ਅਮਰੀਕਾ: ਓਰੇਗਨ ਵਿੱਚ 74 ਲੋਕਾਂ ਦੇ ਵਾਇਰਸ ਦੀ ਲਾਗ ਤੋਂ ਬਾਅਦ ਵੀ ਚਰਚ ਦੀਆਂ ਸੇਵਾਵਾਂ ਜਾਰੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 11 ਮਈ 2021 - ਓਰੇਗਨ ਦੀ ਇੱਕ ਚਰਚ ਵੱਲੋਂ 74 ਵਿਅਕਤੀਆਂ ਦੇ ਵਾਇਰਸ ਪੀੜਤ ਹੋਣ ਦੇ ਬਾਅਦ ਵੀ ਚਰਚ ਦੀਆਂ ਨਿੱਜੀ ਸੇਵਾਵਾਂ ਜਾਰੀ ਰੱਖੀਆਂ ਜਾ ਰਹੀਆਂ ਹਨ । ਇਸ ਸੰਬੰਧੀ ਰਿਪੋਰਟਾਂ ਅਨੁਸਾਰ ਸਲੇਮ ਦੀ ਪੀਪਲਜ਼ ਚਰਚ ਵਿਖੇ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ, ਓਰੇਗਨ ਹੈਲਥ ਅਥਾਰਟੀ ਨੇ ਇਸਦੀ ਜਾਂਚ ਸ਼ੁਰੂ ਕੀਤੀ ਹੈ। ਇਹ ਚਰਚ ਅਕਸਰ ਆਪਣੇ ਫੇਸਬੁੱਕ ਪੇਜ 'ਤੇ ਵੀਡੀਓ ਪੋਸਟ ਕਰਦਾ ਹੈ ਅਤੇ ਅਪ੍ਰੈਲ ਵਿੱਚ, ਇਸਦੇ ਪਾਸਟਰ ਟੌਮ ਮਰੇ ਨੇ ਇੱਕ ਵੀਡੀਓ ਵਿੱਚ ਕਿਹਾ ਸੀ ਕਿ ਪੂਰੇ ਅਮਰੀਕਾ ਵਿੱਚ ਸਕਾਰਾਤਮਕ ਟੈਸਟਾਂ, ਹਸਪਤਾਲ ਵਿੱਚ ਦਾਖਲ ਹੋਣਾ ਅਤੇ ਇੰਟੈਂਸਿਵ ਕੇਅਰ ਯੂਨਿਟ ਦੇ ਮਰੀਜ਼ਾਂ ਵਿੱਚ ਵਾਧਾ ਹੋਣ ਦੇ ਨਾਲ ਚਰਚ ਦੇ ਪਰਿਵਾਰ ਵਿੱਚ ਵੀ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਚਰਚ ਖੁੱਲ੍ਹਾ ਹੈ, ਪਰ ਜਿਹੜੇ ਲੋਕ ਬਿਮਾਰ ਹਨ ਉਨ੍ਹਾਂ ਨੂੰ ਘਰ ਰਹਿਣਾ ਚਾਹੀਦਾ ਹੈ।
ਇਕ ਹੋਰ ਫੇਸਬੁੱਕ ਪੋਸਟ ਦੇ ਅਨੁਸਾਰ, ਲੀਡ ਪਾਸਟਰ ਸਕਾਟ ਇਰਿਕਸਨ ਅਤੇ ਉਸਦੀ ਪਤਨੀ ਬੋਨੀ ਵੀ ਪਿਛਲੇ ਮਹੀਨੇ ਕੋਵਿਡ-19 ਦੇ ਨਾਲ ਹਸਪਤਾਲ ਵਿੱਚ ਦਾਖਲ ਹੋਏ ਸਨ। ਇਹ ਪੀਪਲਜ਼ ਚਰਚ ਪਹਿਲਾਂ ਕੋਵਿਡ -19 ਪਾਬੰਦੀਆਂ ਵਿਰੁੱਧ ਲੜਨ ਲਈ ਮੁਕੱਦਮੇ ਵਿੱਚ ਵੀ ਸ਼ਾਮਿਲ ਹੋਇਆ ਸੀ। ਮਈ 2020 ਵਿੱਚ, ਇੱਕ ਕਾਨੂੰਨੀ ਸੰਗਠਨ, ਪੈਸੀਫਿਕ ਜਸਟਿਸ ਇੰਸਟੀਚਿਊਟ ਨੇ ਓਰੇਗਨ ਵਿੱਚ 21 ਚਰਚਾਂ ਅਤੇ ਵਿਅਕਤੀਆਂ ਲਈ ਮੁਕੱਦਮਾ ਦਾਇਰ ਕੀਤਾ ਸੀ।
ਇਸ ਚਰਚ ਦੁਆਰਾ ਮਦਰਸ ਡੇਅ, ਐਤਵਾਰ, 9 ਮਈ ਨੂੰ ਤਿੰਨ ਸੇਵਾਵਾਂ ਲਈ ਨਿਰਧਾਰਤ ਕੀਤਾ ਗਿਆ ਸੀ ਅਤੇ ਸੇਵਾਵਾਂ ਵਾਲੀਆਂ ਫੇਸਬੁੱਕ ਫੋਟੋਆਂ ਵਿੱਚ ਵੀ ਚਰਚ 'ਚ ਕੋਈ ਮਾਸਕ ਅਤੇ ਸਮਾਜਿਕ ਦੂਰੀ ਨਹੀਂ ਸੀ। ਰਾਜ ਦੀ ਸਿਹਤ ਅਥਾਰਟੀ ਦੇ ਅਨੁਸਾਰ ਓਰੇਗਨ ਵਿੱਚ ਕੁੱਲ 189,986 ਕੇਸ 2,522 ਮੌਤਾਂ ਹੋਈਆਂ ਹਨ। ਮੈਰੀਅਨ ਕਾਉਂਟੀ, ਜਿੱਥੇ ਪੀਪਲਜ਼ ਚਰਚ ਸਥਿਤ ਹੈ, ਨੂੰ ਪਿਛਲੇ ਕਈ ਮਹੀਨਿਆਂ ਤੋਂ ਵਾਇਰਸ ਦੇ ਸੰਚਾਰ ਲਈ ਜੋਖਮ ਵਾਲਾ ਸਥਾਨ ਮੰਨਿਆ ਗਿਆ ਹੈ।