ਹੁਸ਼ਿਆਰਪੁਰ: ਖਾਣ-ਪੀਣ ਦੀਆਂ ਵਸਤਾਂ ਦੇ ਰੇਹੜੀ ਵਾਲਿਆਂ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਦਿੱਤੇ ਛੋਟ ਦੇ ਹੁਕਮ
- ਰੇਹੜੀ ਵਾਲੇ ਸਿਰਫ ਟੇਕ-ਅਵੇ ਦੀ ਦੇ ਸਕਣਗੇ ਸਰਵਿਸ, ਰੇਹੜੀ ’ਤੇ ਖਿਲਾਉਣ ’ਤੇ ਹੋਵੇਗੀ ਪਾਬੰਦੀ
ਹੁਸ਼ਿਆਰਪੁਰ, 18 ਮਈ 2021 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਖਾਣ-ਪੀਣ ਦੀਆਂ ਵਸਤਾਂ ਦੀ ਰੇਹੜੀ ਲਗਾਉਣ ਵਾਲਿਆਂ ਨੂੰ ਰੋਜ਼ਾਨਾ ਸਵੇਰੇ 11 ਵਜੇ ਤੋਂ 3 ਵਜੇ ਤੱਕ ਰੇਹੜੀਆਂ ਲਗਾਉਣ ਦੀ ਛੋਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੋਈ ਵੀ ਰੇਹੜੀ ਵਾਲਾ ਆਪਣੀ ਰੇਹੜੀ ’ਤੇ ਕੁਝ ਨਹੀਂ ਖਿਲਾਵੇਗਾ ਬਲਕਿ ਟੇਕ-ਅਵੇ ਦੀ ਸਰਵਿਸ ਹੀ ਦੇ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਰੇਹੜੀ ਵਾਲਿਆਂ ਦੇ ਲਈ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸ ਦੌਰਾਨ ਰੇਹੜੀ ਵਾਲੇ ਜਿਥੇ ਖੁੱਦ ਵੀ ਮਾਸਕ ਲਗਾਉਣਾ ਜ਼ਰੂਰੀ ਬਣਾਉਣਗੇ ਉਥੇ ਬਿਨ੍ਹਾਂ ਮਾਸਕ ਦੇ ਕਿਸੇ ਨੂੰ ਵੀ ਟੇਕ-ਅਵੇ ਦੀ ਸੇਵਾ ਨਹੀਂ ਦੇਣਗੇ। ਇਸ ਤੋਂ ਇਲਾਵਾ ਸਾਰੇ ਰੇਹੜੀਆਂ ਵਾਲਿਆਂ ਨੂੰ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਦੇ ਨਾਲ-ਨਾਲ ਸੈਨੇਟਾਈਜ਼ਰ ਰੱਖਣਾ ਵੀ ਜ਼ਰੂਰੀ ਹੋਵੇਗਾ।