ਫ਼ਰੀਦਕੋਟ: ਕੋਰੋਨਾ ਨਾਲ ਜਾਨ ਗਵਾ ਚੁੱਕੇ ਜਾਂ ਇਲਾਜ ਅਧੀਨ ਮਾਪਿਆਂ ਦੇ ਬੱਚਿਆਂ ਦੀ ਸਹਾਇਤਾ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਾਰਜ਼ਸੀਲ - ਡੀ ਸੀ
ਪਰਵਿੰਦਰ ਸਿੰਘ ਕੰਧਾਰੀ
- ਜ਼ਿਲ੍ਹਾ ਬਾਲ ਸੁਰਖਿੱਆ ਯੂਨਿਟ ਨਿਭਾਏਗਾ ਅਹਿਮ ਭੂਮਿਕਾ
- ਚਾਈਲਡ ਹੈਲਪਲਾਈਨ 1098 ਤੇ ਕੀਤਾ ਜਾ ਸਕਦਾ ਹੈ ਸੰਪਰਕ
ਫਰੀਦਕੋਟ, 12 ਮਈ 2021 - ਕਰੋਨਾ ਮਹਾਮਾਰੀ ਦੇ ਦੂਜੇ ਗੇੜ 'ਚ ਮੌਤਾਂ ਦੀ ਵਧ ਰਹੀ ਗਿਣਤੀ ਦੌਰਾਨ ਸਰਕਾਰ ਨੇ ਕੋਰੋਨਾ ਕਾਰਨ ਮਰ ਚੁੱਕੇ ਜਾਂ ਹਸਪਤਾਲਾਂ 'ਚ ਦਾਖਲ ਮਾਪਿਆਂ ਦੇ ਬੱਚਿਆਂ ਨੂੰ ਸੰਭਾਲਣ ਦੇ ਆਦੇਸ਼ ਜਾਰੀ ਕੀਤੇ ਹਨ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਨੇ ਇਸ ਕੰਮ ਦੀ ਜਿੰਮੇਵਾਰੀ ਹਰ ਸੂਬੇ ਅੰਦਰ ਜ਼ਿਲ੍ਹਾ ਪੱਧਰ 'ਤੇ ਤੈਨਾਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਬਾਲ ਭਲਾਈ ਕਮੇਟੀ ਨੂੰ ਦਿੱਤੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦਿੱਤੀ।
ਸੇਤੀਆ ਨੇ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ-ਦੁਆਲੇ/ਆਂਢ-ਗੁਆਂਢ ਵਿਚ ਕਿਸੇ ਬੱਚੇ ਨੂੰ ਜਿਨ੍ਹਾ ਦੇ ਮਾਪਿਆਂ ਦੀ ਕੋਵਿਡ-19 ਦੇ ਕਾਰਨ ਮੌਤ ਹੋ ਗਈ ਹੈ ਜਾਂ ਹਸਪਤਾਲ ਵਿਚ ਇਲਾਜ ਦੇ ਕਾਰਨ ਬੱਚੇ ਦੀ ਸਾਂਭ-ਸੰਭਾਲ ਕਰਨ ਤੋਂ ਅਸਮਰਥ ਹਨ ਤਾਂ ਚੇਅਰਮੈਨ ਬਾਲ ਭਲਾਈ ਕਮੇਟੀ, ਫਰੀਦਕੋਟ, ਜਿਲ੍ਹਾ ਬਾਲ ਸੁਰੱਖਿਆ ਅਫਸਰ, ਫਰੀਦਕੋਟ ਅਤੇ ਚਾਈਲਡ ਹੈਲਪਲਾਈਨ 1098 ਤੇ ਸੰਪਰਕ ਕਰੋ ਤਾਂ ਜੋ ਬੱਚੇ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਕੀਤੀ ਜਾ ਸਕੇ। ਇਸੇ ਦੇ ਚਲਦਿਆਂ ਹੀ ਜਿਲ੍ਹਾ ਫਰੀਦਕੋਟ ਵਿਚ ਚਾਈਲਡ ਕੇਅਰ ਇੰਸਟੀਚਿਊਟ ਸ਼੍ਰੀ ਰਾਧਾ ਕ੍ਰਿਸ਼ਨ ਧਾਮ ਸਮਿਤੀ (ਸ਼ਪੈਸ਼ਲ ਅਡਾਪਸ਼ਨ ਏਜੰਸੀ) ਨੂੰ ਅਧਿਕਾਰਤ ਕੀਤਾ ਗਿਆ ਹੈ। ਜਿੱਥੇ ਅਜਿਹੇ ਬੱਚਿਆਂ ਨੂੰ ਰੱਖਿਆ ਜਾਵੇਗਾ।
ਇਸ ਤੋਂ ਇਲਾਵਾ ਜਿਲ੍ਹੇ ਵਿਚ ਸਾਰੇ ਹਸਪਤਾਲਾਂ ਅਤੇ ਜਿੱਥੇ ਵੀ ਕੋਵਿਡ ਨਾਲ ਸਬੰਧਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ਥਾਵਾਂ ਅਤੇ ਜਿਲ੍ਹੇ ਵਿਚ ਹੋਰ ਮਹੱਤਵਪੂਰਨ ਥਾਵਾਂ ਤੇ ਬਾਲ ਭਲਾਈ ਕਮੇਟੀ ਦੇ ਮੈਂਬਰਾਂ , ਚਾਈਲਡ ਕੇਅਰ ਇੰਸਟੀਚਿਊਟ ਅਤੇ ਚਾਈਲਡ ਹੈਲਪਲਾਈਨ ਨੰ. 1098 ਡਿਸਪਲੇ ਕਰਵਾਏ ਜਾ ਰਹੇ ਹਨ।