ਕੈਪਟਨ ਵੱਲੋਂ 100 ਪ੍ਰਤੀਸ਼ਤ ਟੀਕਾਕਰਨ ਵਾਲੀਆਂ ਪੰਚਾਇਤਾਂ ਨੂੰ 10 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ
ਪਰਵਿੰਦਰ ਸਿੰਘ ਕੰਧਾਰੀ
- ਪਿੰਡਾਂ ਵਿੱਚ ਵੱਧਦੇ ਕਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਪੰਚਾਇਤਾਂ, ਯੂਥ ਕਲੱਬਾਂ ਤੇ ਪਿੰਡ ਵਾਸੀਆਂ ਨੂੰ ਸਹਿਯੋਗ ਦੀ ਅਪੀਲ
- ਲੋਕਾਂ ਨੂੰ ਕਰੋਨਾ ਦੇ ਖਾਤਮੇ ਲਈ ਟੈਸਟਿੰਗ/ਟੀਕਾਕਰਨ ਕਰਵਾਉਣ ਲਈ ਕਿਹਾ
- ਮੁੱਖ ਮੰਤਰੀ ਵਰਚੁਅਲ ਤਰੀਕੇ ਨਾਲ ਰਾਜ ਵਾਸੀਆਂ ਨਾਲ ਹੋਏ ਰੂਬਰੂ
- ਜਿਲ੍ਹੇ ਵਿੱਚ 22 ਲੋਕੇਸ਼ਨਾਂ ਤੇ ਸੀ.ਐਮ. ਦਾ ਲਾਈਵ ਸੰਬੋਧਨ ਦਿਖਾਇਆ ਗਿਆ
ਫਰੀਦਕੋਟ, 18 ਮਈ 2021 - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਵਧ ਰਹੇ ਕਰੋਨਾਂ ਦੇ ਪ੍ਰਕੋਪ ਨੂੰ ਠੱਲ੍ਹ ਪਾਉਣ ਲਈ ਟੈਸਟਿੰਗ, ਟੀਕਾਕਰਨ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਨ ਪ੍ਰਤੀ ਜਾਗਰੂਕ ਕਰਨ ਵਿੱਚ ਸਰਕਾਰ ਦਾ ਸਹਿਯੋਗ ਦੇਣ ਤਾਂ ਜੋ ਇਸ ਬਿਮਾਰੀ ਤੇ ਫਤਿਹ ਹਾਸਲ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ 100 ਪ੍ਰਤੀਸ਼ਤ ਟੀਕਾਕਰਨ ਕਰਵਾਉਣ ਵਾਲੇ ਪਿੰਡਾਂ/ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਜਾਵੇਗੀ।
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਰੋਨਾ ਵਰਗੀ ਭਿਆਨਕ ਮਹਾਮਾਰੀ ਨਾਲ ਲੜਦਿਆਂ ਸਾਨੂੰ 14 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਹੁਣ ਇਹ ਬੀਮਾਰੀ ਘਾਤਕ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੇ ਹੁਣ ਪੇਂਡੂ ਖੇਤਰਾਂ ਵਿੱਚ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਜੇਕਰ ਅਸੀਂ ਸਮੇਂ ਸਿਰ ਸਾਵਧਾਨੀਆਂ ਨਾ ਵਰਤੀਆਂ, ਟੈਸਟਿੰਗ ਅਤੇ ਟੀਕਾਕਰਨ ਨਾ ਕਰਵਾਇਆ ਤਾਂ ਇਹ ਬਿਮਾਰੀ ਸਾਡੇ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਹੈ।ਰਾਜ ਦੀਆਂ ਵੱਖ ਵੱਖ ਲੋਕੇਸ਼ਨਾਂ ਤੋਂ ਪੰਚਾਇਤਾਂ ਦੇ ਨੁਮਾਇੰਦਿਆਂ, ਸਰਪੰਚਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਇਸ ਮਹਾਂਮਾਰੀ ਦੇ ਖਾਤਮੇ ਲਈ ਪੂਰੀ ਤਰ੍ਹਾਂ ਦ੍ਰਿੜ ਹੈ ਪਰ ਅਸੀਂ ਇਸ ਬਿਮਾਰੀ ਪ੍ਰਤੀ ਬਿਲਕੁਲ ਵੀ ਅਵੇਸਲੇ ਨਹੀਂ ਹੋਣਾ।
ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਕਿ ਜੇਕਰ ਉਨ੍ਹਾਂ ਵਿੱਚ ਖੰਘ, ਜੁਕਾਮ, ਬੁਖਾਰ ਆਦਿ ਦੇ ਲੱਛਣ ਆਉਂਦੇ ਹਨ ਤਾਂ ਤੁਰੰਤ ਡਾਕਟਰ ਕੋਲ ਟੈਸਟ ਕਰਵਾਉਣ ਅਤੇ ਜੇਕਰ ਕਰੋਨਾ ਪਾਜੀਟਿਵ ਆਉਂਦੇ ਹਨ ਤਾਂ ਡਾਕਟਰ ਦੀ ਸਲਾਹ ਨਾਲ ਘਰ ਵਿੱਚ ਇਕਾਂਤਵਾਸ ਰਹਿਣ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕਰੋਨਾ ਪ੍ਰਤੀ ਵਿਖਾਈ ਗਈ ਲਾਪਰਵਾਹੀ ਕਾਰਨ ਹਸਪਤਾਲਾਂ ਵਿੱਚ ਐਲ-2 ਅਤੇ ਐਲ-3 ਦੇ ਮਰੀਜਾਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਹੈ ਜਦੋਂ ਕਿ ਸ਼ੁਰੂਆਤੀ ਦੌਰ ਵਿੱਚ ਇਸ ਨੂੰ ਘਰ ਵਿੱਚ ਹੀ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਠੀਕਰੀ ਪਹਿਲਾ ਲਗਾਉਣ, ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ, ਸਮਾਜਿਕ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਤੋਂ ਬਿਨਾਂ ਘਰਾਂ ਤੋਂ ਬਿਲਕੁਲ ਬਾਹਰ ਨਾਲ ਨਿਕਲਣ।ਉਨ੍ਹਾਂ ਸਾਬਕਾ ਫੌਜੀਆਂ, ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਕਰੋਨਾ ਪ੍ਰਤੀ ਵਧ ਤੋਂ ਵੱਧ ਜਾਗਰੂਕ ਕਰਨ।
ਉਨ੍ਹਾਂ ਕਿਹਾ ਕਿ ਗਰੀਬ ਵਰਗ ਦਾ ਮੈਂਬਰਾਂ ਅਤੇ ਪਰਿਵਾਰ ਜੇਕਰ ਕਰੋਨਾ ਪਾਜੀਟਿਵ ਆਉਂਦਾ ਹਾਂ ਤਾਂ ਸਰਕਾਰ ਵੱਲੋਂ ਉਸ ਨੂੰ ਰਾਸ਼ਨ ਕਿੱਟਾਂ ਮੁਹੱਈਆਂ ਕਰਵਾਈਆਂ ਜਾਣਗੀਆਂ ਅਤੇ ਪਹਿਲੇ ਪੜਾਅ ਵਿੱਚ ਰਾਜ ਵਿੱਚ 5 ਲੱਖ ਭੋਜਨ ਕਿੱਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਇਸ ਮੌਕੇ ਪੁਲਿਸ ਵੱਲੋਂ ਕਰੋਨਾ ਪਾਜੀਟਿਵ ਮਰੀਜਾਂ ਨੂੰ ਘਰਾਂ ਵਿੱਚ ਖਾਣਾ ਸਪਲਾਈ ਕਰਨ ਦੀ ਮੁਹਿੰਮ ਦੀ ਸਹਾਰਨਾ ਕੀਤੀ ਅਤੇ ਕਿਹਾ ਕਿ ਪੁਲਿਸ ਤੋਂ ਖਾਣਾ ਲੈਣ ਲਈ 112 