ਕਾਂਗਰਸੀ ਕੌਂਸਲਰ ਨੇ ਕੋਵਿਡ ਵਾਰਡ ਨੂੰ ਹਰੀ ਝੰਡੀ ’ਚ ਦੇਰੀ ਨੂੰ ਲੈ ਕੇ ਸ਼ੀਸ਼ਾ ਦਿਖਾਇਆ
ਅਸ਼ੋਕ ਵਰਮਾ
ਬਠਿੰਡਾ,14ਮਈ2021: ਨਗਰ ਨਿਗਮ ਬਠਿੰਡਾ ਦੇ ਸੀਨੀਅਰ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਕਿਸ਼ੋਰੀ ਰਾਮ ਹਸਪਤਾਲ ’ਚ ਕੋਵਿਡ ਵਾਰਡ ਬਨਾਉਣ ਨੂੰ ਲੈ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਪ੍ਰਵਾਨਗੀ ਦੇਣ ’ਚ ਕੀਤੀ ਜਾ ਰਹੀ ਦੇਰੀ ਨੂੰ ਲੈਕੇ ਚਿੰਤਾ ਜਤਾਉਂਦਿਆਂ ਅੱਜ ਸ਼ੀਸ਼ਾ ਦਿਖਾਇਆ ਕਿ ਇੱਕ ਪਾਸੇ ਇਲਾਜ ਨਾਂ ਮਿਲਣ ਕਾਰਨ ਕਰੋਨਾ ਲਗਾਤਾਰ ਮਨੁੱਖੀ ਜਿੰਗੀਆਂ ਨਿਗਲ ਰਿਹਾ ਹੈ ਪਰ ਪੰਜ ਦਿਨ ਬੀਤਣ ਦੇ ਬਾਵਜੂਦ ਇਸ ਦਿਸ਼ਾ ’ਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਸ੍ਰੀ ਗਿੱਲ ਨੇ ਅੱਜ ਕਰੋਨਾ ਮਹਾਂਮਾਰੀ ਨੂੰ ਲੈਕੇ ਫਿਕਰ ਜਾਹਰ ਕਰਦਿਆਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪੱਤਰ ਲਿਖਿਆ ਹੈ ਜਿਸ ’ਚ ਇਹ ਹਕੀਕਤ ਬਿਆਨੀ ਗਈ ਹੈ। ਸ੍ਰੀ ਗਿੱਲ ਨੇ ਪੱਤਰ ਰਾਹੀਂ ਵਿੱਤ ਮੰਤਰੀ ਨੂੰ ਯਾਦ ਦਿਵਾਇਆ ਹੈ ਕਿ ਪ੍ਰਸ਼ਾਸ਼ਨ ਵੱਲੋਂ ਇਸ ਕੰਮ ’ਚ ਕੀਤੀ ਜਾ ਰਹੀ ਨਾਲ ਕਾਂਗਰਸ ਦਾ ਅਕਸ ਧੁੰਦਲਾ ਹੋ ਰਿਹਾ ਹੈ।
ਉਨ੍ਹਾਂ ਆਖਿਆ ਕਿ ਕੋਵਿਡ-19 ਦੇ ਚਲਦਿਆਂ ਸਮੁੱਚੇ ਪੰਜਾਬ ਵਿੱਚ ਕਰੋਨਾ ਦੇ ਮਾਮਲਿਆਂ ’ਚ ਵਾਧਾ ਹੋਇਆ ਹੈ ਅਤੇ ਬਠਿੰਡਾ ਸ਼ਹਿਰ ਤੇ ਆਸ-ਪਾਸ ਦੇ ਇਲਾਕੇ ਵੀ ਮਹਾਂਮਾਰੀ ’ਚ ਵਾਧੇ ਦੀ ਸਪੱਸ਼ਟ ਤਸਵੀਰ ਪੇਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਆਰਜੀ ਤੌਰ ਤੇ 100-100 ਬੈੱਡ ਦੇ 2 ਕੋਵਿਡ ਹਸਪਤਾਲ ਤੁਰੰਤ ਸਥਾਪਤ ਕਰ ਰਹੀ ਹੈ, ਜਿੰਨ੍ਹਾਂ ਵਿੱਚੋਂ ਇੱਕ ਬਠਿੰਡਾ ਵਿਖੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਦਾ ਇੱਕ ਸਧਾਰਨ ਵਰਕਰ ਹੋਣ ਦੇ ਨਾਤੇ ਆਮ ਲੋਕਾਂ ’ਚ ਪਾਰਟੀ ਦਾ ਅਕਸ ਵਧੀਆ ਬਨਾਉਣ ਵਾਲੀਆਂ ਗੱਲਾਂ ਸਾਹਮਣੇ ਲਿਆਉਣੀਆਂ ਉਨ੍ਹਾਂ ਨੇ ਆਪਣਾ ਫਰਜ਼ ਸਮਝਿਆ ਹੈ ਜਿਸ ਕਰਕੇ ਇਹ ਹਕੀਕਤ ਬਿਆਨੀ ਹੈ।
ਗਿੱਲ ਨੇ ਦੱਸਿਆ ਕਿ ਇਸ ਕੋਵਿਡ ਹਸਪਤਾਲ ਸਥਾਪਤ ਕਰਨ ਵਿੱਚ ਕੁੱਝ ਸਮਾਂ ਲਗ ਸਕਦਾ ਹੈ ਪਰ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਡਾ. ਵਿਤੁਲ ਗੁਪਤਾ ਨੇ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਹਸਪਤਾਲ ਕੋਵਿਡ-19 ਦੇ ਇਲਾਜ ਲਈ ਆਪਣਾ ਹਸਪਤਾਲ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੈ ਜਿਸ ਲਈ ਸਰਕਾਰੀ ਤੌਰ ਤੇ ਹਰੀ ਝੰਡੀ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ਲਾਘਾਯੋਗ ਕਦਮ ਨੂੰ ਦੇਖਦਿਆਂ ਉਹ ਆਪਣੇ ਵੱਲੋਂ ਕੁੱਝ ਮਾਲੀ ਸਹਾਇਤਾ ਦੇਣ ਲਈ ਡਾ. ਵਿਤੁਲ ਗੁਪਤਾ ਨੂੰ ਮਿਲੇ ਸਨ ਜਿੱਥੋਂ ਇਹ ਜਾਣਕਾਰੀ ਮਿਲੀ ਕਿ ਅਜੇ ਤੱਕ ਡਿਪਟੀ ਕਮਿਸ਼ਨਰ ਨੇ ਇਸ ਸਬੰਧ ’ਚ ਪ੍ਰਵਾਨਗੀ ਨਹੀਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇਰੀ ਲਈ ਬਠਿੰਡਾ ਪ੍ਰਸ਼ਾਸ਼ਨ ਜਿੰਮੇਵਾਰ ਹਨ ਜਦੋਂਕਿ ਆਮ ਲੋਕ ਇਸ ਸਬੰਧ ’ਚ ਕਾਂਗਰਸ ਪਾਰਟੀ ਬਾਰੇ ਚੁੰਝ ਚਰਚਾ ਕਰ ਰਹੇ ਹਨ।
ਉਨ੍ਹਾਂ ਆਖਿਆ ਕਿ ਇਸ ਨਾਲ ਕਾਂਗਰਸ ਪਾਰਟੀ ਅਤੇ ਲੀਡਰਸ਼ਿਪ ਦਾ ਆਮ ਲੋਕਾਂ ਖਾਸ ਤੌਰ ਤੇ ਕਰੋਨਾ ਪੀੜਤਾਂ ’ਚ ਅਕਸ ਬੁਰੀ ਤਰਾਂ ਖ਼ਰਾਬ ਹੋ ਰਿਹਾ ਹੈ। ਉਨ੍ਹਾਂ ਆਖਿਆ ਕਿ ਲੋਕ ਇਲਾਜ ਖੁਣੋਂ ਹਸਪਤਾਲਾਂ ਵਿੱਚ ਧੱਕੇ ਖਾ ਰਹੇ ਹਨ, ਪਰ ਉਨ੍ਹਾਂ ਦੀ ਬਾਂਹ ਨਾਂ ਫੜ੍ਹਨ ਕਾਰਨ ਲੋਕਾਂ ਵਿੱਚ ਭਾਰੀ ਬੇਚੈਨੀ ਤੇ ਸਰਕਾਰ ਪ੍ਰਤੀ ਗੁੱਸਾ ਅਤੇ ਬੇਭਰੋਸਗੀ ਪੈਦਾ ਹੋਣ ਲੱਗੀ ਹੈ। ਉਨ੍ਹਾਂ ਆਖਿਆ ਕਿ ਹੰਗਾਮੀ ਹਾਲਾਤਾਂ ਨੂੰ ਦੇਖਦਿਆਂ ਮਨੁੱਖਤਾ ਦੇ ਭਲੇ ਲਈ ਬਿਲਕੁਲ ਮੁਫ਼ਤ ਸੇਵਾ ਵਾਸਤੇ ਡਾ. ਗੁਪਤਾ ਵੱਲੋਂ ਮੰਗੀ ਗਈ ਕੋਵਿਡ ਵਾਰਡ ਦੀ ਮਨਜੂਰੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਫੌਰਨ ਦੇਣੀ ਚਾਹੀਦੀ ਸੀ ਜਦੋਂਕਿ ਪਰ ਅਜਿਹਾ ਨਾਂ ਹੋਣਾ ਕਾਂਗਰਸੀ ਲੀਡਰਸ਼ਿਪ ਦੀ ਸੰਜੀਦਗੀ ਪ੍ਰਤੀ ਕਈ ਸਵਾਲ ਖੜ੍ਹੇ ਕਰਨ ਲੱਗਿਆ ਹੈ।
ਗਿੱਲ ਨੇ ਵਿੱਤ ਮੰਤਰੀ ਨੂੰ ਪਹਿਲ ਦੇ ਆਧਾਰ ’ਤੇ ਅਤੇ ਐਮਰਜੈਂਸੀ ਪੱਧਰ ’ਤੇ ਸਥਾਨਕ ਪ੍ਰਸ਼ਾਸਨ ਨੂੰ ਇਸ ਦੀ ਤੁਰੰਤ ਮਨਜੂਰੀ ਦੇਣ ਸਬੰਧ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਹੋਰ ਕੋਈ ਵੀ ਜਾਗਦੀ ਜਮੀਰ ਵਾਲੇ ਵਿਅਕਤੀ ਡਾ. ਗੁਪਤਾ ਦੇ ਇਸ ਉੱਦਮ ਨੂੰ ਦੇਖਦਿਆਂ ਹੋਰ ਹਸਪਤਾਲ ਵੀ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਕੋਵਿਡ-19 ਦੀ ਬਿਮਾਰੀ ਦੇ ਇਲਾਜ ਵਿੱਚ ਅਹਿਮ ਭੂਮਿਕਾ ਨਿਭਾ ਸਕਣ। ਦੱਸਣਯੋਗ ਹੈ ਕਿ ਡਾ ਵਿਤੁਲ ਗੁਪਤਾ ਨੇ ਕਰੋਨਾ ਮਰੀਜਾਂ ਦੇ ਮੁਫਤ ਇਲਾਜ ਲਈ ਨੌਜਵਾਨ ਵੈਲਫੇਅਰ ਸੁਸਾਇਟੀ ਨੂੰ ਸੌਂਪਣ ਦਾ ਐਲਾਨ ਕੀਤਾ ਹੈ । ਕੋਵਿਡ ਵਾਰਡ ਬਨਾਉਣ ਲਈ ਲੁੜੀਂਦੀ ਮਨਜੂਰੀ ਦੇਣ ਲਈ ਬਠਿੰਡਾ ਪ੍ਰਸ਼ਾਸ਼ਨ ਨੂੰ ਪੱਤਰ ਲਿਖਿਆ ਹੋਇਆ ਹੈ ਜੋਕਿ ਹਾਲ ਤੱਕ ਪੈਂਡਿੰਗ ਪਿਆ ਹੈ।