ਸਪੋਰਟਕਿੰਗ ਵੱਲੋਂ ਪ੍ਰਸ਼ਾਸਨ ਨੂੰ ਕੋਰੋਨਾ ਸਬੰਧੀ ਸਮੱਗਰੀ ਭੇਂਟ
ਅਸ਼ੋਕ ਵਰਮਾ
ਬਠਿੰਡਾ,12 ਮਈ2021: ਬਠਿੰਡਾ ਜ਼ਿਲ੍ਹੇ ਵਿੱਚ ਕੋਰੋਨਾ ਦੀ ਰੋਕਥਾਮ ਸੰਬੰਧੀ ਕੀਤੇ ਜਾ ਰਹੇ ਯਤਨਾਂ ਵਿੱਚ ਹੋਰ ਯੋਗਦਾਨ ਪਾਉਂਦਿਆਂ ਸਪੋਰਟਕਿੰਗ ਇੰਡੀਆ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਅਵਸਥੀ ਅਤੇ ਮੈਡਮ ਅੰਜਲੀ ਅਵਸਥੀ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਨੂੰ ਰਾਹਤ ਸਮੱਗਰੀ ਭੇਜੀ ਗਈ ਹੈ। ਇਹ ਸਾਮਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਭੇਂਟ ਕਰਨ ਲਈ ਸਪੋਰਟਕਿੰਗ ਇੰਡੀਆ ਲਿਮਟਿਡ ਦੇ ਜੀਦਾ ਸਥਿਤ ਯੂਨਿਟ ਦੇ ਪਰਧਾਨ ਸ਼ਿਵ ਕੁਮਾਰ ਸ਼ਰਮਾ, ਕੰਪਨੀ ਦੇ ਜਰਨਲ ਮੈਨੇਜਰ ਐਚ ਆਰ ਤੇ ਐਡਮਨ ਰਜਿੰਦਰਪਾਲ ਅਤੇ ਲੇਬਰ ਵੈਲਫੇਅਰ ਅਫਸਰ ਜਤਿੰਦਰ ਸਾਕਿਆ ਪਹੁੰਚੇ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਹ ਸਾਮਾਨ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਪ੍ਰਾਪਤ ਕੀਤਾ।
ਉਹਨਾਂ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਦੀ ਰੋਕਥਾਮ ਵਿੱਚ ਸਪੋਰਟਕਿੰਗ ਇੰਡੀਆ ਲਿਮਟਿਡ ਦਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਅੱਜ ਕੰਪਨੀ ਵੱਲੋਂ ਕੋਵਿਡ ਮਰੀਜਾਂ ਲਈ 5000 ਖਾਣੇ ਵਾਲੀਆਂ ਪਲੇਟਾਂ ਅਤੇ 2 ਬਾਕਸ ਸੈਨੀਟਾਈਜਰ ਰੈਡ ਕਰਾਸ ਸੁਸਾਇਟੀ ਹਵਾਲੇ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵੱਖ ਵੱਖ ਸਮਿਆਂ ਤੇ ਮਾਸਕ, ਸੈਨੀਟਾਈਜਰ ਅਤੇ ਪੀਪੀਈ ਕਿੱਟਾਂ ਦੀ ਮੱਦਦ ਕੀਤੀ ਜਾਂਦੀ ਰਹੀ ਹੈ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਅਤੇ ਸੀਨੀਅਰ ਸਹਾਇਕ ਵਿਦਿਆ ਸਾਗਰ ਵੀ ਹਾਜਰ ਸਨ।