ਜਲੰਧਰ: ਡੀ ਸੀ ਵਲੋਂ ਪੇਂਡੂ ਖੇਤਰਾਂ 'ਚ ਕੋਵਿਡ ਦੇ ਵੱਧ ਰਹੇ ਕੇਸਾਂ ਪ੍ਰਤੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ
- ਕਿਹਾ, ਜਲਦੀ ਟੈਸਟ, ਇਲਾਜ ਅਤੇ ਵੈਕਸੀਨੇਸ਼ਨ ਨਾਲ ਕੋਵਿਡ ਨੂੰ ਪਿੰਡਾਂ 'ਚ ਫੈਲਣ ਤੋਂ ਰੋਕਿਆ ਜਾ ਸਕਦਾ
ਜਲੰਧਰ 18 ਮਈ 2021 - ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਮਿਸ਼ਨ ਫ਼ਤਿਹ ਤਹਿਤ ਕੀਤੀ ਜਾ ਰਹੀ ਵਰਚੂਅਲ ਮੀਟਿੰਗ ਵਿੱਚ ਸ਼ਿਰਕਤ ਕਰਦਿਆਂ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਦਾ ਅਸਰਦਾਰ ਢੰਗ ਨਾਲ ਟਾਕਰਾ ਕਰਨ ਲਈ ਲੋਕ ਜਾਗਰੂਕਤਾ ਲਹਿਰ ਚਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਵਿੱਚ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਲੋਕਾਂ ਨੂੰ ਕੋਵਿਡ-19 ਦੇ ਲੱਛਣਾਂ ਅਤੇ ਸ਼ੁਰੂਆਤੀ ਤੌਰ 'ਤੇ ਟੈਸਟ ਅਤੇ ਇਲਾਜ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਲਹਿਰ ਚਲਾਉਣਾ ਸਮੇਂ ਦੀ ਲੋੜ ਹੈ । ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਕੋਵਿਡ ਮਹਾਂਮਾਰੀ ਵਿਰੁੱਧ ਲੜਾਈ ਵਿੱਚ ਪਿੰਡਾਂ ਦੇ ਸਰਪੰਚਾਂ, ਪੰਚਾਂ, ਸਕੂਲ ਅਧਿਆਪਕਾਂ, ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਰਾਸ਼ਟਰੀ ਸੇਵਾ ਸਕੀਮ (ਐਨ.ਐਸ.ਐਸ.) ਦੇ ਵਲੰਟੀਅਰਾਂ, ਪਿੰਡ ਪੱਧਰ ਦੇ ਯੂਥ ਕਲੱਬਾਂ ਅਤੇ ਰੈਡ ਰੀਬਨ ਕਲੱਬਾਂ ਦਾ ਸਹਿਯੋਗ ਲਿਆ ਜਾਵੇ।
ਸ੍ਰੀ ਥੋਰੀ ਨੇ ਕਿਹਾ ਕਿ ਮੈਡੀਕਲ ਮਾਹਿਰਾਂ ਅਨੁਸਾਰ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਵਲੋਂ ਦੇਰ ਨਾਲ ਰਿਪੋਰਟ ਕਰਨਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜਲਦੀ ਜਾਂਚ ਅਤੇ ਪਾਜ਼ੀਟਿਵ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਕਰਕੇ ਸਾਰੀ ਸਥਿਤੀ ਨੂੰ ਬਦਲਿਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਕੋਵਿਡ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਜਲਦੀ ਪਹਿਚਾਣ ਕਰਕੇ ਅਤੇ ਉਨਾਂ ਨੂੰ ਦੂਸਰਿਆਂ ਤੋਂ ਅਲੱਗ ਕਰਨ ਨਾਲ ਵਾਇਰਸ ਦੀ ਕੜੀ ਨੂੰ ਤੋੜਨ ਵਿੱਚ ਸਹਾਈ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਵਲੰਟੀਅਰਾਂ ਦੀਆਂ ਸਾਂਝੀਆਂ ਟੀਮਾਂ ਅੰਬੇਸਡਰ ਦੇ ਰੂਪ ਵਿੱਚ ਕੰਮ ਕਰਦਿਆਂ ਜਲਦੀ ਟੈਸਟ ਅਤੇ ਇਲਾਜ ਕਰਵਾਉਣ ਤੋਂ ਇਲਾਵਾ ਕੋਵਿਡ ਵੈਕਸੀਨ ਲਗਾਉਣ ਦੇ ਸੁਨੇਹੇ ਨੂੰ ਹੋਰ ਅੱਗੇ ਫੈਲਾਉਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਟੀਮਾਂ ਵਾਇਰਸ ਵਿਰੁੱਧ ਲੜਾਈ ਦੌਰਾਨ ਲੋਕਾਂ ਨੂੰ ਜਾਗਰੂਕ ਕਰਕੇ ਅਤੇ ਕੋਵਿਡ ਪ੍ਰੋਟੋਕਾਲ ਜਿਸ ਵਿੱਚ ਮਾਸਕ ਪਾਉਣਾ, ਹੱਥ ਧੋਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨਾ ਸ਼ਾਮਿਲ ਹੈ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੌਕਸ ਰਹਿ ਕੇ ਹੀ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ 100 ਫੀਸਦ ਵੈਕਸੀਨੇਸ਼ਨ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਏਗੀ । ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੋਵਿਡ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਸਿਹਤ ਅਧਿਕਾਰੀਆਂ ਨੁੂੰ ਇਹ ਵੀ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨਾਲ ਇਸ ਨੇਕ ਕਾਜ ਲਈ ਸੰਪਰਕ ਕੀਤਾ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਸੁਖਵਿੰਦਰ ਸਿੰਘ, ਯੂਥ ਕਾਂਗਰਸੀ ਆਗੂ ਅੰਗਦ ਦੱਤਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਰਣਦੀਪ ਸਿੰਘ ਗਿੱਲ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਇਕਬਾਲਜੀਤ ਸਿੰਘ ਵੀ ਹਾਜ਼ਰ ਸਨ।