ਕਰੀਬ 200 ਪਿੰਡਾਂ ਨੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ‘ਸੈਲਫ਼ ਲਾਕਡਾਊਨ’ ਕੀਤਾ ਲਾਗੂ: ਐੱਸਐੱਸਪੀ ਮਾਨਸਾ
ਸੰਜੀਵ ਜਿੰਦਲ
- ਹਰੇਕ ਪਿੰਡ ਵਿੱਚ ਲੋਕਾਂ ਨਾਲ ਤਾਲਮੇਲ ਰੱਖਣ ਲਈ ਪੁਲਿਸ ਅਧਿਕਾਰੀ ਤਾਇਨਾਤ
ਮਾਨਸਾ, 18 ਮਈ 2021 : ਜ਼ਿਲ੍ਹਾ ਮਾਨਸਾ ਦੇ ਪਿੰਡਾਂ ਨੂੰ ਕੋਰੋਨਾ ਮੁਕਤ ਕਰਨ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੇ ਰੰਗ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਤਹਿਤ ਜ਼ਿਲ੍ਹੇ ਦੇ ਕਰੀਬ 200 ਪਿੰਡਾਂ ਦੇ ਸਰਪੰਚਾਂ, ਪੰਚਾਂ ਤੇ ਹੋਰ ਮੋਹਤਬਰ ਵਿਅਕਤੀਆਂ ਨੇ ‘ਸੈਲਫ਼ ਲਾਕਡਾਊਨ’ ਦੀ ਸਖ਼ਤੀ ਨਾਲ ਪਾਲਣਾ ਆਰੰਭ ਕਰ ਦਿੱਤੀ ਹੈ। ਇਹ ਪ੍ਰਗਟਾਵਾ ਅੱਜ ਐਸਐਸਪੀ ਸ਼੍ਰੀ ਸੁਰੇਂਦਰ ਲਾਂਬਾ ਨੇ ਕੀਤਾ। ਉਨ੍ਹਾਂ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਜ਼ਿਲ੍ਹੇ ਦੇ ਬਾਕੀ ਪਿੰਡ ਵੀ ਇਸੇ ਤਰਜ਼ ’ਤੇ ਲਾਕਡਾਊਨ ਸਬੰਧੀ ਪਾਬੰਦੀਆਂ ਦੀ ਪਾਲਣਾ ਲਈ ਅੱਗੇ ਆਉਣਗੇ ਅਤੇ ਮਾਨਵਤਾ ਨੂੰ ਬਚਾਉਣ ਲਈ ਪਿੰਡਾਂ ਵਿੱਚ ਚੌਕਸੀ ਨੂੰ ਵਧਾਉਣਾ ਸਮੇਂ ਦੀ ਅਹਿਮ ਲੋੜ ਹੈ।
ਐਸ.ਐਸ.ਪੀ ਨੇ ਦੱਸਿਆ ਕਿ ਗਰੀਬ ਤੇ ਬੇਸਹਾਰਾ ਕੋਵਿਡ ਮਰੀਜ਼ ਪੱਕਿਆ ਹੋਇਆ ਭੋਜਨ ਪ੍ਰਾਪਤ ਕਰਨ ਵਾਸਤੇ ਹੈਲਪਲਾਈਨ ਨੰਬਰ 118 ਅਤੇ 112 ’ਤੇ ਕਾਲ ਕਰ ਸਕਦੇ ਹਨ ਅਤੇ ਪੰਜਾਬ ਪੁਲਿਸ ਵੱਲੋਂ ਅਜਿਹੇ ਲੋੜਵੰਦਾਂਨੂੰ ਪੱਕਿਆ ਹੋਇਆ ਤਿਆਰ ਖਾਣਾ ਘਰ ਵਿੱਚ ਪਹੁੰਚਾਇਆ ਜਾਵੇਗਾ। ਪੰਜਾਬ ਸਰਕਾਰ ਦੁਆਰਾ ਵੀ ਕੋਰੋਨਾ ਮਰੀਜ਼ਾਂ ਲਈ ਰਾਸ਼ਨ ਘਰ ਘਰ ਪਹੁੰਚਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੋਕਾਂ ਦੁਆਰਾ ਇਸ ਮਹਾਂਮਾਰੀ ਦੌਰਾਨ ਦਿੱਤੇ ਜਾ ਰਹੇ ਸਹਿਯੋਗ ਲਈ ਰਿਣੀ ਹੈ।
ਉਨ੍ਹਾਂ ਦੱਸਿਆ ਕਿ ਹਰ ਇਕ ਪਿੰਡ ਵਿਚ ਪੁਲਿਸ ਅਫ਼ਸਰ ਲਗਾਇਆ ਗਿਆ ਹੈ ਜ਼ੋ ਕਿ ਪਿੰਡ ਦੇ ਸਰਪੰਚ, ਪੰਚਾਇਤ ਮੈਂਬਰ, ਮੋਹਤਬਰ ਵਿਅਕਤੀਆਂ, ਯੂਥ ਮੈਂਬਰ, ਆਰ.ਐਮ.ਪੀ. ਡਾਕਟਰ, ਆਸ਼ਾ ਵਰਕਰ, ਏਐਨਐਮ. ਨਾਲ ਮਿਲ ਕੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਲੜਾਈ ਵਿਚ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਲਈ ਪਿੰਡ ਵਾਸੀ ਵਿਲੇਜ਼ ਪੁਲਿਸ ਅਫ਼ਸਰ ਨਾਲ ਰਾਬਤਾ ਕਰ ਸਕਦੇ ਹਨ।
ਐਸ.ਐਸ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਦੀ ਇਸ ਦੂਜੀ ਲਹਿਰ ਨੂੰ ਹਰਾਉਣ ਵਿਚ ਸਹਿਯੋਗ ਦੇਣ, ਜਿਸ ਤਹਿਤ ਸਿਹਤ ਸਲਾਹਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਨਾਲ ਗ਼ੈਰ ਜ਼ਰੂਰੀ ਕਿਸੇ ਵੀ ਗਤੀਵਿਧੀ ਲਈ ਘਰ ਤੋਂ ਬਾਹਰ ਨਾ ਜਾਇਆ ਜਾਵੇ। ਉਨ੍ਹਾਂ ਕਿਹਾ ਘਰ ਵਿਚ ਅਤੇ ਘਰ ਤੋਂ ਬਾਹਰ ਮਾਸਕ ਪਾਉਣ ਦੇ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਕੋਰੋਨਾ ਵੈਕਸੀਨ ਅਤੇ ਸਿਹਤ ਸੇਵਾਵਾਂ ਸਬੰਧੀ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਤਾੜਨਾ ਕਰਦਿਆਂ ਐਸ.ਐਸ.ਪੀ. ਨੇ ਕਿਹਾ ਕਿ ਅਜਿਹੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਜੋ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼ੋਸ਼ਲ ਮੀਡੀਆ ਪਲੇਟਫਾਰਮ ਦੀ ਦੁਰਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਅਫ਼ਵਾਹਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਪੁਲਿਸ ਕੇਸ ਦਰਜ਼ ਕੀਤਾ ਜਾਵੇਗਾ।