ਕਿਸ਼ੋਰੀ ਰਾਮ ਹਸਪਤਾਲ ਇਜਾਜ਼ਤ ਮਾਮਲੇ ’ਚ ‘ਆਪ’ ਵੱਲੋਂ ਤਿੱਖੀ ਪ੍ਰਤੀਕਿਰਿਆ
ਅਸ਼ੋਕ ਵਰਮਾ
ਬਠਿੰਡਾ, 15 ਮਈ2021: ਕੋਰੋਨਾ ਮਹਾਂਮਾਰੀ ਦੇ ਸੰਕਟਮਈ ਵਕਤ ਦੌਰਾਨ ਪੰਜਾਬ ਸਰਕਾਰ ਦੀ ਬਦਇੰਤਜ਼ਾਮੀ ਦਾ ਖੱਪਾ ਭਰਨ ਦੇ ਮਨਸੂਬੇ ਨਾਲ ਬਠਿੰਡਾ ਦੇ ਨਾਮੀ ਕਿਸ਼ੋਰੀ ਰਾਮ ਹਸਪਤਾਲ ਦੇ ਮਾਲਕ ਡਾ. ਵਿਪੁਲ ਗੁਪਤਾ ਵੱਲੋਂ ਨੂੰ ਗ਼ਰੀਬ ਮਰੀਜ਼ਾਂ ਦੇ ਮੁਫ਼ਤ ਇਲਾਜ ਲਈ ਇਜਾਜਤ ਮੰਗਣ ਤੋਂ ਇੱਕ ਹਫਤਾ ਬਾਅਦ ਵੀ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਾਂ ਕਰਨ ਨੂੰ ਲੈਕੇ ਆਮ ਆਦਮੀ ਪਾਰਟੀ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਕੈਪਟਨ ਸਰਕਾਰ ਦੀ ਗਰੀਬਾਂ ਪ੍ਰਤੀ ਅਸੰਵੇਦਨਸ਼ੀਲਤਾ ਕਰਾਰ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ ਬਲਜਿੰਦਰ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਨੀਲ ਗਰਗ ਨੇ ਕਿਹਾ ਕਿ ਹਸਪਤਾਲ ਵੱਲੋਂ ਗਰੀਬ ਕੋਰੋਨਾ ਮਰੀਜ਼ਾਂ ਦੇ ਮੁਫਤ ਇਲਾਜ ਸਬੰਧੀ ਭੇਜੀ ਫਾਈਲ ਦੀ ਹਫ਼ਤਾ ਬੀਤ ਜਾਣ ਦੇ ਬਾਅਦ ਵੀ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਵੀ ਫੈਸਲਾ ਨਾ ਲੈਣਾ ਉਨ੍ਹਾਂ ਦੀ ਆਪਣੇ ਕੰਮ ਪ੍ਰਤੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ।
ਆਪ ਆਗੂਆਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੁੱਝ ਹੀ ਘੰਟਿਆਂ ਵਿੱਚ ਇਸ ਦੀ ਇਜਾਜ਼ਤ ਦੇ ਦਿੱਤੀ ਜਾਣੀ ਚਾਹੀਦੀ ਸੀ ਤਾਂ ਜੋ ਕਰੋਨਾ ਮਾਹਾਮਾਰੀ ਦੇ ਦੌਰਾਨ ਇਲਾਜ ਪੱਖੋਂ ਮਰ ਰਹੇ ਗਰੀਬ ਮਰੀਜਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ ਪਰ ਕਥਿਤ ਸਿਆਸੀ ਦਬਾਅ ਅੱਗੇ ਝੁਕਦਿਆਂ ਅਫਸਰ ਆਪਣੀ ਅਸਲ ਜਿੰਮੇਵਾਰੀ ਤੋਂ ਮੂੰਹ ਮੋੜ ਰਹੇ ਹਨ । ਉਨ੍ਹਾਂ ਕਿਹਾ ਕਿ ਇਹ ਹਸਪਤਾਲ ਚਾਲੂ ਹਾਲਤ ਵਿਚ ਹੈ ਜਿੱਥੇ ਮੌਜੂਦਾ ਸਮੇਂ ਵਿੱਚ ਵੀ 10 ਬੈੱਡ ਹਨ ਜਿੰਨ੍ਹਾਂ ਦੀ ਸਮਰੱਥਾ ਜ਼ਰੂਰਤ ਦੇ ਅਨੁਸਾਰ 40 ਬੈੱਡਾਂ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਇਹ ਮਰੀਜ਼ਾਂ ਲਈ ਆਸ ਦੀ ਕਿਰਨ ਸਾਬਤ ਹੋ ਸਕਦਾ ਹੈ ਪ੍ਰੰਤੂ ਸਰਕਾਰੀ ਅਧਿਕਾਰੀਆਂ ਦੇ ਲੋਕ ਵਿਰੋਧੀ ਰਵੱਈਏ ਕਾਰਨ ਇਹ ਕਾਰਜ ਨੇਪਰੇ ਚੜ੍ਹਨ ਵਿਚ ਦੇਰੀ ਹੋ ਰਹੀ ਹੈ।
