ਕੋਰੋਨਾ ਦਾ ਕੋਈ ਵੀ ਲੱਛਣ ਆਉਣ ਤੇ ਤੁਰੰਤ ਟੈਸਟਿੰਗ ਕਰਵਾਈ ਜਾਵੇ: ਡਾ.ਚੰਦਰ ਸ਼ੇਖਰ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 16 ਮਈ 2021 -ਕੋਰੋਨਾ ਮਹਾਂਮਾਰੀ ਦੌਰਾਨ ਨਿਰੰਤਰ ਦਿਨ-ਰਾਤ ਬੇਹਤਰੀਨ ਸੇਵਾਵਾਂ ਨਿਭਾਉਣ ਵਾਲੇ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਫ਼ਰੀਦਕੋਟ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਵਾਸਤੇ ਸਿਵਲ ਸਰਜਨ ਡਾ.ਸੰਜੈ ਕਪੂਰ ਦੀ ਅਗਵਾਈ ਹੇਠ ਸਿਹਤ ਵਿਭਾਗ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕੋਰੋਨਾ ਦਾ ਕੋਈ ਵੀ ਲੱਛਣ ਆਉਣ ਤੇ ਕੋਰੋਨਾ ਦਾ ਟੈਸਟ ਤੁਰੰਤ ਕਰਾਉਣਾ ਚਾਹੀਦਾ ਹੈ | ਟੈਸਟ ਦੀ ਰਿਪੋਰਟ ਆਉਣ ਤੱਕ ਆਪਣੇ ਆਪ ਨੂੰ ਇਕਾਂਤਵਾਸ 'ਚ ਰੱਖਣਾ ਚਾਹੀਦਾ ਹੈ |
ਉਨ੍ਹਾਂ ਕਿਹਾ ਕੋਰੋਨਾ ਦੀ ਰਿਪੋਰਟ ਆਉਣ ਤੇ ਮਾਹਿਰ ਡਾਕਟਰ ਸਾਹਿਬਾਨ ਨਾਲ ਸੰਪਰਕ ਕਰਕੇ ਦਵਾਈ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕੋਰੋਨਾ ਦੇ ਖਾਤਮੇ ਵਾਸਤੇ ਸਮੁੱਚੇ ਸਮਾਜ ਨੂੰ ਸੁਚੇਤ ਹੋ ਕੇ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕੁਝ ਸਮਾਂ ਸਾਨੂੰ ਬਿਨ੍ਹਾਂ ਕੰਮ ਘਰੋਂ ਬਾਹਰ ਨਿਕਲਣਾ ਬੰਦ ਕਰਨਾ ਚਾਹੀਦਾ ਹੈ | ਜੇਕਰ ਮਜ਼ਬੂਰੀ ਵੱਸ ਬਾਹਰ ਜਾਣਾ ਵੀ ਹੈ ਤਾਂ ਮਾਸਕ ਪਹਿਨਣਾ ਚਾਹੀਦਾ ਹੈ | ਸਮਾਜਿਕ ਦੂਰੀ ਖੁਦ ਧਿਆਨ ਨਾਲ ਕਾਇਮ ਕਰਨੀ ਚਾਹੀਦੀ ਹੈ | ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਅਤੇ ਵਾਰ-ਵਾਰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ | ਇਕੱਠ ਵਾਲੀਆਂ ਥਾਵਾਂ ਤੇ ਬਿਲਕੁਲ ਜਾਣਾ ਬੰਦ ਕਰਨਾ ਚਾਹੀਦਾ ਹੈ |
ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਰੌਸ਼ਨੀ 'ਚ ਆਪਣੀ ਵਾਰੀ ਆਉਣ ਤੇ ਵੈਕਸੀਨ ਲਗਾਉਣ ਨੂੰ ਪਹਿਲ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕੋਰੋਨਾ ਟੈੱਸਟ, ਕੋਰੋਨਾ ਤੋਂ ਬਚਾਅ ਲਈ ਵੈਕਸੀਨ ਬਿਲਕੁਲ ਮੁਫ਼ਤ ਹਨ | ਉਨ੍ਹਾਂ ਕਿਹਾ ਸਾਨੂੰ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਆਮ ਲੋਕਾਂ ਨੂੰ ਸਿਹਤ ਵਿਭਾਗ ਦਾ ਸਮਾਜ ਸੇਵੀ ਸੰਸਥਾਵਾਂ ਵਾਂਗ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਅਸੀ ਕੋਰੋਨਾ ਖਿਲਾਫ਼ ਜਲਦ ਜੰਗ ਜਿੱਤ ਸਕੀਏ | ਇਸ ਮੌਕੇ ਡਿੰਪੀ ਸੰਧੂ, ਦੁਰਗੇਸ਼ ਸ਼ਰਮਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਫ਼ਰੀਦਕੋਟ, ਰਾਕੇਸ਼ ਸ਼ਰਮਾ ਬ੍ਰਾਹਮਣ ਸਭਾ, ਰਾਜੀਵ ਪਾਠਕ, ਤੇਜੀ ਜੌੜਾ, ਰਾਜਨ ਨਾਗਪਾਲ, ਜਸਬੀਰ ਸਿੰਘ ਜੱਸੀ ਹਾਜ਼ਰ ਸਨ |