ਪੀ.ਐਨ.ਬੀ. ਬ੍ਰਾਂਚ ਮਮਦੋਟ ਅੱਗੇ ਉੱਡੀਆਂ ਕੋਰੋਨਾ ਨਿਯਮਾਂ ਦੀਆ ਧੱਜੀਆਂ
ਨਿਰਵੈਰ ਸਿੰਘ ਸਿੰਧੀ
ਮਮਦੋਟ 18 ਮਈ 2021 :- ਜਿੱਥੇ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੇ ਨਾਲ ਝੂਜ ਰਿਹਾ ਹੈ ਅਤੇ ਇਸ ਦੇ ਬਚਾਅ ਲਈ ਕੇਂਦਰ , ਸੂਬਾ ਸਰਕਾਰ ਦੇ ਨਾਲ ਨਾਲ ਸਿਹਤ ਵਿਭਾਗ ਵੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ , ਤਾਂ ਜੋ ਦੇਸ਼ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋ ਬਚਾਇਆ ਜਾ ਸਕੇ । ਸੂਬਾ ਸਰਕਾਰ ਵੱਲੋ ਇਸ ਮਹਾਂਮਾਰੀ ਤੋ ਬਚਾਅ ਲਈ ਲੋਕਾਂ ਨੂੰ ਮੂੰਹ ਤੇ ਮਾਸਕ ਲਗਾ ਕੇ ਬਾਹਰ ਨਿਕਲਣ ਅਤੇ 2 ਗਜ ਦੀ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ । ਇਸ ਦੇ ਨਾਲ ਹੀ ਇੱਕਠ ਨੂੰ ਘੱਟ ਕਰਨ ਲਈ ਦੁਕਾਨਾਂ ਖੋਲਣ ਅਤੇ ਬੰਦ ਕਰਨ ਦਾ ਸਮਾ ਵੀ ਨਿਸ਼ਚਿਤ ਕੀਤਾ ਗਿਆ ਹੈ ਤਾਂ ਜੋ ਜਿਆਦਾ ਲੋਕ ਇੱਕਠੇ ਨਾ ਹੋ ਸਕਣ ਅਤੇ ਕੋਰੋਨਾਂ ਦੇ ਨਿਯਮਾਂ ਦੀ ਪਾਲਣ ਕੀਤੀ ਜਾ ਸਕੇ ।
ਵੇਖਣ ਵਿਚ ਆਇਆ ਹੈ ਕਿ ਜਿਆਦਾਤਰ ਸਮਝਦਾਰ ਲੋਕ ਪ੍ਰਸ਼ਾਸ਼ਨ ਵੱਲੋ ਦਿੱਤੀਆ ਹਦਾਇਤਾਂ ਮੁਤਾਬਕ ਆਪਣਾ ਮੂੰਹ ਢੱਕ ਕੇ ਬਾਹਰ ਨਿਕਲਦੇ ਹਨ ਅਤੇ ਸਮਾਜਿਕ ਦੂਰੀ ਬਣਾਈ ਰੱਖਦੇ ਹਨ , ਤਾਂ ਜੋ ਇਸ ਕੋਰੋਨਾ ਮਹਾਂਮਾਰੀ ਤੋ ਬਚਿਆ ਜਾ ਸਕੇ । ਪ੍ਰੰਤੂ ਕਿਤੇ ਕਿਤੇ ਇਸ ਮਹਾਂਮਾਰੀ ਦੌਰਾਨ ਜਾਰੀ ਕੀਤੀਆ ਗਈਆਂ ਹਦਾਇਤਾਂ ਦੀ ਪਾਲਣਾ ਨਹੀ ਕੀਤੀ ਜਾ ਰਹੀ , ਅਜਿਹਾ ਹੀ ਇੱਕ ਮਾਮਲਾ ਅੱਜ ਮਮਦੋਟ ਦੇ ਪੀ.ਐਨ.ਬੀ. ਬੈਂਕ ਸਾਹਮਣੇ ਦੇਖਣ ਨੂੰ ਮਿਲਿਆ ।
ਇਸ ਮੌਕੇ ਤੇ ਪੱਤਰਕਾਰਾਂ ਵੱਲੋ ਜਦੋ ਦੇਖਿਆ ਗਿਆ ਕਿ ਵੱਡੀ ਗਿਣਤੀ ਵਿਚ ਲੋਕ ਬਿਨਾਂ ਸਮਾਜਿਕ ਦੂਰੀ ਬਣਾਏ ਇੱਕ ਦੂਸਰੇ ਦੇ ਨਾਲ ਲਗ ਕੇ ਖੜੇ ਸਨ ਅਤੇ ਕੋਰੋਨਾਂ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਸਨ , ਜਦੋ ਕਿ ਬੈਂਕ ਦੇ ਗਾਰਡ ਦੀ ਡਿਊਟੀ ਬਣਦੀ ਹੈ ਕਿ ਲੋਕਾਂ ਨੂੰ ਲਾਇਨਾਂ ਵਿਚ ਲਗਾ ਕੇ ਸਮਾਜਿਕ ਦੂਰੀ ਬਣਾ ਕੇ ਕੋਰੋਨਾ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ , ਇਸ ਮੌਕੇ ਤੇ ਦੇਖਿਆ ਗਿਆ ਕਿ ਲੋਕਾਂ ਨੂੰ ਸਮਾਜਿਕ ਦੂਰੀ ਵਿਚ ਖੜੇ ਰੱਖਣ ਲਈ ਕੋਈ ਨਿਸ਼ਾਨ ਨਹੀ ਲਗਾਏ ਗਏ ਸਨ । ਇੱਥੇ ਦੱਸਣਯੋਗ ਹੈ ਕਿ ਮਮਦੋਟ ਵਿਖੇ ਇਸ ਤੋ ਪਹਿਲਾਂ 1 ਹੋਰ ਪੰਜਾਬ ਨੈਸ਼ਨਲ ਬੈਂਕ ਦੀ ਬਰਾਚ ਚਾਲੂ ਸੀ ਜਿਸ ਨੂੰ ਬੰਦ ਕਰ ਦਿੱਤਾ ਗਿਆ ਹੈ । ਜਿਸ ਕਰਕੇ ਇਸ ਇਸ ਬਰਾਚ ਵਿਚ ਲੋਕਾਂ ਦਾ ਜਿਆਦਾ ਆਉਣਾ ਜਾਣਾ ਹੋ ਗਿਆ ਹੈ ।
ਕੀ ਕਹਿਣਾ ਹੈ ਬੈਂਕ ਮਨੈਜਰ ਦਾ :- ਇਸ ਸਬੰਧੀ ਜਦੋ ਇਸ ਬਰਾਚ ਦੇ ਮਨੈਜਰ ਰਜੀਵ ਮਹਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਸਬਾ ਮਮਦੋਟ ਵਿੱਚ ਇਸ ਤੋ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਦੀਆ 2 ਅਲੱਗ ਅਲੱਗ ਬਰਾਚਾਂ ਸਨ , ਜ਼ਿੰਨਾ ਵਿਚੋ ਇੱਕ ਬਰਾਚ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇੱਕ ਬਰਾਚ ਹੀ ਚੱਲ ਰਹੀ ਹੈ , ਜਿਸ ਕਰਕੇ ਇੱਥੇ ਗਾਹਕਾਂ ਦੀ ਜਿਆਦਾ ਭੀੜ ਲੱਗੀ ਹੋਈ ਹੈ, ਉਹਨਾਂ ਅੱਗੇ ਕਿਹਾ ਕਿ ਇੰਨੀ ਵੱਡੀ ਭੀੜ ਨੂੰ ਕਾਬੂ ਵਿਚ ਕਰਨਾ ਸਾਡੇ ਵੱਸ ਦੀ ਗਲ ਨਹੀ ਹੈ ।
ਕੀ ਕਹਿਣਾ ਹੈ ਲੋਕਾਂ ਦਾ :- ਬੈਂਕ ਵਿਚ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਇਸ ਬੈਂਕ ਦੀ ਬਰਾਚ ਅੱਗੇ ਵਹੀਕਲ ਖੜੇ ਕਰਨ ਵਾਸਤੇ ਪਾਰਕਿੰਗ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਨਾ ਹੀ ਕੋਈ ਛਾਂ ਵਗੈਰਾਂ ਦਾ ਪ੍ਰਬੰਧ ਹੈ । ਲੋਕਾਂ ਨੇ ਅੱਗੇ ਦੱਸਿਆਂ ਕਿ ਬੈਂਕ ਦੀ ਬਿਲਡਿੰਗ ਛੋਟੀ ਹੋਣ ਕਾਰਨ ਜਿਆਦਾਤਰ ਗਾਹਕ ਅੰਦਰ ਹੀ ਨਹੀ ਵੜ ਸਕਦੇ ।