ਬਿਮਾਰੀਆਂ ਨਾਲ ਪੀੜਤ ਵਿਅਕਤੀਆਂ ਲਈ ਕੋਰੋਨਾ ਘਾਤਕ ਸਿੱਧ ਹੋ ਰਿਹਾ : ਡਾ. ਗੀਤਾਂਜਲੀ
- ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਸੱਦਾ
ਨਵਾਂ ਸ਼ਹਿਰ 18 ਮਈ : ਕਮਿਊਨਿਟੀ ਸਿਹਤ ਕੇਂਦਰ ਰਾਹੋਂ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਅਤੇ ਡਾ ਊਸ਼ਾ ਕਿਰਨ ਦੀ ਅਗਵਾਈ ਵਿਚ ਅੱਜ ਵਿਸ਼ਵ ਹਾਈਪਰਟੈਂਸ਼ਨ ਦਿਵਸ ਮਨਾਇਆ ਗਿਆ। ਇਸ ਸਾਲ ਵਿਸ਼ਵ ਹਾਈਪਰਟੈਂਸ਼ਨ ਦਿਵਸ ਦਾ ਵਿਸ਼ਾ ‘ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਤਰ੍ਹਾਂ ਮਾਪੋ, ਇਸ ਨੂੰ ਨਿਯੰਤਰਣ ਕਰੋ, ਜਿਊਂਦੇ ਰਹੋ’ ਸੀ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਗੀਤਾਂਜਲੀ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਜ਼ਿੰਦਗੀ ਵਿੱਚ ਜ਼ਿਆਦਾ ਭੱਜ-ਦੌੜ ਹੋਣ ਕਾਰਨ ਲੋਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦੇ ਹਨ, ਜਿਸ ਕਰਕੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਆਮ ਹੋ ਗਈਆਂ ਹਨ। ਉਨ੍ਹਾਂ ਇਸ ਬਿਮਾਰੀ ਦੇ ਲੱਛਣ, ਪ੍ਰਹੇਜ਼ ਤੇ ਕਾਰਨਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਸਾਰੇ ਆਮ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਨਿਰੰਤਰ ਜਾਂਚ ਕਰਵਾਉਣ ਦੀ ਅਪੀਲ ਕੀਤੀ।
ਉਨ੍ਹਾਂ ਮੌਜੂਦਾ ਸਮੇਂ ਵਿਚ ਕੋਰੋਨਾ ਮਹਾਂਮਾਰੀ ਗੰਭੀਰ ਸਥਿਤੀ ਦੇ ਮੱਦੇਨਜ਼ਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਮਹਾਂਮਾਰੀ ਬਿਮਾਰੀਆਂ ਨਾਲ ਤੋਂ ਪੀੜਤ ਵਿਅਕਤੀਆਂ ਲਈ ਬਹੁਤ ਜ਼ਿਆਦਾ ਘਾਤਕ ਸਿੱਧ ਹੋਈ ਹੈ ਅਤੇ ਕੋਵਿਡ-19 ਮਰੀਜ਼ਾਂ ਦਾ ਇੱਕ ਵੱਡਾ ਹਿੱਸਾ, ਜੋ ਇਸ ਵਿਸ਼ਾਣੂ ਦਾ ਸ਼ਿਕਾਰ ਹੋ ਗਿਆ, ਹਾਈਪਰਟੈਨਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਸੀ।
ਇਸ ਮੌਕੇ ਰੂਰਲ ਮੈਡੀਕਲ ਅਫਸਰ ਡਾ ਰਣਜੀਤ ਹਰੀਸ਼ ਨੇ ਦੱਸਿਆ ਕਿ ਖੂਨ ਦੇ ਦਬਾਅ ਦਾ ਵਧਣਾ ਜਾਂ ਘਟਣਾ ਦੋਵੇਂ ਖਤਰਨਾਕ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਾਈਪਰਟੈਨਸ਼ਨ ਦਾ ਇਲਾਜ ਸਮੇਂ ਸਿਰ ਨਾ ਕਰਵਾਇਆ ਜਾਵੇ ਤਾਂ ਇਹ ਦਿਲ ਦੇ ਦੌਰੇ, ਅਧਰੰਗ, ਅੰਨਾਪਨ, ਗੁਰਦਿਆਂ ਦੀਆਂ ਬਿਮਾਰੀਆਂ, ਮਾਨਸਿਕ ਤਣਾਅ ਆਦਿ ਦਾ ਕਾਰਣ ਬਣ ਸਕਦਾ ਹੈ।
ਇਸ ਦੌਰਾਨ ਬਲਾਕ ਐਜੂਕੇਟਰ ਮਨਿੰਦਰ ਸਿੰਘ ਨੇ ਕਿਹਾ ਕਿ ਹਾਈਪਰਟੈਨਸ਼ਨ ਤੋਂ ਬਚਾਅ ਲਈ ਖਾਣ ਵਿੱਚ ਚਰਬੀ ਦੀ ਮਾਤਰਾ ਨੂੰ ਘੱਟ ਕੀਤਾ ਜਾਵੇ, ਸਬਜ਼ੀਆਂ ਅਤੇ ਫਲਾਂ ਆਦਿ ਦਾ ਸੇਵਨ ਜ਼ਿਆਦਾ ਕੀਤਾ ਜਾਵੇ, ਵਜ਼ਨ ਨੂੰ ਕੰਟਰੋਲ ਕੀਤਾ ਜਾਵੇ, ਤੰਬਾਕੂ ਅਤੇ ਸਿਗਰਟ ਦੀ ਵਰਤੋਂ ਬੰਦ ਕੀਤੀ ਜਾਵੇ, ਸ਼ਰਾਬ ਦੀ ਮਾਤਰਾ ਘੱਟ ਕੀਤੀ ਜਾਵੇ, ਹਫਤੇ ਵਿੱਚ ਘੱਟੋ-ਘੱਟ ਪੰਜ ਦਿਨ ਕਸਰਤ ਲਈ ਸਮਾਂ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਆਪਣੀ ਜੀਵਨਸ਼ੈਲੀ ਵਿਚ ਬਦਲਾਅ ਕਰਕੇ ਹਾਈਪਰਟੈਨਸ਼ਨ ਤੋਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ, ਦੀਪਿਕਾ ਸ਼ਰਮਾ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।