ਹੁਸ਼ਿਆਰਪੁਰ: ਹੁਣ ਲੋਕਾਂ ਨੂੰ ਘਰ ਬੈਠੇ ਕਾਰ ਵਾਸਿੰਗ ਦੀ ਸੁਵਿਧਾ ਦੇਵੇਗਾ ਮਿਸਟਰ ਕਲੀਨ
- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਪਹਿਲੇ ਨਾਲ ਘੱਟ ਪੜ੍ਹੇ ਲਿਖੇ ਅਤੇ ਲੋੜਵੰਦਾਂ ਦੇ ਲਈ ਵਰਦਾਨ ਸਾਬਤ ਹੋਵੇਗਾ ਪ੍ਰੋਜੈਕਟ ਮਿਸਟਰ ਕਲੀਨ : ਅਪਨੀਤ ਰਿਆਤ
- ਡਿਪਟੀ ਕਮਿਸ਼ਨਰ ਨੇ ਬਿਊਰੋ ’ਚ ਲਈ ਚਾਹਵਾਨ 28 ਪ੍ਰਾਰਥੀਆਂ ਦੀ ਇੰਟਰਵਿਊ
- ਕਿਹਾ, ਸ਼ੁਰੂਆਤੀ ਦੌਰ ’ਚ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਵਿੱਚ ਸ਼ੁਰੂ ਕੀਤਾ ਗਿਆ ਪ੍ਰਜੈਕਟ
- ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇਵੇਗਾ ਮਿਸਟਰ ਕਲੀਨ ਬਨਣ ਲਈ ਮੁਫ਼ਤ ਕਾਰ ਵਾਸ਼ਿੰਗ ਦੀ ਸਿਖਲਾਈ ਅਤੇ ਹਾਈਵੈਕ ਵਾਸਿੰਗ ਕਿਟ
ਹੁਸ਼ਿਆਰਪੁਰ, 13 ਮਈ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਪੜ੍ਹੇ ਲਿਖੇ, ਗਰੀਬ, ਲੋੜਵੰਦ ਬੇਰੋਜ਼ਗਾਰਾਂ ਨੂੰ ਉਨ੍ਹਾਂ ਦੇ ਪੈਰਾਂ ’ਤੇ ਖੜ੍ਹਾ ਕਰਨ ਦੇ ਲਈ ਮਿਸਟਰ ਕਲੀਨ ਨਾਮ ਨਾਲ ਇਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਕਿ ਉਨ੍ਹਾਂ ਲਈ ਵਰਦਾਨ ਸਾਬਤ ਹੋਵੇਗਾ। ਉਹ ਅੱਜ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿੱਚ ਇਸ ਪ੍ਰੋਜੈਕਟ ਦੇ ਚਾਹਵਾਨ ਪ੍ਰਾਰਥੀਆਂ ਦੀ ਇੰਟਰਵਿਊ ਲੈਣ ਦੇ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ’ਤੇ 28 ਪ੍ਰਾਰਥੀਆਂ (ਜ਼ਿਨ੍ਹਾਂ ਨੇ ਡੀ.ਬੀ.ਈ.ਈ. ਆਨਲਾਈਨ ਐਪ ’ਤੇ ਅਪਲਾਈ ਕੀਤਾ ਸੀ) ਨੇ ਇਸ ਨਵੇ ਸਵੈਰੋਜ਼ਗਾਰ ਦੇ ਲਈ ਉਤਸ਼ਾਹਪੂਰਵਕ ਹਿੱਸਾ ਲਿਆ।