ਪ੍ਰੋਫੈਸਰ ਬਲਜਿੰਦਰ ਕੌਰ ਅਤੇ ਨੀਲ ਗਰਗ ਨੇ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪ੍ਰਸ਼ਾਸਨਿਕ ਅਧਿਕਾਰੀ ਅਜਿਹਾ ਕੁਝ ਕੁ ਪ੍ਰਾਈਵੇਟ ਹਸਪਤਾਲਾਂ ਨੂੰ ਕਥਿਤ ਲਾਭ ਪਹੁੰਚਾਉਣ ਦੇ ਮਨਸੂਬੇ ਨਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵੀ ਪੰਜਾਬ ਸਰਕਾਰ ਵੱਲੋਂ ਭੇਜੇ 29 ਵੈਂਟੀਲੇਟਰ ਕੁੱਝ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਸਨ ਅਤੇ ਆਉਣ ਵਾਲੇ ਦਿਨਾਂ ਦੌਰਾਨ ਵੀ 10 ਹੋਰ ਵੈਂਟੀਲੇਟਰ ਬਠਿੰਡਾ ਭੇਜਣ ਦੀ ਚਰਚਾ ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਕਿਸ਼ੋਰੀ ਰਾਮ ਹਸਪਤਾਲ ਨੂੰ ਚਾਲੂ ਕਰਨ ਦੀ ਇਜਾਜ਼ਤ ਦੇਵੇ ਅਤੇ ਇਹ 10 ਵੈਂਟੀਲੇਟਰ ਵੀ ਇਸ ਹਸਪਤਾਲ ਨੂੰ ਦਿੱਤੇ ਜਾਣ ਤਾਂ ਜੋ ਗਰੀਬਾਂ ਦਾ ਮੁਫਤ ਇਲਾਜ ਸ਼ੁਰੂ ਹੋ ਸਕੇ। ਆਪ ਆਗੂਆਂ ਨੇ ਕਿਹਾ ਕਿ ਜਦੋਂ ਲੋਕ ਮਰ ਰਹੇ ਹਨ ਤਾਂ ਬਠਿੰਡਾ ਤੋਂ ਵਿਧਾਇਕ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਘਰ ਬੈਠੇ ਹਨ।
ਦੱਸਣਯੋਗ ਹੈ ਕਿ ਡਾ. ਵਿਪੁਲ ਗੁਪਤਾ ਨੇ ਆਪਣੇ ਕਿਸ਼ੋਰੀ ਰਾਮ ਹਸਪਤਾਲ ਨੂੰ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੌਂਪਦਿਆਂ ਆਪਣੀਆਂ ਮੁਫਤ ਸੇਵਾਵਾਂ ਅਤੇ ਹਸਪਤਾਲ ਨੂੰ ਕਰੁਣਾ ਦੇ ਮਰੀਜ਼ਾਂ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ ਸੀ। ਡਾ ਗੁਪਤਾ ਵੱਲੋਂ ਲੋੜਵੰਦ ਮਰੀਜਾਂ ਖਾਤਰ ਕੀਤੀ ਇਸ ਪਹਿਲਕਦਮੀ ਨੂੰ ਲੈਕੇ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਕਰੋਨਾ ਸੰਕਟ ਦੌਰਾਨ ਇੱਕ ਉਮੀਦ ਬੱਝੀ ਸੀ। ਸਰਕਾਰ ਦੇ ਨਿਯਮਾਂ ਮੁਤਾਬਕ ਹਸਪਤਾਲ ’ਚ ਕੋਵਿਡ ਵਾਰਡ ਬਨਾਉਣ ਲਈ ਬਠਿੰਡਾ ਪ੍ਰਸ਼ਾਸ਼ਨ ਕੋਲੋ ਪ੍ਰਵਾਨਗੀ ਲੈਣੀ ਹੁੰਦੀ ਹੈ ਜਿਸ ਨੂੰ ਜਾਰੀ ਕਰਨ ’ਚ ਹੋ ਰਹੀ ਦੇਰੀ ਨੂੰ ਲੈਕੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਹੈਰਾਨੀ ਜ਼ਾਹਰ ਕਰਦਿਆਂ ਜਲਦੀ ਤੋਂ ਜਲਦੀ ਇਹ ਪ੍ਰਕਿਰਿਆ ਪੂਰੀ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਕੌਂਸਲਰ ਮਨਜੂਰੀ ਤੁਰੰਤ ਦੇਣ ਦੇ ਸਬੰਧ ’ਚ ਵਿੱਤ ਮੰਤਰੀ ਨੂੰ ਪੱਤਰ ਲਿਖ ਚੁੱਕੇ ਹਨ।