ਫਲ ਤੇ ਸਬਜ਼ੀਆਂ ਰੇਟ ਲਿਸਟ ਲਗਵਾ ਕੇ ਵੇਚਣੀਆਂ ਬਣਾਈਆਂ ਜਾਣ ਯਕੀਨੀ-ਜੌਹਲ
ਅਸ਼ੋਕ ਵਰਮਾ
- ਨਿਰਧਾਰਤ ਰੇਟਾਂ ਤੋਂ ਵੱਧ ਰੇਟਾਂ ਤੇ ਵੇਚਣ ਖਿਲਾਫ ਹੋਵੇਗੀ ਕਾਰਵਾਈ
ਬਠਿੰਡਾ 12 ਮਈ 2021 - ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਿੱਤ ਮੰਤਰੀ ਪੰਜਾਬ ਸ.ਮਨਪ੍ਰੀਤ ਸਿੰਘ ਬਾਦਲ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵੱਲੋਂ ਬਠਿੰਡਾ ਸ਼ਹਿਰ ਵਾਸੀਆਂ ਨੂੰ ਫਲ ਅਤੇ ਸਬਜ਼ੀਆਂ ਨਿਰਧਾਰਤ ਰੇਟਾਂ ਤੇ ਮੁਹੱਈਆ ਕਰਾਉਣ ਦੇ ਲਈ ਜ਼ਿਲ੍ਹਾ ਮੰਡੀ ਅਫਸਰ , ਫਲ ਤੇ ਸਬਜ਼ੀ ਵਿਕਰੇਤਾਵਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਸ਼ਹਿਰ ਅੰਦਰ ਕੋਈ ਵੀ ਰਿਟੇਲ ਫਲ ਤੇ ਸਬਜ਼ੀ ਵਿਕਰੇਤਾ ਬਿਨਾਂ ਰੇਟ ਲਿਸਟ ਲਗਾਏ ਕੋਈ ਵੀ ਵਸਤ ਨਾ ਵੇਚੇ।
ਇਸ ਦੌਰਾਨ ਸ੍ਰੀ ਜੌਹਲ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਕਿਹਾ ਕਿ ਕੋਰੋਨਾ ਮਹਾਂਮਾਰੀ ਨਾਲ ਟਾਕਰਾ ਕਰ ਰਹੇ ਸ਼ਹਿਰ ਵਾਸੀਆਂ ਲਈ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਰਿਟੇਲ ਵਿਕਰੇਤਾ ਨਿਰਧਾਰਿਤ ਕੀਤੇ ਗਏ ਰੇਟਾਂ ਤੋਂ ਵੱਧ ਰੇਟਾਂ ਤੇ ਸਬਜ਼ੀਆਂ ਤੇ ਫਲ ਨਾ ਵੇਚੇ।
ਉਨ੍ਹਾਂ ਇਹ ਵੀ ਕਿਹਾ ਕਿ ਰੋਜ਼ਾਨਾ ਰਿਟੇਲ ਵਿਚ ਦੁਕਾਨਾ ਤੋਂ ਇਲਾਵਾ ਰੇਹੜੀ, ਟਰੈਕਟਰ ਆਦਿ ਵਹੀਕਲਾਂ ਤੇ ਵੇਚੇ ਜਾਣ ਵਾਲੇ ਫਲ ਜਾਂ ਸਬਜ਼ੀਆਂ ਦੇ ਰੇਟ ਨਿਰਧਾਰਤ ਕੀਤੇ ਜਾਣ ਅਤੇ ਇਨ੍ਹਾਂ ਦੀ ਲਿਸਟ ਲਗਵਾਈ ਜਾਣੀ ਯਕੀਨੀ ਬਣਾਈ ਜਾਵੇ ਅਤੇ ਜੇਕਰ ਕੋਈ ਫ਼ਲ ਜਾਂ ਸਬਜ਼ੀ ਵਿਕਰੇਤਾ ਨਿਰਧਾਰਤ ਰੇਟਾਂ ਤੋਂ ਵਧੇਰੇ ਰੇਟਾਂ ਤੇ ਫਲ ਜਾਂ ਸਬਜ਼ੀਆਂ ਵੇਚਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਪ੍ਰੀਤ ਕੰਵਰ ਸਿੰਘ ਬਰਾੜ ਤੋਂ ਇਲਾਵਾ ਪ੍ਰਧਾਨ ਆਡ਼੍ਹਤੀਆ ਐਸੋਸੀਏਸ਼ਨ ਫਲ ਤੇ ਸਬਜ਼ੀ ਵਿਕਰੇਤਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।