ਪੁਲਿਸ ਵਲੋਂ ਪਿੰਡਾਂ ਅੰਦਰ ਕੋਵਿਡ ਨਿਯਮ ਲਾਗੂ ਕਰਨ ਲਈ ਸਰਪੰਚਾਂ-ਪੰਚਾਂ ਦੇ ਵਟਸਐਪ ਗਰੁੱਪ ਬਣਾਏ
ਬਲਵਿੰਦਰ ਸਿੰਘ ਧਾਲੀਵਾਲ
- ਪਿੰਡਾਂ ਅੰਦਰ ਠੀਕਰੀ ਪਹਿਰੇ ਲੱਗਣੇ ਵੀ ਸ਼ੁਰੂ
ਸੁਲਤਾਨਪੁਰ ਲੋਧੀ 18 ਮਈ 2021 - ਕੋਵਿਡ ਨੂੰ ਪਿੰਡਾਂ ਅੰਦਰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਪੁਲਿਸ ਵਲੋਂ ਨਿਵੇਕਲੀ ਪਹਿਲ ਤਹਿਤ ਜਿੱਥੇ ਸਮੂਹ ਪਿੰਡਾਂ ਅੰਦਰ ਠੀਕਰੀ ਪਹਿਰੇ ਲਾਉਣੇ ਸ਼ੁਰੂ ਕੀਤੇ ਗਏ ਹਨ ਉੱਥੇ ਹੀ ਪਿੰਡ ਪੱਧਰ ’ਤੇ ਸਰਪੰਚ-ਪੰਚਾਂ ਦੇ ਵਟਸਐਪ ਗਰੁੱਪ ਬਣਾਕੇ ਕੋਵਿਡ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ ਵਿਚ ਸਹਾਇਤਾ ਮਿਲ ਸਕੇ।
ਐਸ.ਐਸ.ਪੀ, ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਆਈ.ਪੀ.ਐਸ. ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਰੇ 15 ਥਾਣਿਆਂ ਤੇ ਚੌਂਕੀਆਂ ਦੇ ਆਧਾਰ ’ਤੇ ਸਰਪੰਚਾਂ, ਪੰਚਾਂ ਤੇ ਹੋਰ ਮੋਹਤਬਰ ਲੋਕਾਂ ਦੇ ਵਟਸਐਪ ਗਰੁੱਪ ਬਣਾਕੇ ਕੋਵਿਡ ਸਬੰਧੀ ਜਾਰੀ ਹਦਾਇਤਾਂ ਬਾਰੇ ਜਾਣੰ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਪਿੰਡਾਂ ਦੇ ਚੌਂਕੀਦਾਰਾਂ ਦੀਆਂ ਸੂਚੀਆਂ ਤਿਆਰ ਕਰਕੇ ਪਿੰਡ ਵਿਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਦਾ ਰਿਕਾਰਡ ਰੱਖਿਆ ਜਾ ਰਿਹਾ ਹੈ। ਕਿਸੇ ਬਾਹਰੀ ਵਿਅਕਤੀ ਜੋ ਕਿ ਕੋਵਿਡ ਲੱਛਣਾਂ ਵਾਲਾ ਹੋਵੇ , ਦੀ ਟੈਸਟਿੰਗ ਲਈ ਵੀ ਨੇੜਲੇ ਸਿਹਤ ਕੇਂਦਰਾਂ ਦੇ ਸੰਪਰਕ ਨੰਬਰ ਸਾਂਝੇ ਕੀਤੇ ਗਏ ਹਨ।
ਉਨ੍ਹਾਂ ਲੋਕਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੀ ਦੂਜੀ ਖਤਰਨਾਕ ਲਹਿਰ ਸਬੰਧੀ ਆਪਣੇ ਪਿੰਡਾਂ ਦੇ ਬਚਾਅ ਲਈ ਅੱਗੇ ਆਉਣ । ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋੜਵੰਦ ਲੋਕ ‘ਭੋਜਨ ਹੈਲਪਲਾਇਨ’ ਨੰਬਰਾਂ 112 ਤੇ 181 ’ਤੇ ਵੀ ਸੰਪਰਕ ਕਰ ਸਕਦੇ ਹਨ।