ਪ੍ਰੋਜੈਕਟ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਤੋਂ ਕੀਤੀ ਜਾਵੇਗੀ, ਜਿਸ ਤਹਿਤ ਸ਼ਹਿਰ ਦੇ ਹਰ ਵਾਰਡ ਵਿੱਚਲੋਕਾਂ ਦੇ ਘਰ ’ਤੇ ਹੀ ਕਾਰ ਵਾਸ਼ਿੰਗ ਦੇ ਲਈ ਮਿਸਟਰ ਕਲੀਨ ਨਿਯੁਕਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਕ ਤਰਫ ਜਿਥੇ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਉਥੇ ਜਨਤਾ ਨੂੰ ਘਰ ਬੈਠੇ ਹੀ ਰੋਜ਼ਾਨਾ ਕਾਰ ਵਾਸ਼ਿੰਗ ਵਰਗੀ ਸੁਵਿਧਾ ਮਾਮੂਲੀ ਮਾਸਿਕ ਭੁਗਤਾਨ ’ਤੇ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਮਿਸਟਰ ਕਲੀਨ ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਵਲੋਂ ਮੁਫ਼ਤ ਕਾਰ ਵਾਸ਼ਿੰਗ ਦੀ ਟਰੇਨਿੰਗ ਅਤੇ ਇਕ ਹਾਈਟੈਕ ਵਾਸ਼ਿੰਗ ਕਿੱਟ ਜੋ ਕਿ ਸੋਨਾਲੀਕਾ ਟਰੈਕਟਰਜ਼ ਵਲੋਂ ਸੀ.ਐਸ.ਆਰ ਦੇ ਤਹਿਤ ਦਿੱਤੀ ਗਈ ਹੈ, ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕਾਰ ਵਾਸ਼ਿੰਗ ਕਰਵਾਉਣ ਵਾਲੇ ਚਾਹਵਾਨ ਗ੍ਰਾਹਕਾਂ ਦੀ ਲਿਸਟ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਹੱਈਆ ਕਰਵਾਈ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਕੋਵਿਡ-19 ਮਹਾਂਮਾਰੀ ਦੇ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਘੱਟ ਪੜ੍ਹੇ ਲਿਖੇ, ਲੋੜਵੰਦਾਂ, ਦਿਵਆਂਗਾਂ ਅਤੇ ਸਮਾਜ ਦੇ ਹੋਰ ਪਿਛੜੇ ਵਰਗਾਂ ਦੇ ਲਈ ਰੋਜ਼ਗਾਰ ਦੇ ਨਵੇਂ ਅਵਸਰ ਦੇ ਕੇ ਇਸ ਮੁਸ਼ਕਿਲ ਦੌਰ ਵਿੱਚ ਨੌਜਵਾਨਾਂ ਦੇ ਆਤਮਵਿਸ਼ਵਾਸ਼ ਅਤੇ ਉਤਸ਼ਾਹ ਨੂੰ ਕਾਇਮ ਰੱਖਿਆ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ ਅਤੇ ਕੈਰੀਅਰ ਕਾਊਂਸਲਰ ਅਦਿੱਤਿਆ ਰਾਣਾ ਨੂੰ ਰੋਜ਼ਗਾਰ ਦੇ ਖੇਤਰ ਵਿੱਚ ਤਕਨੀਕ ਦੀ ਮਦਦ ਨਾਲ ਨਵੇਂ-ਨਵੇਂ ਯਤਨ ਕਰਕੇ ਰੋਜ਼ਗਾਰ ਦੇ ਪ੍ਰੋਸੈਸ ਨੂੰ ਆਸਾਨ ਬਣਾਉਣ ਦੇ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸੇ ਫਲਸਰੂਪ ਜ਼ਿਲ੍ਹਾ ਹੁਸ਼ਿਆਰਪੁਰ ਰੋਜ਼ਗਾਰ ਦੇ ਖੇਤਰ ਵਿੱਚ ਪੂਰੇ ਪੰਜਾਬ ਵਿੱਚ ਆਪਣੀ ਇਕ ਵਿਲੱਖਣ ਪਹਿਚਾਣ ਬਣਾਉਣ ਵਿੱਚ ਕਾਮਯਾਬ ਹੋਇਆ ਹੈ।