ਯੂਥ ਅਕਾਲੀ ਦਲ ਵੱਲੋਂ ਪਲਾਜ਼ਮਾ ਦਾਨ ਕਰਨ ਲਈ ਸਹਾਇਤਾ ਦੀ ਪੇਸ਼ਕਸ਼
ਅਸ਼ੋਕ ਵਰਮਾ
ਬਠਿੰਡਾ 15 ਮਈ 2021: ਯੂਥ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਿਵਲ ਹਸਪਤਾਲਾਂ ਵਿਚ ਪਲਾਜ਼ਮਾ ਡੋਨੇਸ਼ਨ ਵਿਚ ਜਥੇਬੰਦੀ ਮਦਦ ਲੈਣ ਅਤੇ ਇਸਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਪੰਜਾਬ ਵਿਚ ਹਸਪਤਾਲਾਂ ਨਾਲ ਤਾਲਮੇਲ ਕਾਇਮ ਕਰਨ ਤਾਂ ਜੋ ਦਿੱਲੀ ਵਿਚ ਲੋੜਵੰਦ ਮਰੀਜ਼ਾਂ ਵਾਸਤੇ ਖੂਨ ਦਾ ਪਲਾਜ਼ਮਾ ਭੇਜਿਆ ਜਾ ਸਕੇ। ਯੂਥ ਅਕਾਲੀ ਦਲ ਵੱਲੋਂ ਪਲਾਜ਼ਮਾ ਦਾਨ ਕਰਨ ਦੀ ਚਲਾਈ ਮੁਹਿੰਮ ਦੇ ਹਿੱਸੇ ਵਜੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਸਮਾਜ ਸੇਵੀ ਸੰਗਠਨਾਂ ਤੇ ਐਨ ਜੀ ਓਜ਼ ਨੂੰ ਬੇਨਤੀ ਕੀਤ ਕਿ ਉਹ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ ਤੇ ਕਿਹਾ ਕਿ ਆਪਣੇ ਗੁਆਂਢੀ, ਸ਼ਹਿਰ ਤੇ ਸੂਬੇ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਹੈ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਵੇਂ ਹੀ ਫੇਲ੍ਹ ਹੋ ਗਈਆਂ ਹਨ ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੋਣਾਂ ਲੜਨ ਵਿਚ ਰੁੱਝੀ ਹੋਈ ਹੈ ਜਦਕਿ ਪੰਜਾਬ ਦੀ ਕਾਂਗਰਸ ਸਰਕਾਰ ਸੁੱਤੀ ਪਈ ਹੈ। ਉਹਨਾਂ ਨੇ ਯੂਥ ਆਗੂ ਅਭੈ ਸਿੰਘ ਢਿੱਲੋਂ ਵੱਲੋਂ 10 ਦਿਨਾਂ ਦੇ ਅੰਦਰ ਅੰਦਰ 100 ਪਲਾਜ਼ਮਾ ਯੂਨਿਟ ਦਾਨ ਕਰਵਾਉਣ ਦੀ ਜ਼ਿੰਮੇਵਾਰੀ ਓਟਣ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਹਨਾਂ ਨੇ ਪਹਿਲਾਂ ਹੀ ਯੂਥ ਅਕਾਲੀ ਦਲ ਦੀ ਅਗਵਾਈ ਹੇਠ 31 ਲੋੜਵੰਦਾਂ ਨੂੰ ਪਲਾਜ਼ਮਾ ਦਾਨ ਕਰਵਾਇਆ ਹੈ ਜਿਸਦੀ ਉਹ ਸ਼ਲਾਘਾ ਕਰਦੇ ਹਨ। ਸ੍ਰੀ ਰੋਮਾਣਾ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਸਮੇਂ ਦੀ ਜ਼ਰੂਰਤ ਹੈ ਅਤੇ ਇਹ ਕੋਰੋਨਾ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੈ।
ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਪਲਾਜ਼ਮਾ ਥੈਰੇਪੀ ਲਈ ਬੇਨਤੀਆ ਮਿਲ ਰਹੀਆਂ ਹਨ ਪਰ ਸਰਕਾਰੀ ਸੰਸਥਾਵਾਂ ਤੋਂ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਜਿਥੇ ਕਿਤੇ ਜ਼ਰੂਰਤ ਹੈ, ਸਾਡੀ ਮਦਦ ਲਈ ਜਾਵੇ। ਉਹਨਾਂ ਕਿਹਾ ਕਿ ਅਸੀਂ ਸਿਰਫ ਪਲਾਜ਼ਮਾ ਦਾਨ ਕਰਨ ਲਈ ਹੀ ਨਹੀਂ ਬਲਕਿ ਅਸੀਂ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਖਾਣਾ ਦੇਣ ਦੀ ਸੇਵਾ ਵਾਸਤੇ ਵੀ ਤਿਆਰ ਹਾਂ। ਉਹਨਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਹੈ ਤੇ ਇਹ ਬਾਅਦ ਵਿਚ ਵੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਸਾਨੂੰ ਅੱਜ ਜਾਨਾਂ ਬਚਾਉਣ ਲਈ ਹੱਥ ਸਾਂਝੇ ਕਰਨੇ ਚਾਹੀਦੇ ਹਨ।
ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਵੀ ਯੂਥ ਅਕਾਲੀ ਦਲ ਦੀ ਸਮਾਜ ਸੇਵਾ ਦੇ ਹਿੱਸੇ ਵਜੋਂ ਪਲਾਜ਼ਮਾ ਦਾਨ ਕਰਨ ਵਾਸਤੇ ਤਿਆਰ ਹਨ। ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਥੇਬੰਦੀ ਨੂੰ ਦਿੱਲੀ ਤੋਂ ਵੀ ਪਲਾਜ਼ਮਾ ਡੋਨੇਸ਼ਨ ਵਾਸਤੇ ਬੇਨਤੀਆਂ ਮਿਲ ਰਹੀਆਂ ਹਨ ਪਰ ਇਹਨਾਂ ਦੀ ਪੂਰਤੀ ਵਾਸਤੇ ਰਸਤੇ ਵਿਚ ਰੁਕਾਵਟਾਂ ਦਰਪੇਸ਼ ਹਨ ਕਿਉਂਕਿ ਆਵਾਜਾਈ ’ਤੇ ਰੋਕ ਲੱਗੀ ਹੋਈ ਹੈ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਹਸਪਤਾਲਾਂ ਨਾਲ ਤਾਲਮੇਲ ਕਰਨ ਤਾਂ ਜੋ ਪਲਾਜ਼ਮਾਂ ਦਿੱਲੀ ਵਿਚ ਮਰੀਜ਼ਾਂ ਵਾਸਤੇ ਭੇਜਿਆ ਜਾਣਾ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿਹਤ ਮੰਤਰੀ ਸਿੱਧੂ ਨੂੰ ਘਰ ਛੁਪਣ ਦੀ ਥਾਂ ਸ਼ਰ੍ਹੇਆਮ ਬਾਹਰ ਆਉਣ ਅਤੇ ਫੀਲਡ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਕਿਉਂਕਿ ਇਹ ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਵਾਲੀ ਕਹਾਣੀ ਬਣਨ ਲੱਗੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਹੋਵੇ ਅਤੇ ਕਿਸੇ ਨੂੰ ਵੀ ਮ੍ਰਿਤਕ ਨੂੰ ਆਪਣੇ ਮੋਢੇ ’ਤੇ ਸ਼ਮਸ਼ਾਟ ਘਾਟ ਤੱਕ ਲਿਜਾਉਣ ਲਈ ਮਜਬੂਰ ਨਾ ਹੋਣਾ ਪਵੇ ਜਿਵੇਂ ਕਿ ਜਲੰਧਰ ਵਿਚ ਅੱਜ ਵੇਖਣ ਨੂੰ ਮਿਲਿਆ ਹੈ।