ਨਾਰਾਜ਼ ਕਾਂਗਰਸੀਆਂ ਨੂੰ ਸਾਬਕਾ ਵਜ਼ੀਰ ਦੀ ਅਪੀਲ -ਆਪਣੇ ਮੱਤਭੇਦ ਬਾਹਰ ਨਾ ਉਛਾਲੋ-ਮਹਾਂਮਾਰੀ ਦੌਰਾਨ ਸਰਕਾਰ ਤੇ ਪਾਰਟੀ ਨਾਲ ਖੜ੍ਹੋ
- ਸਾਬਕਾ ਮੰਤਰੀ ਕੰਗ ਵਲੋਂ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਅਪੀਲ
ਚੰਡੀਗੜ੍ਹ, 13 ਮਈ 2021 - ਸਾਬਕਾ ਮੰਤਰੀ ਪੰਜਾਬ ਅਤੇ ਹਲਕਾ ਖਰੜ ਤੋਂ ਕਾਂਗਰਸ ਪਾਰਟੀ ਦੇ ਮੁੱਖ ਸੇਵਾਦਾਰ ਜਗਮੋਹਨ ਸਿੰਘ ਕੰਗ, ਨੇ ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਕਾਂਗਰਸੀ ਵਰਕਰਾਂ/ਲੀਡਰਾਂ ਨੂੰ ਨਿਮਰਤਾ ਸਹਿਤ ਅਪੀਲ ਕੀਤੀ, ਕਿ ਉਹ ਅਜੋਕੇ ਸਮੇਂ ਵਿੱਚ ਜਦੋਂ ਕਿ ਪੰਜਾਬ ਸਰਕਾਰ ਕੋਵਿਡ ਕੇਸਾਂ ਵਿੱਚ ਰਿਕਾਰਡ ਤੋੜ ਵਾਧੇ ਕਾਰਨ ਕਰੋਨਾ ਮਾਹਾਮਾਰੀ ਦੇ ਨਿਵੇਕੇਲੇ ਹਾਲਾਤਾਂ ਨਾਂਲ ਜੂਝਣ ਤੋਂ ਇਲਾਵਾ ਹੋਰ ਵੀ ਜ਼ਰੂਰੀ/ਨਾਜ਼ੁਕ ਮੁੱਦਿਆਂ ਤੇ ਤੁਰੰਤ ਸਰਕਾਰ ਦੀ ਤਵਜੋਂ ਦੀ ਲੋੜ ਹੈ। ਇਸ ਮੌਕੇ ਸਭ ਨੂੰ ਆਪਣੀ ਸਰਕਾਰ ਅਤੇ ਪਾਰਟੀ ਨਾਲ ਖੜਨਾ ਚਾਹੀਦਾ ਹੈ।
ਕੰਗ ਨੇ ਕਿਹਾ ਕਿ ਜੇਕਰ ਪਿਆਰੇ ਸਾਥੀਆਂ ਨੂੰ ਸੂਬੇ ਦੀ ਲੀਡਰਸ਼ਿਪ/ਹਾਈਕਮਾਂਡ ਨਾਲ ਕੋਈ ਵੀ ਸ਼ਿਕਵਾਂ, ਸ਼ਿਕਾਇਤ ਜਾਂ ਮੱਤਭੇਦ ਹੈ ਤਾਂ ਆਪਾਂ ਨੂੰ ਬੈਠ ਕੇ ਪਾਰਟੀ ਪਲੈਟਫਾਰਮ ਤੇ ਹੀ ਸੁਲਝਾਉਣਾਂ ਚਾਹੀਦੀ ਹੈ ਨਾਂ ਕਿ ਸੋੜੇ ਹਿੱਤਾ ਲਈ ਇਸ ਨੂੰ ਜੱਗ ਜਾਹਰ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਸਿਰਫ ਸਰਕਾਰ ਤੇ ਪਾਰਟੀ ਦੇ ਅਕਸ ਨੂੰ ਹੀ ਢਾਹ ਨਹੀਂ ਲੱਗਦੀ ਹੈ, ਸਗੋਂ ਇਕ ਕਿਸਮ ਨਾਲ ਵਿਰੋਧੀ ਪਾਰਟੀਆਂ ਨੂੰ ਤਾੜੀ ਮਾਰਨ ਦਾ ਮੌਕਾ ਮਿਲ ਜਾਂਦਾ ਹੈ। ਜੋ ਕਿ ਬੜੀ ਮੰਦਭਾਗੀ ਗੱਲ ਹੈ।
ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਨੇੜੇ ਆ ਗਈਆਂ ਹਨ। ਇਸ ਕਰਕੇ ਪਾਰਟੀ ਦੀ ਇੱਕਮੁੱਠਤਾਂ, ਅਨੁਸ਼ਾਸ਼ਨ, ਆਪਸੀ ਸੱਜਮ ਅਤੇ ਉਸਾਰੂ ਸੋਚ ਦੀ ਲੋੜ ਹੈ। ਤਾਂ ਕਿ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਫਿਰ ਉਭਰ ਕੇ ਸਾਹਮਣੇ ਆਏ ਅਤੇ ਵਾਹਿਗੁਰੂ ਕਰੇ ਕਿ ਲੋਕ ਹਿੱਤ ਵਿੱਚ ਸਾਡੀ ਪਾਰਟੀ ਦੀ ਫਿਰ ਸਰਕਾਰ ਬਣ ਸਕੇ।