ਹਰਸਿਮਰਤ ਵੱਲੋਂ ਏਮਜ਼ ’ਚ ਲੈਵਲ 3 ਸਹੂਲਤਾਂ ਦਾ ਵਿਸਥਾਰ ਕਰਨ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 14 ਮਈ 2021: ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਸਰਕਾਰ ਦੇ ਮੰਤਰੀ ਓ ਪੀ ਸੋਨੀ ਨੂੰ ਏਮਜ਼ ਬਠਿੰਡਾ ’ਚ ਵੈਂਟੀਲੇਟਰ ਤੇ ਵਾਧੂ ਆਕਸੀਜ਼ਨ ਸਪਲਾਈ ਕਰ ਕੇ ਲੈਵਲ 3 ਸਹੂਲਤਾਂ ਵਿਚ ਹੋਰ ਵਾਧਾ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸੰਸਥਾ ਕੋਰੋਨਾ ਮਰੀਜ਼ਾਂ ਨੂੰ ਚੰਗੀ ਮਿਆਰ ਦੀਆਂ ਕਿਫਾਇਤੀ ਸਿਹਤ ਸੰਭਾਲ ਸਹੂਲਤਾਂ ਪ੍ਰਦਾਨ ਕਰ ਸਕੇ। ਸ੍ਰੀਮਤੀ ਬਾਦਲ ਨੇ ਐਡਵਾਂਸ ਕੈਂਸਰ ਇੰਸਟੀਚਿਊਟ ਵਿਖੇ ਕੋਰੋਨਾ ਸੈਂਟਰ ਸਥਾਪਿਤ ਕਰਨ ਦੇ ਕਾਂਗਰਸ ਸਰਕਾਰ ਦੇ ਫੈਸਲੇ ਦੀ ਸਮੀਖਿਆ ਕਰਨ ਦੀ ਮੰਗ ਵੀ ਕੀਤੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਣ ਮਗਰੋਂ ਬੀਬੀ ਬਾਦਲ ਨੇ ਸ੍ਰੀ ਸੋਨੀ ਦੇ ਧਿਆਨ ਵਿਚ ਲਿਆਂਦਾ ਕਿ ਉਹਨਾਂ ਦੇ ਦਫਤਰ ਵੱਲੋਂ ਏਮਜ਼ ਵਿਖੇ ਲੈਵਲ 3 ਬੈਡਾਂ ਦੀ ਉਪਲਬਧਤਾ ਬਾਰੇ ਪੇਸ਼ ਕੀਤੀ ਗਈ ਰਿਪੋਰਟ ਵਿਚ ਤਰੁੱਟੀਆਂ ਹੋ ਸਕਦੀਆਂ ਹਨ।
ਉਹਨਾਂ ਕਿਹਾ ਕਿ ਮੰਤਰੀ ਵੱਲੋਂ ਇਹ ਦਾਅਵਾ ਕਰਨ ਕਿ ਏਮਜ਼ ਵਿਖੇ ਲੈਵਲ 3 ਸਹੂਲਤਾਂ ਹੀ ਨਹੀਂ ਬਲਕਿ ਸਿਰਫ ਲੈਵਲ 2 ਦੇ70 ਬੈਡ ਹੀ ਉਪਲਬਧ ਹਨ ਜਦੋਂਕਿ ਏਮਜ਼ ਮੈਨੇਜਮੈਂਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸੰਸਥਾ ਦੀ ਸ਼ੁਰੂਆਤ ਤੋਂ ਹੀ ਲੈਵਲ 3 ਬੈਡ ਸਹੂਲਤ ਚਲਾਈਆਂ ਜਾ ਰਹੀਆਂ ਹਨ। ਉਹਨਾਂ ਨੇ ਸਿਹਤ ਮੰਤਰ ਨੂੰ ਲਿਖੇ ਪੱਤਰ ਦੇ ਨਾਲ ਏਮਜ਼ ਤੋਂ ਮਿਲੀ ਸੂਚਨਾ ਵੀ ਨੱਥੀ ਕੀਤੀ ਹੈ। ਬਠਿੰਡਾ ਦੇ ਐਮ ਪੀ ਨੇ ਸ੍ਰੀ ਸੋਨੀ ਨੂੰ ਇਹ ਵੀ ਦੱਸਿਆ ਕਿ ਏਮਜ਼ ਵਿਚ ਹੋਰ ਕੋਰੋਨਾ ਮਰੀਜ਼ ਦਾਖਲ ਕੀਤੇ ਜਾ ਸਕਦੇ ਹਨ ਅਤੇ ਇਥੇ ਲੈਵਲ 3 ਬੈਡਾਂ ਦੀ ਗਿਣਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਅਜਿਹਾ ਤਾਂ ਨਹੀਂ ਹੋ ਰਿਹਾ ਕਿਉਂਕਿ ਏਮਜ਼ ਕੋਲ ਇਸ ਮਕਸਦ ਲਈ ਲੋੜੀਂਦੀ ਆਕਸੀਜ਼ਨ ਦੀ ਸਪਲਾਈ ਨਹੀਂ ਹੈ।
ਉਹਨਾਂ ਡਿਪਟੀ ਕਮਿਸ਼ਨਰ ਬਠਿੰਡਾ ਜੋ ਆਕਸੀਜ਼ਨ ਸਿਲੰਡਰਾਂ ਦੇ ਇੰਚਾਰਜ ਹਨ, ਨੂੰ ਇਸ ਪ੍ਰਮੁੱਖ ਸੰਸਥਾ ਵਿਚ ਆਕਸੀਜ਼ਨ ਸਪਲਾਈ ਕੋਟਾ ਵਧਾਉਣ ਲਈ ਹਦਾਇਤਾਂ ਦੇਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਮਿਲਦੇ ਚਲਦੀ ਹਾਲਤ ਵਾਲੇ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਦੀ ਥਾਂ ਏਮਜ਼ ਨੁੰ ਪ੍ਰਦਾਨ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਹੋ ਜਾਵੇਗਾ ਕਿ ਜ਼ਰੂਰਤ ਮੰਦ ਮਰੀਜ਼ਾਂ ਨੂੰ ਕਿਫਾਇਤੀ ਦਰਾਂ ’ਤੇ ਕਵਾਲਟੀ ਵਾਲੀਆਂ ਸਿਹਤ ਸੰਭਾਲ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸ੍ਰੀਮਤੀ ਬਾਦਲ ਨੇ ਕਿਹਾ ਕਿ ਇਹ ਦੋਵੇਂ ਕਦਮ ਚੁੱਕਣ ਨਾਲ ਏਮਜ਼ ਵਿਚ ਲੈਵਲ 3 ਸਹੂਲਤਾਂ ਵਿਚ ਤੇਜ਼ੀ ਨਾਲ ਵਾਧਾ ਹੋਵੇਗਾ ਕਿਉਂਕਿ ਇਸ ਪਹਿਲਾਂ ਲੋੜੀਂਦੀ ਇਮਾਰਤ ਪਹਿਲਾਂ ਹੀ ਹੈ ਤੇ ਨਾਲ ਹੀ ਲੋੜੀਂਦੇ ਟੈਕਨੀਸ਼ੀਅਨ ਤੇ ਨਰਸਿੰਗ ਸਟਾਫ ਵੀ ਹੈ।
ਬਾਦਲ ਨੇ ਇਹ ਵੀ ਦੱਸਿਆ ਕਿ ਏਮਜ਼ ਮੈਨੇਜਮੈਂਟ ਨੇ 200 ਨਰਸਾਂ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਤਾਇਨਾਤ ਕਰਨ ਵਾਸਤੇ ਵੱਖਰੀਆਂ ਰੱਖੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਨਰਸਾਂ ਨੂੰ ਇਸ ਅਨੁਸਾਰ ਹੀ ਪੋਸਟਿੰਗ ਦਿੱਤੀ ਜਾ ਸਕਦੀ ਹੈ। ਉਹਨਾਂ ਇਹਨਾਂ ਨਰਸਾਂ ਵਿਚੋਂ ਮਾਨਸਾ ਜ਼ਿਲ੍ਹੇ ਦੇ ਚਾਰ ਸਰਕਾਰੀ ਹਸਪਤਾਲਾਂ ਵਾਸਤੇ 50 ਨਰਸਾਂ ਦੇਣ ਲਈ ਵੀ ਕਿਹਾ ਕਿਉਂਕਿ ਇਸ ਪਛੜੇ ਜ਼ਿਲ੍ਹੇ ਵਿਚ ਮੈਡੀਕਲ ਸਹੂਲਤਾਂ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਨਾਲ ਹੀ ਮਾਨਸਾ ਅਤੇ ਨਾਲ ਹੀ ਸਰਦੂਲਗੜ੍ਹ ਤੇ ਬੁਢਲਾਡਾ ਦੇ ਹਸਪਤਾਲਾਂ ਲਈ ਵੈਂਟੀਲੇਟਰ ਤੇ ਸਿਖਲਾਈ ਪ੍ਰਾਪਤ ਤਕਨੀਸ਼ੀਅਨ ਵੀ ਪ੍ਰਦਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਇਸ ਇਲਾਕੇ ਨੂੰ ਸਿਹਤ ਸਿਹਤ ਸਹੂਲਤਾਂ ਮੁਹੱਈਆ ਕਾਰਵਾਈਆਂ ਜਾ ਸਕਦੀਆਂ ਹਨ।
ਬਾਦਲ ਨੇ ਅੱਜ ਇਮਿਊਨਿਟੀ ਲੈਵਲ ਹੇਠਾਂ ਹੋਣ ਦਾ ਹਵਾਲਾ ਦਿੰਦਿਆਂ ਐਡਵਾਂਸ ਕੈਂਸਰ ਇੰਸਟੀਚਿਊਟ ਦੇ ਕੈਂਸਰ ਮਰੀਜ਼ਾਂ ਨੁੰ ਕੋਰੋਨਾ ਮਰੀਜ਼ਾਂ ਅੱਗੇ ਨਾ ਲਿਆਉਣ ਦੀ ਅਪੀਲ ਕੀਤੀ ਹੈ। ਇਸ ਸਬੰਧ ’ਚ ਛਪੀਆਂ ਖਬਰਾਂ ਦੀਆਂ ਕਾਤਰਾਂ ਵੀ ਪੱਤਰ ਨਾਲ ਭੇਜੀਆਂ ਹਨ ਜਿਹਨਾਂ ਵਿਚ ਦੱਸਿਆ ਹੈ ਕਿ ਕਿਵੇਂ ਕੈਂਸਰ ਹਸਪਤਾਲ ਵਿਚ ਕੋਰੋਨਾ ਵਾਰਡ ਖੁੱਲ੍ਹਣ ਦੇ ਕੁਝ ਹੀ ਦਿਨਾਂ ਅੰਦਰ ਸਟਾਫ ਤੇ ਮਰੀਜ਼ ਕੋਰੋਨਾਂ ਦੀ ਲਪੇਟ ਵਿਚ ਆਉਣ ਲੱਗ ਪਏ ਹਨ। ਉਹਨਾਂ ਕਿਹਾ ਕਿ ਪਹਿਲਾਂ ਵੀ ਮਾਹਿਰਾਂ ਨੇ ਇਸ ਸੰਸਥਾ ਵਿਚ ਕੋਰੋਨਾ ਸਹੂਲਤ ਸ਼ੁਰੂ ਕਰਨ ਵਿਰੁੱਧ ਚੇਤਾਵਨੀ ਦਿੱਤੀ ਸੀ ਕਿਉਂਕਿ ਕੈਂਸਰ ਮਰੀਜ਼ ਬਹੁਤ ਛੇਤੀ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਨੂੰ ਦੇਖਦਿਆਂ ਸਰਕਾਰ ਨੂੰ ਇਸ ਸੰਸਥਾ ਵਿਚ ਕੋਰੋਨਾ ਸਹੂਲਤ ਸਥਾਪਿਤ ਕਰਨ ਦੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।