ਜਲੰਧਰ: 11 ਸਾਲਾ ਲੜਕੀ ਦੀ ਮੌਤ ਕੋਵਿਡ ਕਰਕੇ ਨਹੀਂ ਹੋਈ - ਇਨਕੁਆਰੀ ਰਿਪੋਰਟ
- ਕੋਵਿਡ-19 ਕਰਕੇ ਮੌਤ ’ਤੇ ਸਸਕਾਰ ਪ੍ਰੋਟੋਕਾਲ ਅਪਣਾਏ ਜਾਂਦੇ ਹਨ, ਪਰ ਮ੍ਰਿਤਕ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਸੀ- ਸੀਪੀਟੀਓ
- ਕਿਹਾ, ਸਸਕਾਰ ’ਚ ਸਹਾਇਤਾ ਲਈ ਲੋਕ ਕੰਟਰੋਲ ਰੂਮ ਨਾਲ ਕਰ ਸਕਦੇ ਰਾਬਤਾ ਕਾਇਮ
ਜਲੰਧਰ 15 ਮਈ 2021 - ਸ਼ੋਸਲ ਮੀਡੀਆ ’ਤੇ 11 ਸਾਲਾ ਲੜਕੀ ਦੇ ਪਿਤਾ ਦੀ ਸਸਕਾਰ ਨੂੰ ਲੈ ਵਾਇਰਲ ਹੋਈ ਵੀਡੀਓ ’ਤੇ ਤੁਰੰਤ ਕਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਇਸ ਸਾਰੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਵਿੱਚ ਪਾਇਆ ਗਿਆ ਕਿ ਲੜਕੀ ਦੀ ਮੌਤ ਕੋਵਿਡ-19 ਕਰਕੇ ਨਹੀਂ ਹੋਈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬ ਡਵੀਜ਼ਨਲ ਮੈਜਿਸਟਰੇਟ ਜਲੰਧਰ-1 ਵਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਮੌਤ ਦਾ ਕਾਰਨ ਕੋਵਿਡ-19 ਨਹੀਂ ਸੀ ਜਦਕਿ ਉਸ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਪਾਈ ਗਈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਇਲਾਜ ਲਈ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਜਿਥੋਂ ਉਸ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ। ਇਕ ਐਂਬੂਲੈਂਸ ਰਾਹੀਂ ਮਰੀਜ਼ ਨੂੰ ਅੰਮ੍ਰਿਤਸਰ ਭੇਜਿਆ ਗਿਆ ਜਿਥੇ ਉਹ ਸਰਜੀਕਲ ਵਾਰਡ ਵਿੱਚ ਦਾਖਲ ਰਹੀ। ਮੌਤ ਤੋਂ ਬਾਅਦ ਐਂਬੂਲੈਂਸ ਰਾਹੀਂ ਮ੍ਰਿਤਕ ਸਰੀਰ ਨੂੰ ਜਲੰਧਰ ਉਨਾਂ ਦੇ ਘਰ ਲਿਆਂਦਾ ਗਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੋਵਿਡ ਪੇਸੈਂਟ ਟਰੈਕਿੰਗ ਅਫ਼ਸਰ (ਸੀ.ਪੀ.ਟੀ.ਓ.) ਨਵਨੀਤ ਕੌਰ ਬੱਲ ਨੇ ਦੱਸਿਆ ਕਿ ਨਾ ਤਾਂ ਪਰਿਵਾਰ ਦਾ ਕੋਈ ਮੈਂਬਰ ਅਤੇ ਨਾਲ ਹੀ ਉਸ ਇਲਾਕੇ ਵਿਚੋਂ ਕੋਈ ਸਸਕਾਰ ਵਿੱਚ ਮਦਦ ਲੈਣ ਲਈ ਅੱਗੇ ਆਇਆ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਜਿਹੇ ਕੇਸ ਵਿੱਚ ਮਦਦ ਲੈਣਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਨੰਬਰ 0181-2224417 ਅਤੇ ਸਿਵਲ ਸਰਜਨ ਜਲੰਧਰ ਦੇ ਕੰਟਰੋਲ ਰੂਮ ਨੰਬਰ 0181-2224848 ’ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਮ ਕੇਸਾਂ ਵਿਚ(ਕੋਵਿਡ-19 ਮੌਤਾਂ ਤੋਂ ਇਲਾਵਾ) ਜੇਕਰ ਮ੍ਰਿਤਕ ਸਰੀਰ ਪਰਿਵਾਰ ਨੂੰ ਸੌਂਪ ਦਿੱਤਾ ਜਾਂਦਾ ਹੈ ਤਾਂ ਉਸ ਦੀਆਂ ਅੰਤਿਮ ਰਸਮਾ ਪਰਿਵਾਰ ਵਲੋਂ ਨਿਭਾਈਆਂ ਜਾਂਦੀਆਂ ਹਨ,ਹਾਲਾਂਕਿ ਇਸ ਕੇਸ ਵਿੱਚ ਕਿਸੇ ਨੇ ਵੀ ਸਸਕਾਰ ਵਿੱਚ ਸਹਾਇਤਾ ਲਈ ਪਹੁੰਚ ਨਹੀਂ ਕੀਤੀ। ਉਨ੍ਹਾ ਦੱਸਿਆ ਕਿ ਕੋਵਿਡ-19 ਕੇਸਾਂ ਵਿੱਚ ਮੌਤ ਹੋਣ ’ਤੇ ਸਸਕਾਰ ਲਈ ਪ੍ਰੋਟੋਕਾਲ ਅਪਣਾਏ ਜਾ ਰਹੇ ਹਨ, ਜਦਕਿ ਇਹ ਵੱਖਰਾ ਕੇਸ ਸੀ ਅਤੇ ਮ੍ਰਿਤਕ ਦੀ ਕੋਵਿਡ-19 ਰਿਪੋਰਟ ਨੈਗੇਟਿਵ ਸੀ।
ਮ੍ਰਿਤਕ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦੁੱਖੀ ਪਰਿਵਾਰ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬੱਲ ਬਖਸ਼ਣ। ਉਨ੍ਹਾਂ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦੁਆਇਆ।