ਮੋਹਾਲੀ: ਸਿਵਲ ਅਤੇ ਫੌਜ ਅਧਿਕਾਰੀਆਂ ਨੇ ਕੋਵਿਡ ਸਹੂਲਤ ਲਈ ਜਗ੍ਹਾ ਦਾ ਲਿਆ ਜਾਇਜ਼ਾ
ਹਰਜਿੰਦਰ ਸਿੰਘ ਭੱਟੀ
- ਸਾਂਝੀਆਂ ਜਰੂਰਤਾਂ ਦਾ ਕੀਤਾ ਮੁਲਾਂਕਣ
- ਸਹੂਲਤ ਜਲਦ ਸਥਾਪਤ ਕਰਨ ਲਈ ਸਰੋਤ ਜੁਟਾਉਣ ਲਈ ਹੋਈ ਸਹਿਮਤੀ
ਐਸ.ਏ.ਐਸ.ਨਗਰ, 13 ਮਈ 2021 - ਜ਼ਿਲ੍ਹੇ ਦੇ ਸਿਹਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਦੇ ਮੱਦੇਨਜ਼ਰ ਪੱਛਮੀ ਕਮਾਂਡ ਦੇ ਫੌਜ ਦੇ ਅਧਿਕਾਰੀਆਂ ਅਤੇ ਸਿਵਲ ਪ੍ਰਸ਼ਾਸਨ ਨੇ ਅੱਜ ਮੁਹਾਲੀ ਵਿਖੇ ਕੋਵਿਡ-19 ਮਰੀਜ਼ਾਂ ਲਈ 100 ਬੈੱਡ ਵਾਲੀ ਸਹੂਲਤ ਸਥਾਪਤ ਕਰਨ ਲਈ ਜਗ੍ਹਾ ਦਾ ਸਾਂਝੇ ਤੌਰ 'ਤੇ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਸ਼ੁਰੂਆਤੀ ਯੋਜਨਾ ਆਰਜ਼ੀ ਸਹੂਲਤ ਸਥਾਪਤ ਕਰਨ ਦੀ ਸੀ ਪਰ ਜਦ ਤੱਕ ਉਸ ਲਈਪਹਿਲਾਂ ਤੋਂ ਤਿਆਰ ਢਾਂਚਾ ਜ਼ਿਲ੍ਹੇ ਵਿੱਚ ਪਹੁੰਚੇਗਾ, ਉਦੋਂ ਤੱਕਅਸੀਂ ਇਸ ਸਹੂਲਤ ਨੂੰ ਸਿਵਲ ਹਸਪਤਾਲ ਮੁਹਾਲੀ ਦੀ ਦੂਜੀ / ਤੀਜੀ ਮੰਜ਼ਲ 'ਤੇ ਸ਼ੁਰੂ ਕਰਨ ਦਾ ਫੈਸਲਾ ਲਿਆ ਤਾਂ ਜੋ ਮਹਾਂਮਾਰੀ ਤੋਂ ਪੀੜਤ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਦਿੱਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਸਾਂਝੀਆਂ ਜਰੂਰਤਾਂ ਦੇ ਮੁਲਾਂਕਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਪੱਛਮੀ ਕਮਾਂਡ ਨਾਲ ਸਰੋਤਾਂ ਨੂੰ ਜੁਟਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਆਈਸੀਐਮਆਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਵਿਡ-19 ਮਰੀਜ਼ਾਂ ਦੇ ਸੰਪੂਰਨ ਇਲਾਜ ਲਈ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਐਲ 2 ਸੁਵਿਧਾ ਸਥਾਪਤ ਕੀਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਜਗ੍ਹਾ, ਡਾਕਟਰਾਂ, ਨਰਸਾਂ, ਪੈਰਾਮੇਡਿਕਸ, ਐਂਬੂਲੈਂਸ ਸੇਵਾਵਾਂ, ਪ੍ਰਬੰਧਨ ਅਤੇ ਪ੍ਰਬੰਧਨ ਲਈ ਸਿਖਿਅਤ ਕਰਮਚਾਰੀ, ਨਿਰਵਿਘਨ ਆਕਸੀਜਨ ਸਪਲਾਈ ਆਦਿ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।
