ਚੀਫ ਜੂਡੀਸ਼ੀਅਲ ਮੈਂਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਵਿਖੇ ਕੋਰਟ ਕੈਂਪ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ ਕਪੂਰਥਲਾ,11 ਮਈ 2021 - ਜਿਲ੍ਹਾ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਅਮਰਿੰਦਰ ਸਿੰਘ ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੀਫ ਜੂਡੀਸ਼ੀਅਲ ਮੈਂਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮਹੇਸ਼ ਕੁਮਾਰ ਵੱਲੋਂ ਅੱਜ ਕੇਂਦਰੀ ਜੇਲ ਕਪੂਰਥਲਾ ਵਿਖੇ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ।
ਉਨ੍ਹਾਂ ਨੇ ਜੇਲ੍ਹ ਵਿੱਚ ਕੈਂਪ ਕੋਰਟ ਦੌਰਾਨ 6 ਕੇਸਾਂ ਦਾ ਮੋਕੇ ਤੇ ਹੀ ਨਿਪਟਾਰਾ ਕੀਤਾ ਅਤੇ ਅੰਡਰ ਟਰਾਇਲ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ।
ਉਨਾਂ ਦੱਸਿਆ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਬਗੈਰ ਕਿਸੇ ਆਮਦਨ ਦੀ ਹੱਦ ਤੋਂ ਉਪ-ਮੰਡਲ ਦੀਆਂ ਕਚਿਹਰੀਆਂ ਤੋਂ ਲੈ ਕੇ ਮਾਣਯੋਗ ਸੁਪਰੀਮ ਕੋਰਟ ਤੱਕ ਕੇਸਾਂ ਅਤੇ ਅਪੀਲਾਂ ਦੀ ਪੈਰਵਾਈ ਕਰਨ ਲਈ ਮੁਫਤ ਵਕੀਲ ਦੀਆਂ ਸੇਵਾਵਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਕੇਸਾਂ ਅਤੇ ਅਪੀਲਾਂ ਉਤੇ ਆਉਣ ਵਾਲੇ ਫੁੱਟਕਲ ਖਰਚਿਆਂ ਦੀ ਅਦਾਇਗੀ ਵੀ ਵਿਭਾਗ ਵੱਲੋਂ ਕੀਤੀ ਜਾਂਦੀ ਹੈ।
ਉਨਾਂ ਵਲੋਂ ਜੇਲ ਦੌਰੇ ਦੌਰਾਨ ਜੇਲ੍ਹ ਵਿੱਚ ਬਣੇ ਲੀਗਲ ਏਡ ਕਲੀਨਿਕ ਦਾ ਵੀ ਦੌਰਾ ਕੀਤਾ ਗਿਆ ਅਤੇ ਕੈਦੀਆਂ/ਹਵਾਲਾਤੀਆਂ ਨੂੰ ਦਿੱਤੀ ਜਾਂਦੀ ਮੁਫਤ ਕਾਨੂੰਨੀ ਸਹਾਇਤਾ ਦਾ ਰਿਕਾਰਡ ਬਰੀਕੀ ਨਾਲ ਵਾਚਿਆ ਗਿਆ। ਇਸ ਦੌਰਾਨ ਜ਼ੇਲ੍ਹ ਵਿੱਚ ਡਿਊਟੀ ਦੇ ਰਹੇ ਪੈਰਾ ਲੀਗਲ ਵਲੰਟੀਅਰਸ/ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਕਿ ਲੀਗਲ ਏਡ ਕਲੀਨਿਕ ਵਿੱਚ ਜਿਸ ਵੀ ਕੈਦੀ/ਹਵਾਲਾਤੀ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ, ਕਲੀਨਿਕ ਵਿੱਚ ਉਸ ਦੀ ਵੱਖਰੀ ਫਾਇਲ ਮੇਨਟੇਨ ਕੀਤੀ ਜਾਵੇ ਤਾਂ ਜ਼ੋ ਬਰੀਕੀ ਨਾਲ ਬਿਨ੍ਹਾਂ ਕਿਸੇ ਦੇਰੀ ਤੋਂ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ ਅਤੇ ਕਵਿਡ-19 ਸੰਬੰਧੀ ਸਮੇਂ-ਸਮੇਂ ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ।
ਉਨਾਂ ਕਿਹਾ ਕਿ ਮਿਤੀ 10-7-2021 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਰਾਜੀਨਾਮੇਯੋਗ ਕੇਸਾਂ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਨਾਲ ਹੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਸੱਮਸਿਆ ਲਈ ਟੋਲ ਵੀ ਨੰਬਰ 1968 ਤੇ ਸੰਪਰਕ ਕੀਤਾ ਜਾਵੇ।
ਇਸ ਮੌਕੇ ਸ੍ਰੀ ਬਲਜੀਤ ਸਿੰਘ ਘੁੰਮਣ ਸੁਪਰਡੈਂਟ, ਸ਼੍ਰੀ ਨਰਪਿੰਦਰ ਸਿੰਘ ਡਿਪਟੀ ਜ਼ੇਲ੍ਹ ਸੁਪਰਡੈਂਟ ਤੋਂ ਇਲਾਵਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਅਤੇ ਕੇਂਦਰੀ ਜ਼ੇਲ੍ਹ ਦੇ ਸਟਾਫ ਮੈਂਬਰਾਨ ਅਤੇ ਪੈਰਾ ਲੀਗਲ ਵਲੰਟੀਅਰ ਹਾਜਰ ਸਨ।