ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਘਰਾਂ ਵਿਚ ਹੀ ਈਦ ਮਨਾਉਣ ਦੀ ਅਪੀਲ
• ਐਸ.ਡੀ.ਐਮ. ਮਾਲੇਰਕੋਟਲਾ ਨੇ ਸ਼ਹਿਰ ਵਾਸੀਆਂ ਨੂੰ ਦਿੱਤੀ ਈਦ—ਉਲ—ਫਿਤਰ ਦੀ ਮੁਬਾਰਕਬਾਦ
ਮਲੇਰਕੋਟਲਾ, 11 ਮਈ 2021 - ਈਦ ਉਲ ਫਿਤਰ ਸਮੇਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਅੱਜ ਐਸ.ਡੀ.ਐਮ. ਦਫਤਰ ਮਾਲੇਰਕੋਟਲਾ ਵਿਖੇ ਸ੍ਰੀਮਤੀ ਸਿਮਰਪ੍ਰੀਤ ਕੋਰ, ਪੀ.ਸੀ.ਐਸ., ਐਸ.ਡੀ.ਐਮ. ਮਾਲੇਰਕੋਟਲਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਸ੍ਰੀ ਬਾਦਲ ਦੀਨ, ਤਹਿਸੀਲਦਾਰ, ਮਾਲੇਰਕੋਟਲਾ, ਐਸ.ਐਚ.ਓ. ਸਿਟੀ—1 ਨਰਿੰਦਰ ਸਿੰਘ ਅਤੇ ਐਸ.ਐਚ.ਓ. ਸਿਟੀ —2 ਜ਼ਸਵੀਰ ਸਿੰਘ, ਮੁਫਤੀ ਇਰਤਕਾ ਉਲ ਹਸਨ, ਸ੍ਰੀ ਮੁਹੰਮਦ ਸਲੀਮ, ਪ੍ਰਧਾਨ ਈਦਗਾਹ ਕਮੇਟੀ, ਸ੍ਰੀ ਮੁਹੰਮਦ ਇਰਸ਼ਾਦ, ਪ੍ਰਧਾਨ ਜਮਾਤ ਏ ਇਸਲਾਮੀ ਹਿੰਦ, ਸ੍ਰੀ ਮੁਹੰਮਦ ਅਖਤਰ ਨੁਮਾਇੰਦਾ ਤਬਲੀਗੀ ਜਮਾਤ ਤੋਂ ਇਲਾਵਾ ਸ੍ਰੀ ਮੁਹੰਮਦ ਤਾਰਿਕ, ਪੀ.ਏ. ਟੂ ਮੈਡਮ ਰਜ਼ੀਆ ਸੁਲਤਾਨਾ ਨੇ ਸਿ਼ਰਕਤ ਕੀਤੀ।
ਮੀਟਿੰਗ ਵਿਚ ਐਸ.ਡੀ.ਐਮ. ਮਾਲੇਰਕੋਟਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ।ਇਨ੍ਹਾਂ ਪਾਬੰਦੀਆਂ ਅਨੁਸਾਰ ਕਿਸੇ ਹਰ ਤਰ੍ਹਾਂ ਦੇ ਸਿਆਸੀ, ਧਾਰਮਿਕ ਇਕੱਠਾਂ ਉਪਰ ਮੁਕੰਮਲ ਪਾਬੰਦੀ ਹੈ।ਸ੍ਰੀਮਤੀ ਸਿਮਰਪ੍ਰੀਤ ਕੋਰ ਨੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਈਦ ਉਲ ਫਿਤਰ ਦੀ ਮੁਬਾਰਬਕਬਾਦ ਦਿੰਦਿਆਂ ਅਪੀਲ ਕੀਤੀ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਵਿਚ ਈਦ ਉਲ ਫਿਤਰ ਮੋਕੇ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਨਮਾਜ਼ ਅਦਾ ਕਰਨ ਅਤੇ ਈਦਗਾਹਾਂ ਵਿਚ ਨਾ ਜਾਣ।
ਐਸ.ਡੀ.ਐਮ. ਮਾਲੇਰਕੋਟਲਾ ਦੀ ਅਪੀਲ ਤੇ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨੇ ਭਰੋਸਾ ਦਿਵਾਇਆ ਕਿ ਈਦ ਵਾਲੇ ਦਿਨ ਸ਼ਹਿਰ ਦੀਆਂ ਈਦਗਾਹਾਂ ਨੂੰ ਬੰਦ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਆਪਣੇ ਆਪਣੇ ਘਰਾਂ ਵਿਚ ਰਹਿ ਕੇ ਹੀ ਨਮਾਜ਼ ਅਦਾ ਕਰਨ।ਸ੍ਰੀਮਤੀ ਸਿਮਰਪ੍ਰੀਤ ਕੋਰ ਨੇ ਇਹ ਵੀ ਅਪੀਲ ਕੀਤੀ ਕਿ ਸਮੂਹ ਮੋਲਵੀ ਸਾਹਿਬਾਨ ਆਮ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਹਦਾਇਤਾਂ ਜਿਵੇਂ ਮਾਸਕ ਪਾਉਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਹੱਥਾਂ ਨੂੰ ਵਾਰ ਵਾਰ ਧੋਣ ਅਤੇ ਕਿਸੇ ਵੀ ਥਾਂ ਉਪਰ 10 ਤੋੇ ਵੱਧ ਵਿਅਕਤੀਆਂ ਦੇ ਇਕੱਠੇ ਨਾ ਹੋਣ ਸਬੰਧੀ ਵੀ ਜਾਗਰੂਕ ਕਰਨ।
ਮੀਟਿੰਗ ਵਿਚ ਹਾਜ਼ਰ ਮੁਫਤੀ ਸ੍ਰੀ ਇਰਤਕਾ ਉਲ ਹਸਨ ਨੇ ਦੱਸਿਆ ਕਿ ਇਸ ਸਾਲ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੇਖਦੇ ਹੋਏ ਉਹ ਪਹਿਲਾਂ ਹੀ ਸੋਸ਼ਲ ਮੀਡੀਆ ਅਤੇ ਹੋਰ ਵੱਖ—ਵੱਖ ਸਾਧਨਾਂ ਰਾਹੀਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਇਸ ਸਾਲ ਈਦ ਦੀ ਨਮਾਜ਼ ਆਪਣੇ ਆਪਣੇ ਘਰਾਂ ਵਿਚ ਹੀ ਪੜ੍ਹੀ ਜਾਵੇ।ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿਚ ਸਮੂਹ ਮੋਲਵੀ ਸਾਹਿਬਾਨ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਵੀ ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਸਬੰਧੀ ਜਾਗਰੂਕ ਕਰਨ ਅਤੇ ਅਪੀਲ ਕਰਨ ਕਿ ਸਭ ਲੋਕ ਆਪਣੇ ਆਪਣੇ ਘਰਾਂ ਵਿਚ ਹੀ ਈਦ ਦੀ ਨਮਾਜ਼ ਅਦਾ ਕਰਨ।
ਮੀਟਿੰਗ ਵਿਚ ਹਾਜ਼ਰ ਸ੍ਰੀ ਮੁਹੰਮਦ ਸਲੀਮ, ਪ੍ਰਧਾਨ, ਈਦਗਾਹ ਕਮੇਟੀ ਨੇ ਦੱਸਿਆ ਕਿ ਇਸ ਵਾਰ ਈਦ ਆਪਣੇ ਆਪਣੇ ਘਰਾਂ ਵਿਚ ਮਨਾਉਣ ਸਬੰਧੀ ਉਨ੍ਹਾਂ ਨੇ ਵੱਡੀ ਈਦਗਾਹ ਦੇ ਬਾਹਰ ਵੱਡੇ—ਵੱਡੇ ਪੋਸਟਰ ਚਿਪਕਾ ਦਿੱਤੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ।
ਇਸ ਮੋਕੇ ਸ੍ਰੀਮਤੀ ਸਿਮਰਪ੍ਰੀਤ ਕੋਰ, ਐਸ.ਡੀ.ਐਮ. ਮਾਲੇਰਕੋਟਲਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਜਿਸ ਤਰ੍ਹਾਂ ਸ਼ਹਿਰ ਵਾਸੀਆਂ ਨੇ ਪਿਛਲੇ ਸਮੇਂ ਦੋਰਾਨ ਕੋਰੋਨਾ ਵਾਇਰਸ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ, ਉਸੇ ਤਰ੍ਹਾਂ ਈਦ ਦੇ ਮੁਬਾਰਕ ਦਿਨ ਵੀ ਸ਼ਹਿਰ ਵਾਸੀ ਇਸੇ ਤਰ੍ਹਾਂ ਸਹਿਯੋਗ ਦੇਣ ਤਾਂ ਜੋ ਮਾਲੇਰਕੋਟਲਾ ਸਬ ਡਵੀਜ਼ਨ ਕੋਰੋਨਾ ਮੁਕਤ ਰਹਿ ਸਕੇ।