ਹੁਸ਼ਿਆਰਪੁਰ: ਡੀ ਸੀ ਵਲੋਂ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਨੂੰ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੀ ਛੋਟ ਦੇ ਹੁਕਮ
- 18-44 ਸਾਲ ਦੀ ਉਮਰ ਵਰਗ ਦੇ ਉਸਾਰੀ ਕਾਮਿਆਂ ਦੇ ਪਹਿਲੇ ਦਿਨ ਸੂਬੇ ’ਚ ਮੋਹਰੀ ਰਿਹਾ ਜ਼ਿਲ੍ਹਾ ਹੁਸ਼ਿਆਰਪੁਰ : ਅਪਨੀਤ ਰਿਆਤ
- ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਕੀਤੀ ਅਪੀਲ
- ਜ਼ਿਲ੍ਹੇ ’ਚ ਹੁਣ ਤੱਕ 314107 ਲੋਕਾਂ ਦਾ ਹੋਇਆ ਕੋਵਿਡ ਟੀਕਾਕਰਣ
ਹੁਸ਼ਿਆਰਪੁਰ, 11 ਮਈ 2021 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜਾਰੀ ਪਾਬੰਦੀਆਂ ਅਤੇ ਛੋਟ ਦੇ ਆਦੇਸ਼ਾਂ ਵਿੱਚ ਲੜੀਵਾਰ ਜ਼ਿਲ੍ਹੇ ਦੇ ਸਾਰੇ ਫਲਾਂ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਨੂੰ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਾਕੀ ਪਾਬੰਦੀਆਂ ਅਤੇ ਛੋਟ ਪਹਿਲਾ ਜਾਰੀ ਹੁਕਮਾਂ ਤਹਿਤ ਰਹੇਗੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 18-44 ਸਾਲ ਉਮਰ ਵਰਗ ਤਹਿਤ ਉਸਾਰੀ ਕਾਮਿਆਂ ਦੇ ਟੀਕਾਕਰਣ ਨੂੰ ਬਹੁਤ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 10 ਮਈ ਨੂੰ ਸੂਬੇ ਵਿੱਚ ਉਸਾਰੀ ਕਾਮਿਆਂ ਦੀ ਟੀਕਾਕਰਣ ਦੀ ਸ਼ੁਰੂਆਤ ਹੋਈ ਅਤੇ ਪਹਿਲੇ ਦਿਨ ਹੁਸ਼ਿਆਰਪੁਰ ਜ਼ਿਲ੍ਹਾ ਸੂਬੇ ਵਿੱਚ ਪਹਿਲੇ ਸਥਾਨ ’ਤੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਉਪਲਬਧੀ ਦਾ ਸਿਹਰਾ ਸਿਹਤ ਵਿਭਾਗ ਦੇ ਮਿਹਨਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ 172 ਉਸਾਰੀ ਕਾਮਿਆਂ ਦਾ ਟੀਕਾਕਰਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 314107 ਲੋਕਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਜਿਸ ਵਿੱਚ 9047 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 4677 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਇਸ ਤਰ੍ਹਾਂ 32960 ਫਰੰਟ ਲਾਈਨ ਵਰਕਰਾਂ ਨੂੰ ਪਹਿਲੀ ਅਤੇ 8140 ਨੂੰ ਦੂਜੀ ਡੋਜ਼ ਲਗਾਉਣ ਦੇ ਨਾਲ-ਨਾਲ 45 ਤੋਂ 59 ਸਾਲ ਉਮਰ ਦੇ 144551 ਲਾਭਪਾਤਰੀਆਂ ਨੂੰ ਪਹਿਲੀ ਅਤੇ 21364 ਨੂੰ ਦੂਜੀ ਡੋਜ਼ ਲੱਗ ਚੁੱਕੀ ਹੈ। 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੂੰ 73822 ਨੂੰ ਪਹਿਲੀ ਅਤੇ 19546 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ।
ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਗੰਭਲਰਤਾ ਨਾਲ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਮਾਸਕ ਪਾਉਣ, ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਦੇ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਿਨ ਰਾਤ ਇਕ ਕਰਕੇ ਲੋਕਾਂ ਨੂੰ ਸਿਹਤ ਸੁਰੱਖਿਆ ਯਕੀਨੀ ਬਣਾਉਣ ਵਿੱਚ ਡੱਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦਾ ਖਾਤਮਾ ਲੋਕਾਂ ਦੇ ਸਹਿਯੋਗ ਨਾਲ ਹੀ ਹੋਵੇਗਾ, ਇਸ ਲਈ ਸਾਰੇ ਕੋਵਿਡ ਫੈਲਾਅ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ।