਾ ਸਭਾਅ ਹੈ ਜਿਸ ਤੇ ਪਹਿਰਾ ਦਿੰਦਿਆਂ ਹੁਣ ਕਰੋਨਾ ਮਰੀਜਾਂ ਲਈ ਅੱਗੇ ਆਇਆ ਹੈ।
ਸਿਹਤਮੰਦ ਪਿਰਤ ਪਾਈ: ਕੁਸਲਾ
ਸਿਦਕ ਫੋਰਮ ਦੇ ਪ੍ਰਧਾਨ ਅਤੇ ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਡਾ ਵਿਤੁਲ ਗੁਪਤਾ ਨੇ ਅਜੋਕੇ ਭ੍ਰਿਸ਼ਟ ਤੰਤਰ ਦੌਰਾਨ ਇੱਕ ਸਿਹਤਮੰਦ ਪਿਰਤ ਪਾਈ ਹੈ । ਉਨ੍ਹਾਂ ਕਿਹਾ ਕਿ ਜਿਸ ਰਾਹ ਤੇ ਡਾ ਗੁਪਤਾ ਤੁਰੇ ਹਨ ਉਸ ਤੇ ਹੋਰ ਵੀ ਤੁਰਨ ਤਾਂ ਨਿਸਚੇ ਹੀ ਕਰੋਨਾ ਵਾਇਰਸ ਦੇ ਸੰਕਟ ਤੇ ਕਾਬੂ ਪਾਇਆ ਜਾ ਸਕਦਾ ਹੈ ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਕੀਤੇ ਸੇਵਾ ਕਾਰਜ ਤੋਂ ਹੋਰਨਾਂ ਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਹੈ ।