ਆਪ ਵੱਲੋਂ ਸਕੂਲ ਵੈਨ ਡਰਾਈਵਰਾਂ ਅਤੇ ਟਰੱਕ ਅਪਰੇਟਰਾਂ ਦੀ ਮਦਦ ਕਰਨ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,12 ਮਈ 2021 - ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ ਦੇ ਸੀਨੀਅਰ ਆਗੂ ਅੰਮ੍ਰਿਤ ਲਾਲ ਅਗਰਵਾਲ ਨੇ ਪੰਜਾਬ ਸਰਕਾਰ ਤੋਂ ਸਕੂਲ ਵੈਨਾਂ ਦੇ ਡਰਾਈਵਰਾਂ ਅਤੇ ਟਰੱਕ ਆਪਰੇਟਰਾਂ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਕਰੋਨਾਂ ਮਹਾਂਮਾਰੀ ਕਾਰਨ ਉਨ੍ਹਾਂ ਦਾ ਕੰਮ ਬਿਲਕੁਲ ਠੱਪ ਹੈ ਅਤੇ ਆਮਦਨ ਦੇ ਸਾਰੇ ਵਸੀਲੇ ਖ਼ਤਮ ਹੋ ਗਏ ਹਨ ਜਿਸ ਕਰਕੇ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਆਖਿਆ ਕਿ ਇਸ ਮੁਸ਼ਕਲ ਦੀ ਘੜੀ ਵਿਚ ਨਾ ਤਾਂ ਕੇਂਦਰ ਸਰਕਾਰ ਅਤੇ ਨਾ ਹੀ ਕੈਪਟਨ ਸਰਕਾਰ ਨੇ ਉਨ੍ਹਾਂ ਦੀ ਬਾਂਹ ਫੜ੍ਹੀ ਹੈ।
ਉਹ ਤਾਂ ਗੱਡੀਆਂ ਦੀਆਂ ਕਿਸ਼ਤਾਂ ਵੀ ਆਪਣੇ ਰਿਸ਼ਤੇਦਾਰਾਂ, ਦੋਸਤਾਂ ਕੋਲੋਂ ਉਧਾਰ ਲੈਕੇ ਅਦਾ ਕਰ ਰਹੇ ਹਨ ਤੇ ਕਰਜੇ ਦੀਆਂ ਕਿਸ਼ਤਾਂ ਮੋੜਨ ਵਿਚ ਬਹੁਤ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਜੇਕਰ ਉਨ੍ਹਾਂ ਦਾ ਮਾੜਾ ਮੋਟਾ ਕੰਮ ਚੱਲਿਆ ਸੀ ਤਾਂ ਕੋਰੋਨਾ ਦੀ ਦੂਜੀ ਲਹਿਰ ਆਉਣ ਨਾਲ ਸਕੂਲ ਫਿਰ ਬੰਤਦ ਬੰਦ ਹੋ ਗਏ ਜਿਸ ਕਰਕੇੇ ਸਕੂਲ ਵੈਨਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ।
ਆਪ ਆਗੂ ਅਗਰਵਾਲ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਕਿ ਸਕੂਲ ਵੈਨਾਂ ਵਾਲਿਆਂ ਤੇ ਟਰੱਕ ਅਪਰੇਟਰਾਂ ਨੂੰ ਕਰਜੇ ਦੇ ਵਿਆਜ ਦੀਆਂ ਕਿਸ਼ਤਾਂ ਮੁਆਫ ਕੀਤੀਆਂ ਜਾਣ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ਤੇ ਟਰੱਕ ਡਰਾਇਵਰਾਂ ਅਤੇ ਵੈਨ ਡਰਾਈਵਰਾਂ ਦੇ ਖਾਤੇ ਵਿਚ ਹਰ ਮਹੀਨੇ ਪੰਜ ਪੰਜ ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਆਪਣਾ ਪਰਿਵਾਰ ਪਾਲ ਸਕਣ।