ਨੰਬਰ ਅਤੇ ਸਿਹਤ ਸਬੰਧੀ ਜਾਣਕਾਰੀ ਜਾਂ ਇਲਾਜ ਲਈ 104 ਹੈਲਪਲਾਈਨ ਨੰਬਰ ਤੇ ਡਾਇਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਪਜੀਟਿਵ ਮਰੀਜਾਂ ਨੂੰ ਇਲਾਜ, ਦਵਾਈਆਂ ਅਤੇ ਹੋਰ ਸਮਾਨ ਦੀ ਫਤਿਹ ਕਿੱਟ ਵੀ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ।ਉਨ੍ਹਾਂ ਉਮੀਦ ਜਾਹਿਰ ਕੀਤੀ ਕਿ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀਆਂ ਤੇ ਸਮੂਹ ਵਿਭਾਗਾਂ ਦੇ ਸਹਿਯੋਗ ਨਾਲ ਅਸੀਂ ਕਰੋਨਾ ਮਹਾਂਮਾਰੀ ਨੂੰ ਜੜ੍ਹ ਤੋਂ ਖਤਮ ਕਰਾਂਗੇ।
ਇਹ ਵਰਚੁਅਲ ਸਮਾਗਮ ਨੂੰ ਕੈਬਨਿਟ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ,ਸ੍ਰੀ ਬਲਬੀਰ ਸਿੰਘ ਸਿੱਧੂ ,ਸ੍ਰੀਮਤੀ ਅਰੁਣਾ ਚੌਧਰੀ ,ਮੁੱਖ ਸਕੱਤਰ ਪੰਜਾਬ ਮੈਡਮ ਵਿੰਨੀ ਮਹਾਜਨ, ਪ੍ਰਿੰਸੀਪਲ ਸਕੱਤਰ ਮੈਡਮ ਸੀਮਾ ਜੈਨ, ਡਾਕਟਰ ਕੇ.ਕੇ. ਤਲਵਾਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਜਿਲ੍ਹਾ ਪੱਧਰੀ ਵਰਚੁਅਲ ਸਮਾਗਮ ਐਨ.ਆਈ.ਸੀ. ਫਰੀਦਕੋਟ ਵਿਖੇ ਹੋਇਆ, ਜਿਸ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਅੱਜ ਵਰਚੁਅਲ ਸਮਾਗਮ 22 ਵੱਖ-ਵੱਖ ਲੋਕੇਸ਼ਨਾਂ ਤੇ ਹੋ ਰਿਹਾ ਹੈ ਤੇ ਉਹ ਆਉਂਦੇ ਕੱਲ ਹੀ ਜਿਲ੍ਹੇ ਦੇ ਸਰਪੰਚਾਂ ਨਾਲ ਪੜਾਅਵਾਰ ਮੀਟਿੰਗਾਂ ਕਰਕੇ ਉਨ੍ਹਾਂ ਤੋਂ ਕਰੋਨਾ ਦੇ ਖਾਤਮੇ ਲਈ ਸਹਿਯੋਗ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪੀਲ ਕਰਨਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਪ੍ਰੀਤ ਮਹਿੰਦਰ ਸਿੰਘ ਸਹੋਤਾ, ਐਸ.ਡੀ.ਐਮ ਫਰੀਦਕੋਟ ਮੈਡਮ ਪੂਨਮ ਸਿੰਘ, ਡੀ.ਡੀ.ਪੀ.ਓ ਸ੍ਰੀ ਬਲਜੀਤ ਸਿੰਘ ਕੈਂਥ, ਦਰਸ਼ਨ ਸਿੰਘ ਵਾਈਸ ਚੇਅਰਮੈਨ ਜਿਲ੍ਹਾ ਪ੍ਰੀਸ਼ਦ, ਸ੍ਰੀ ਮਹਿੰਦਰਪਾਲ ਸਿੰਘ,ਸਰਪੰਚ ਗੋਪਾਲ ਕ੍ਰਿਸ਼ਨ ਗੋਪੀ ਫਰੀਦਕੋਟ ਦਿਹਾਤੀ, ਜਸਪਾਲ ਸਿੰਘ ਸਰਪੰਚ ਪਿੰਡ ਚਮੇਲੀ ਮਹਿੰਦਰ ਸਿੰਘ ਸਰਪੰਚ ਮਹਿਮੂਆਣਾ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ।