ਸਰਕਾਰੀ ਵੈਕਸੀਨ ਕੈਂਪ ਮੌਕੇ ਉੱਡੀਆਂ ਕੋਰੋਨਾ ਨਿਯਮਾਂ ਦੀ ਧੱਜੀਆਂ
ਦੀਪਕ ਜੈਨ
ਜਗਰਾਉਂ ,14 ਮਈ 2021 - ਸ਼ੁੱਕਰਵਾਰ ਨੂੰ 18 ਤੋਂ 45 ਸਾਲ ਦੀ ਉਮਰ ਵਾਲਿਆਂ ਨੂੰ ਕਰੋਨਾ ਵੈਕਸੀਨ ਦੇਣ ਦੀ ਸ਼ੁਰੂਆਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕੀਤੀ ਗਈ। ਪਰ ਇਸ ਮੌਕੇ ਕੋਰੋਨਾ ਤੋਂ ਬਚਾਅ ਲਈ ਲੋਕ ਪਹੁੰਚੇ ਹਨ ਪਰ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਜੰਮਕੇ ਉਡਾਈਆਂ ਗਈਆਂ। ਕਿਓਂਕਿ ਕੋਈ ਵੀ ਵਿਅਕਤੀ ਇਸ ਮੌਕੇ ਦੋ ਗਜ ਦੀ ਦੂਰੀ ਬਣਾਕੇ ਨਹੀਂ ਖੜਾ ਸੀ। ਹੋਰ ਤਾਂ ਹੋਰ ਇਸ ਸਮੇਂ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਦੁਰਵਿਵਹਾਰ ਕੀਤਾ ਗਿਆ। ਸਕੂਲ ਦੇ ਇਕ ਮੁਲਾਜ਼ਮ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਇਕ ਪੱਤਰਕਾਰ ਨਾਲ ਹੱਥੋਪਾਈ ਦੀ ਕੋਸ਼ਿਸ਼ ਕੀਤੀ। ਇਸ ਨੂੰ ਲੈ ਕੇ ਪੱਤਰਕਾਰਾਂ ’ਚ ਭਾਰੀ ਰੋਸ ਹੈ। ਮਾਮਲਾ ਉਦੋਂ ਵਿਗੜਿਆ ਜਦੋਂ ਪੱਤਰਕਾਰਾਂ ਨੇ ਵੈਕਸੀਨ ਦੀ ਸ਼ੁਰੂਆਤ ਕਰਨ ਸਮੇਂ 45 ਸਾਲ ਤੋਂ ਵਧੇਰੇ ਉਮਰ ਵਾਲੇ ਲੋਕਾਂ ਨੂੰ ਕੋਰੀ ਨਾਂਹ ਕਹਿ ਕੇ ਮੋੜੇ ਜਾਣ ਬਾਰੇ ਜਾਣਕਾਰੀ ਲੈਣੀ ਚਾਹੀ।
ਡਾ. ਸੰਗੀਨਾ ਇਸ ਸਬੰਧੀ ਜਾਣਕਾਰੀ ਦੇਣਾ ਚਾਹੁੰਦੇ ਸਨ ਕਿ ਵਿੱਚੋਂ ਹੀ ਟੋਕ ਕੇ ਸਕੂਲ ਮੁਲਾਜ਼ਮ ਨੇ ਬੋਲਣਾ ਸ਼ੁਰੂ ਕਰ ਦਿੱਤਾ। ਸਿਹਤ ਵਿਭਾਗ ਦੀ ਟੀਮ ’ਚ ਆਏ ਡਾਕਟਰਾਂ ਨੂੰ ਕੀਤੇ ਗਏ ਸਵਾਲ ਦਾ ਉਹ ਧੱਕੇ ਨਾਲ ਜਵਾਬ ਦੇਣਾ ਚਾਹ ਰਿਹਾ ਸੀ। ਮੀਡੀਆ ਕਰਮੀਆਂ ਨੇ ਉਸ ਨੂੰ ਕੈਮਰੇ ’ਤੇ ਆ ਕੇ ਜਾਣਕਾਰੀ ਦੇਣ ਲਈ ਕਿਹਾ ਤਾਂ ਉਹ ਦੁਰਵਿਵਹਾਰ ਕਰਨ ਲੱਗਾ। ਹੱਦ ਉਦੋਂ ਹੋ ਗਈ ਜਦੋਂ ਉਹ ਸੀਨੀਅਰ ਪੱਤਰਕਾਰ ਵਿਸ਼ਾਲ ਅੱਤਰੇ ਨਾਲ ਤਾਂ ਹੱਥੋਪਾਈ ’ਤੇ ਉੱਤਰ ਆਇਆ। ਮੌਕੇ ’ਤੇ ਮੌਜੂਦ ਸਿਹਤ ਵਿਭਾਗ ਦੀ ਟੀਮ ਅਤੇ ਪੁਲੀਸ ਮੁਲਾਜ਼ਮਾਂ ਨੇ ਮਾਹੌਲ ਸ਼ਾਂਤ ਕੀਤਾ।
ਡਾ. ਸੰਗੀਨਾ ਨੇ ਬਾਅਦ ’ਚ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੀਬ 950 ਡੋਜ਼ ਵੈਕਸੀਨ 18 ਤੋਂ 45 ਸਾਲ ਦੀ ਉਮਰ ਵਾਲਿਆਂ ਲਈ ਭੇਜੀ ਸੀ। ਕੇਂਦਰ ਸਰਕਾਰ ਵਲੋਂ 45 ਸਾਲ ਤੋਂ ਉਪਰ ਵਾਲਿਆਂ ਨੂੰ ਭੇਜੀ ਜਾਂਦੀ ਵੈਕਸੀਨ ਨਾ ਆਉਣ ਕਰਕੇ ਉਹ 45 ਸਾਲ ਤੋਂ ਉਪਰ ਵਾਲਿਆਂ ਨੂੰ ਜਵਾਬ ਦੇ ਰਹੇ ਹਨ। 18 ਤੋਂ 45 ਸਾਲ ਦੇ ਲੋਕਾਂ ਨੂੰ ਵੈਕਸੀਨ ਦੇਣ ਦਾ ਪਹਿਲਾ ਦਿਨ ਹੋਣ ਕਰਕੇ ਅੱਜ ਇਕਦਮ ਧੱਕਾ ਪੈ ਗਿਆ। ਇਸ ਨਾਲ ਕਰੋਨਾ ਮਹਾਮਾਰੀ ਸਬੰਧੀ ਜਾਰੀ ਗਾਈਡਲਾਈਨਜ਼ ਦਾ ਉਲੰਘਣ ਵੀ ਦੇਖਣ ਨੂੰ ਮਿਲਿਆ। ਭੀਡ਼ ਬਹੁਤ ਜ਼ਿਆਦਾ ਹੋ ਗਈ ਅਤੇ ਲੰਬੀਆਂ ਕਤਾਰਾਂ ਲੱਗ ਗਈਆਂ ਜਿਸ ’ਚ ਸਰੀਰਕ ਦੂਰੀ ਦੀ ਹਦਾਇਤਾਂ ਦਾ ਪਾਲਣ ਵੀ ਨਹੀਂ ਹੋ ਰਿਹਾ ਸੀ।