ਕੈਪਟਨ ਵੱਲੋਂ ਮੁੱਖ ਸਕੱਤਰ ਨੂੰ 18-44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਸਪੁਤਨਿਕ 5 ਖਰੀਦਣ ਦੀ ਸੰਭਾਵਨਾ ਬਾਰੇ ਪੜਚੋਲ ਕਰਨ ਦੇ ਨਿਰਦੇਸ਼
ਚੰਡੀਗੜ੍ਹ, 16 ਮਈ 2021 - ਕੋਵਿਡ ਦੇ ਟੀਕੇ ਦੀ ਲਗਾਤਾਰ ਘਾਟ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬੇ ਦੀ ਮੁੱਖ ਸਕੱਤਰ ਨੂੰ 18-44 ਉਮਰ ਵਰਗ ਦੇ ਟੀਕਾਕਰਨ ਲਈ ਸਪੁਤਨਿਕ 5 ਦੀ ਖਰੀਦ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ।
ਵਰਚੁਅਲ ਕੋਵਿਡ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 18-44 ਉਮਰ ਵਰਗ ਲਈ ਸ਼ੁਰੂਆਤੀ ਤੌਰ 'ਤੇ ਪ੍ਰਾਪਤ ਇਕ ਲੱਖ ਖੁਰਾਕਾਂ ਦੀ ਵਰਤੋਂ ਹੋ ਚੁੱਕੀ ਹੈ। ਉਨ੍ਹਾਂ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਸਪੁਤਨਿਕ 5 ਨੂੰ ਇਸ ਉਮਰ ਵਰਗ ਲਈ ਇੱਕ ਬਦਲਵੇਂ ਟੀਕੇ ਦੇ ਰੂਪ ਵਿੱਚ ਵੇਖਣ ਲਈ ਕਿਹਾ ਜਿਸ ਵਿੱਚ ਇਸ ਵੇਲੇ ਸੂਬਾ ਸਰਕਾਰ ਸਿਹਤ ਸੰਭਾਲ ਕਰਮਚਾਰੀਆਂ, ਸਹਿ-ਰੋਗੀਆਂ ਅਤੇ ਉਸਾਰੀ ਵਰਕਰਜ਼ ਦੇ ਪਰਿਵਾਰਾਂ ਦਾ ਟੀਕਾਕਰਨ ਕਰ ਰਹੀ ਹੈ। ਅਗਲੇ ਪੜਾਅ ਵਿੱਚ ਹੋਰ ਵਰਗਾਂ, ਖ਼ਾਸਕਰ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਸਕੂਲ ਮੁੜ ਖੋਲ੍ਹਣ ਦੇ ਯੋਗ ਬਣਾਉਣ ਲਈ ਟੀਕਾ ਲਗਵਾਇਆ ਜਾਣਾ ਚਾਹੀਦਾ ਹੈ।
ਟੋਸੀਲੀਜ਼ੁਮਬ ਦੀ ਲਗਾਤਾਰ ਕਮੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਨਾਲ ਗੱਲ ਕੀਤੀ ਹੈ ਅਤੇ ਕੱਲ੍ਹ ਨੂੰ ਕੁਝ ਮਾਤਰਾ ਵਿੱਚ ਸਪਲਾਈ ਦੀ ਉਮੀਦ ਹੈ।ਉਨ੍ਹਾਂ ਸਿਹਤ ਸਕੱਤਰ ਨੂੰ ਇਸ ਮੁੱਦੇ ‘ਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸੂਬੇ ਵਿੱਚ ਕੋਵਿਡ ਮਰੀਜ਼ਾਂ ਲਈ ਹੋਰ ਸਾਰੀਆਂ ਦਵਾਈਆਂ ਦੇ ਨਾਲ/ਨਾਲ ਕੋਵਿਡ ਫਤਿਹ ਕਿੱਟਾਂ ਅਸਾਨੀ ਨਾਲ ਉਪਲੱਬਧ ਕਰਵਾਉਣ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ।
ਸਿਹਤ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਫਤਿਹ ਕਿੱਟਾਂ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਵਿਭਾਗ ਕੋਲ ਇਸ ਸਮੇਂ 24000 ਫਤਿਹ ਕਿੱਟਾਂ ਉਪਲੱਬਧ ਹਨ ਅਤੇ ਕੱਲ੍ਹ ਤਕ 15000 ਹੋਰ ਤਿਆਰ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕੁਝ ਜ਼ਿਲ੍ਹੇ ਸ਼ਾਇਦ ਕਿੱਟਾਂ ਲੈ ਜਾਣ ਵਿਚ ਦੇਰੀ ਕਰ ਰਹੇ ਹਨ।