ਡੀਸੀ ਨੇ ਕਿਹਾ ਕਿ ਐਲ 2 / ਐਲ 3 ਬੈਡਾਂ ਦੀ ਬਹੁਤ ਘੱਟ ਉਪਲਬਧਤਾ ਹੋਣ ਕਾਰਨ ਅਸੀਂ ਕੋਵਿਡ-19 ਮਰੀਜ਼ਾਂ ਨੂੰ ਵੱਧ ਤੋਂ ਵੱਧ ਆਕਸੀਜਨ ਬੈਡ ਉਪਲਬਧ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਮੁਹਾਲੀ ਦੇ ਆਰਜ਼ੀ ਹਸਪਤਾਲ ਨੂੰ ਕਾਰਜਸ਼ੀਲ ਨਾ ਕਰਨ ਕਰਕੇ ਪੱਛਮੀ ਕਮਾਂਡ ਵੱਲੋਂ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਕੋਵਿਡ ਸਹੂਲਤਾਂ ਮੁਹੱਈਆ ਕਰਵਾਉਣ ਨਾਲ ਮੁਹਾਲੀ ਵਾਸੀਆਂ ਨੂੰ ਨੁਕਸਾਨ ਹੋਣ ਸਬੰਧੀ ਰਿਪੋਰਟਾਂ ਨੂੰ ਨਿਰਾਰਥਕ ਦੱਸਦਿਆਂ ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਰਜਿੰਦਰਾ ਹਸਪਤਾਲ ਸਰਕਾਰੀ ਐਲ 3 ਸਹੂਲਤ ਹੈ ਜੋ ਅਧਿਕਾਰਤ ਤੌਰ 'ਤੇ ਮੁਹਾਲੀ ਨਾਲ ਜੁੜੀ ਹੋਈ ਹੈ ਅਤੇ ਮੋਹਾਲੀ ਤੋਂ ਕਿਸੇ ਵੀ ਗੰਭੀਰ ਕੋਵੀਡ-19 ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਜਾ ਸਕਦਾ ਹੈ। ਇਸ ਲਈ ਫੌਜ ਵੱਲੋਂ ਰਾਜਿੰਦਰਾ ਹਸਪਤਾਲ ਨੂੰ ਸਮਰਥਨ ਦੇਣ ਨਾਲ ਮੁਹਾਲੀ ਦੇ ਲੋਕਾਂ ਦਾ ਕੋਈ ਨੁਕਸਾਨ ਨਹੀਂ ਹੈ। ਇਸ ਦੌਰਾਨ, ਅਸੀਂ ਸਿਵਲ-ਆਰਮੀ ਦੇ ਸਾਂਝੇ ਉੱਦਮ ਰਾਹੀਂ ਮੋਹਾਲੀ ਵਿਚ ਕਵਿਡ ਹਸਪਤਾਲ ਬਣਾਉਣ ਲਈ ਕੰਮ ਕਰ ਰਹੇ ਹਾਂ।”
ਸਿਵਲ ਅਤੇ ਮਿਲਟਰੀ ਅਫੇਅਰਜ਼, ਪੱਛਮੀ ਕਮਾਂਡ ਦੇ ਡਾਇਰੈਕਟਰ ਕਰਨਲ ਜਸਦੀਪ ਸੰਧੂ ਨੇ ਇਕ ਜ਼ਿਲ੍ਹੇ ਲਈ ਰਾਖਵਾਂ ਸਟਾਫ ਦੂਜੇ ਜ਼ਿਲੇ ਵਿਚ ਭੇਜਣ ਦੇ ਵਿਚਾਰ ਨੂੰ ਸਿਰੋਂ ਰੱਦ ਕਰਦਿਆਂ ਕਿਹਾ ਕਿ ਫੌਜ ਜਿੱਥੇ ਵੀ ਜ਼ਰੂਰਤ ਹੋਵੇਗੀ, ਕੋਵਿਡ ਦੇ ਵਾਧੇ ਦਾ ਮੁਕਾਬਲਾ ਕਰਨ ਵਿਚ ਸਿਵਲ ਅਥਾਰਟੀਆਂ ਦੀ ਸਹਾਇਤਾ ਕਰੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਿਕਾ ਜੈਨ ਵਧੀਕ ਡਿਪਟੀ ਕਮਿਸ਼ਨਰ ਜਨਰਲ, ਡਾਕਟਰ ਭਵਨੀਤ ਭਾਰਤੀ ਡਾਇਰੈਕਟਰ ਪ੍ਰਿੰਸੀਪਲ ਬੀ ਆਰ ਅੰਬੇਦਕਰ ਮੈਡੀਕਲ ਕਾਲਜ ਮੋਹਾਲੀ, ਡਾਕਟਰ ਆਦਰਸ਼ ਪਾਲ ਕੌਰ ਸਿਵਲ ਸਰਜਨ ਅਤੇ ਜਗਦੀਪ ਸਹਿਗਲ ਐਸ ਡੀ ਐਮ ਮੁਹਾਲੀ ਹਾਜ਼ਰ ਸਨ।