ਐਡਵਾਂਸਡ ਕੈਂਸਰ ਇੰਸਟੀਚਿਊਟ ਸਬੰਧੀ ਦਿੱਤੀ ਪੰਜਾਬ ਸਰਕਾਰ ਨੇ ਸਫਾਈ
ਅਸ਼ੋਕ ਵਰਮਾ
ਬਠਿੰਡਾ, 11 ਮਈ 2021: ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਨੂੰ ਬੰਦ ਕਰਨ ਦੇ ਮਾਮਲੇ ’ਚ ਵਿਰੋਧੀ ਧਿਰਾਂ ਦੇ ਤਿੱਖੇ ਨਿਸ਼ਾਨਿਆਂ ਤੇ ਆਈ ਪੰਜਾਬ ਸਰਕਾਰ ਨੇ ਅੱਜ ਇਸ ਸੈਂਟਰ ਸਬੰਧੀ ਸਫਾਈ ਦਿੱਤੀ ਹੈ। ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ ਨੇ ਅੱਜ ਬਿਆਨ ਜਾਰੀ ਕਰਕੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜੀ ਨੂੰ ਤੱਥਾਂ ਤੋਂ ਉਲਟ ਕਰਾਰ ਦਿੱਤਾ ਹੈ। ਮੰਤਰੀ ਨੇ ਅੱਜ ਆਪਣੀ ਗੱਲ ਨੂੰ ਪੁਖਤਾ ਬਨਾਉਣ ਲਈ ਕੁੱਝ ਤੱਥ ਵੀ ਜਾਰੀ ਕੀਤੇ ਹਨ। ਉਨ੍ਹਾਂ ਆਖਿਆ ਕਿ ਇਹ ਸੈਂਟਰ ਕੈਂਸਰ ਪੀੜਤਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਇਥੇ ਸਥਾਪਤ ਕੀਤੇ ਕੋਵਿਡ ਕੇਅਰ ਸੈਂਟਰ ਕਾਰਨ ਕੈਂਸਰ ਦੇ ਮਰੀਜਾਂ ਨੂੰ ਇਲਾਜ ਕਰਵਾਉਣ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੋ ਰਹੀ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਕੱੁਝ ਆਗੂ ਕੋਵਿਡ ਕੇਅਰ ਸੈਂਟਰ ਸਬੰਧੀ ਤੱਥਾਂ ਤੋਂ ਉਲਟ ਬਿਆਨਬਾਜੀ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਕੈਂਸਰ ਇੰਸਟੀਚਿਊਟ ਪਹਿਲਾਂ ਦੀ ਤਰਾਂ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਾ ਸਬੂਤ ਇਹ ਹੈ ਕਿ ਇਸ ਕੇਂਦਰ ਵਿੱਚ ਜਨਵਰੀ 2021 ਵਿਚ 315 ਨਵੇਂ ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ ਜਦਕਿ ਫਰਵਰੀ 2021 ਵਿੱਚ 432, ਮਾਰਚ 2021 ਵਿੱਚ 478, ਅਪ੍ਰੈਲ 2021 ਵਿਚ 408 ਅਤੇ 1 ਮਈ 2021 ਤੋਂ 8 ਮਈ 2021 ਤੱਕ 30 ਮਰੀਜ ਆਏ। ਜਦਕਿ ਜਨਵਰੀ 2021 ਵਿਚ 1839 ਪੁਰਾਣੇ ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ, ਫਰਵਰੀ 2021 ਵਿੱਚ 2213, ਮਾਰਚ 2021 ਵਿੱਚ 2239, ਅਪ੍ਰੈਲ 2021 ਵਿਚ 2231 ਅਤੇ 1 ਮਈ 2021 ਤੋਂ 8 ਮਈ 2021 ਤੱਕ 402 ਮਰੀਜ ਆਏ। ਇਸੇ ਤਰ੍ਹਾਂ ਆਈ.ਪੀ.ਡੀ. ਵਿੱਚ ਜਨਵਰੀ 2021 ਵਿਚ 248 ਪੁਰਾਣੇ ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ ਜਦਕਿ ਫਰਵਰੀ 2021 ਵਿੱਚ 253, ਮਾਰਚ 2021 ਵਿੱਚ 304, ਅਪ੍ਰੈਲ 2021 ਵਿਚ 288 ਅਤੇ 1 ਮਈ 2021 ਤੋਂ 8 ਮਈ 2021 ਤੱਕ 71 ਮਰੀਜ ਆਏ ਹਨ।
ਸੋਨੀ ਨੇ ਦੱਸਿਆ ਕਿ ਇਸ ਵੇਲੇ ਕੋਵਿਡ-19 ਮਹਾਂਮਾਰੀ ਦੇ ਮਰੀਜਾਂ ਦੀ ਸੰਖਿਆ ਬਹੁਤ ਜਿਆਦਾ ਵੱਧ ਗਈ ਹੈ ਅਤੇ ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿਚ ਕੋਵਿਡ-19 ਦੀ ਰੋਜਾਨਾ ਪੌਜਟੀਵਿਟੀ 23.48 ਪ੍ਰਤੀਸ਼ਤ ਹੈ। ਇਸ ਲਈ ਕਰੋਨਾ ਦੇ ਮਰੀਜਾਂ ਦੇ ਇਲਾਜ ਲਈ ਲੈਵਲ 2 ਅਤੇ ਲੈਵਲ 3 ਬੈੱਡ ਵਧਾਉਣ ਦੀ ਲੋੜ ਹੈ। ਬਠਿੰਡਾ ਵਿਖੇ ਨਵੇਂ ਬਣੇ ਏਮਜ ਦੀ ਉਸਾਰੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਸਾਰੀਆਂ ਕੋਸਿਸਾਂ ਦੇ ਬਾਵਜੂਦ ਵੀ ਏਮਜ ਬਠਿੰਡਾ ਵਿਖੇ 70-75 ਲੈਵਲ-2 ਬੈੱਡ ਤੋਂ ਜਿਆਦਾ ਉਪਲਬਧ ਨਹੀਂ ਹੋਣਗੇ।ਉਨ੍ਹਾਂ ਕਿਹਾ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ, ਦੇ ਦੋ ਐਂਟਰੀ ਗੇਟ ਹਨ ਅਤੇ ਇਸ ਬਿਲਡਿੰਗ ਨੂੰ 2 ਹਿੱਸਿਆਂ ਵਿੱਚ ਆਰਜੀ ਤੌਰ ਤੇ ਵੰਡ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਮੌਜੂਦਾ ਕੈਂਸਰ ਟਰੀਟਮੈਂਟ, ਓ.ਪੀ.ਡੀ. ਅਤੇ ਸਰਜਰੀ ਆਦਿ ਤੇ ਕੋਈ ਵੀ ਫਰਕ ਨਹੀਂ ਪਵੇਗਾ ਸਗੋਂ ਇਸ ਸੈਂਟਰ ਵਿਖੇ ਜੋ 40-50 ਬੈੱਡ ਖਾਲੀ ਪਏ ਰਹਿੰਦੇ ਸਨ, ਉਨ੍ਹਾਂ ਦੀ ਵਰਤੋਂ ਲੋਕਾਂ ਦੀ ਜਾਨ ਬਚਾਉਣ ਲਈ ਕੀਤੀ ਜਾਵੇਗੀ।
ਸੋਨੀ ਨੇ ਦੱਸਿਆ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਕੀਮੋਥਰੈਪੀ, ਓ.ਪੀ.ਡੀ.ਸੇਵਾਵਾਂ, ਰੇਡੀਓਥਰੈਪੀ ਟਰੀਟਮੈਂਟ ਅਤੇ ਐਮਰਜੈਂਸੀ ਕੈਂਸਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਬੈਰੀਕੇਡਿੰਗ ਲਗਾ ਕੇ ਅਤੇ ਐਂਟਰੀ ਨੂੰ ਵੱਖਰੇ ਕਰਦੇ ਹੋਏ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੈਂਸਰ ਦੇ ਮਰੀਜਾਂ ਨੂੰ ਕੋਈ ਵੀ ਦਿੱਕਤ ਨਾ ਹੋਵੇ। ਉਨ੍ਹ ਕਿਹਾ ਕਿ ਕੈਂਸਰ ਦੇ ਟਰੀਟਮੈਂਟ ਵਿੱਚ ਕੋਈ ਕਮੀ ਨਹੀਂ ਆਉਣੀ ਦਿੱਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਜ ਵਿਚ ਕੈਂਸਰ ਪੀੜਤਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਬਾਬਾ ਫਰੀਦ ਹੈਲਥ ਸਾਇੰਸਜ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਕੀ ਕੈਂਸਰ ਪੀੜਤਾਂ ਨੂੰ ਕੋਈ ਮੁਸਕਲ ਪੇਸ਼ ਨਾ ਆਵੇ।
ਦੱਸਣਯੋਗ ਹੈ ਕਿ ਸਭ ਤੋਂ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਨੂੰ ਬੰਦ ਕਰਨ ਸਬੰਧੀ ਪੰਜਾਬ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਸੀ। ਬੀਬੀ ਬਾਦਲ ਨੇ ਆਖਿਆ ਸੀ ਕਿ ਮਾਲਵਾ ਪੱਟੀ ਕੈਂਸਰ ਤੋਂ ਪੀੜਤ ਇਲਾਕਾ ਹੈ ਜਿੱਥੋਂ ਦੇ ਮਰੀਜਾਂ ਲਈ ਇਹ ਸੈਂਟਰ ਵਰਦਾਨ ਹੈ। ਉਨ੍ਹਾਂ ਆਖਿਆ ਸੀ ਕਿ ਪੰਜਾਬ ਸਰਕਾਰ ਨੇ ਇਹ ਸੈਂਟਰ ਬੰਦ ਕਰ ਦਿੱਤਾ ਹੈ ਅਤੇ ਕੋਵਿਡ ਕੇਅਰ ਸੈਂਟਰ ਬਣਾਇਆ ਹੈ ਜਿਸ ਨਾਲ ਕੈਂਸਰ ਪੀੜਤਾਂ ਦੀਆਂ ਮੁਸ਼ਕਲਾਂ ਵਧਣਗੀਆਂ। ਇਸੇ ਤਰਾਂ ਹੀ ਆਮ ਆਦਮੀ ਪਾਰਟੀ ਨੇ ਵੀ ਕੈਂਸਰ ਇੰਸਟੀਚਿਊਟ ਬੰਦ ਕਰਨ ਨੂੰ ਲੈਕੇ ਪੰਜਾਬ ਸਰਕਾਰ ਖਿਲਾਫ ਤਿੱਖੇ ਨਿਸ਼ਾਨੇ ਲਾਏ ਸਨ। ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਆਪ ਆਗੂਆਂ ਨੇ ਕੈਂਸਰ ਪੀੜਤ ਲੋਕਾਂ ਦੇ ਦੁੱਖਾਂ ਨੂੰ ਦੇਖਦਿਆਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦੀ ਮੰਗ ਕੀਤੀ ਸੀ।