ਕੋਵਿਡ-19 ਮਹਾਂਮਾਰੀ ਦੌਰਾਨ ਡਾਕਟਰੀ ਦੇਖਭਾਲ ਅਤੇ ਰਾਹਤ ਪ੍ਰਦਾਨ ਕਰਨ ਲਈ ਈ.ਐਸ.ਆਈ.ਸੀ. ਨੇ ਆਪਣੇ ਲਾਭਪਾਤਰੀਆਂ ਤੱਕ ਪਹੁੰਚ ਬਣਾਈ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 18 ਮਈ 2021 - ਬੀਮਾਯੁਕਤ ਵਿਅਕਤੀ ਅਤੇ/ਜਾਂ ਉਸਦੇ ਪਰਿਵਾਰਕ ਮੈਂਬਰ ਦੇ ਕੋਵਿਡ-19 ਤੋਂ ਪੀੜਤ ਹੋਣ ਦੀ ਸਥਿਤੀ ਵਿੱਚ ਉਹ ਕੋਵਿਡ-19 ਸਮਰਪਿਤ ਹਸਪਤਾਲ ਘੋਸ਼ਿਤ ਕੀਤੀ ਗਈ ਕਿਸੇ ਵੀ ਈਐਸਆਈਸੀ/ ਈਐਸਆਈਐਸ ਹਸਪਤਾਲ ਵਿੱਚ ਮੁਫਤ ਡਾਕਟਰੀ ਸੇਵਾਵਾਂ ਲੈ ਸਕਦੇ ਹਨ। ਇਹ ਜਾਣਕਾਰੀ ਕਰਮਚਾਰੀ ਰਾਜ ਬੀਮਾ ਨਿਗਮ ਨੇ ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।
ਮੌਜੂਦਾ ਸਮੇਂ 21 ਈਐਸਆਈਸੀ ਹਸਪਤਾਲ ਈਐਸਆਈਸੀ ਦੁਆਰਾ ਸਿੱਧੇ ਤੌਰ 'ਤੇ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ 3676 ਕੋਵਿਡ ਆਈਸੋਲੇਸ਼ਨ ਬੈੱਡ, 229 ਆਈਸੀਯੂ ਬੈੱਡ ਅਤੇ 163 ਵੈਂਟੀਲੇਟਰ ਬੈੱਡ ਹਨ। ਇਸ ਦੇ ਨਾਲ ਹੀ 26 ਈਐਸਆਈ ਸਕੀਮ ਹਸਪਤਾਲ ਸੂਬਾ ਸਰਕਾਰ ਦੁਆਰਾ ਚਲਾਏ ਜਾ ਰਹੇ ਜਿਹਨਾਂ ਵਿੱਚ 2023 ਬੈੱਡਾਂ ਹਨ ਜੋ ਕੋਵਿਡ -19 ਸਮਰਪਿਤ ਹਸਪਤਾਲਾਂ ਵਜੋਂ ਕਾਰਜਸ਼ੀਲ ਹਨ।
ਉਪਰੋਕਤ ਤੋਂ ਇਲਾਵਾ ਹਰੇਕ ਈਐਸਆਈਸੀ ਹਸਪਤਾਲ ਨੂੰ ਆਪਣੀ ਬੈੱਡਾਂ ਦੀ ਸਮਰੱਥਾ ਦੇ ਘੱਟੋ ਘੱਟ 20% ਈਐਸਆਈ ਆਈਪੀਜ਼, ਲਾਭਪਾਤਰੀਆਂ, ਸਟਾਫ ਅਤੇ ਪੈਨਸ਼ਨਰਾਂ ਲਈ ਸਮਰਪਤ ਕੋਵਿਡ ਬੈੱਡਾਂ ਵਜੋਂ ਕਾਰਜਸ਼ੀਲ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਪਲਾਜ਼ਮਾ ਥੈਰੇਪੀ, ਜਿਸ ਨੇ ਗੰਭੀਰ ਕੋਵਿਡ-19 ਮਰੀਜ਼ਾਂ ਦੀ ਜਾਨ ਬਚਾਉਣ ਵਿੱਚ ਮਿਸਾਲੀ ਭੂਮਿਕਾ ਨਿਭਾਈ ਹੈ, ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਾਬਾਦ (ਹਰਿਆਣਾ) ਅਤੇ ਈਐਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ, ਸਨਥ ਨਗਰ (ਤੇਲੰਗਾਨਾ) ਵਿੱਚ ਉਪਲਬਧ ਹੈ।
ਈਐਸਆਈ ਲਾਭਪਾਤਰੀ ਆਪਣੇ ਦੇ ਅਧਿਕਾਰ ਅਨੁਸਾਰ ਬਿਨਾਂ ਕਿਸੇ ਰੈਫਰਲ ਪੱਤਰ ਦੇ ਸਿੱਧਾ ਟਾਈ-ਅਪ ਹਸਪਤਾਲ ਤੋਂ ਐਮਰਜੈਂਸੀ / ਗੈਰ-ਐਮਰਜੈਂਸੀ ਡਾਕਟਰੀ ਇਲਾਜ ਦੀ ਮੰਗ ਕਰ ਸਕਦੇ ਹਨ।
ਜੇਕਰ ਕੋਵਿਡ-19 ਮਰੀਜ ਜਾਂ ਉਸ ਦਾ ਪਰਿਵਾਰਕ ਮੈਂਬਰ ਕੋਵਿਡ ਪੀੜਤ ਹੋਣ ‘ਤੇ ਕਿਸੇ ਪ੍ਰਾਈਵੇਟ ਸੰਸਥਾ ਵਿੱਚ ਇਲਾਜ ਕਰਵਾਉਂਦਾ ਹੈ ਤਾਂ ਉਹ ਖਰਚੇ ਦੀ ਅਦਾਇਗੀ ਦਾ ਦਾਅਵਾ ਕੀਤਾ ਜਾ ਸਕਦਾ ਹੈ।
ਉਪਰੋਕਤ ਦੱਸੇ ਮੈਡੀਕਲ ਲਾਭ ਤੋਂ ਇਲਾਵਾ ਨਕਦ ਲਾਭ ਬਾਰੇ ਇਹ ਦੱਸਿਆ ਗਿਆ ਕਿ ਜੇਕਰ ਬੀਮਾਯੁਕਤ ਵਿਅਕਤੀ ਕੋਵਿਡ ਪੀੜਤ ਹੋਣ ਕਾਰਨ ਆਪਣੇ ਕੰਮ ‘ਤੇ ਨਹੀਂ ਜਾ ਸਕਿਆ ਤਾਂ ਉਹ ਆਪਣੇ ਅਧਿਕਾਰ ਅਨੁਸਾਰ ਬੀਮਾਰੀ ਸਬੰਧੀ ਲਾਭ ਲਈ ਦਾਅਵਾ ਕਰ ਸਕਦਾ ਹੈ। ਬਿਮਾਰੀ ਸਬੰਧੀ ਲਾਭ ਵਿੱਚ 91 ਦਿਨਾਂ ਲਈ ਔਸਤਨ ਰੋਜ਼ਾਨਾ ਦਿਹਾੜੀ ਦੇ 70% ਦਾ ਭੁਗਤਾਨ ਕੀਤਾ ਜਾਂਦਾ ਹੈ।
ਜੇਕਰ ਕੋਈ ਬੀਮਾਯੁਕਤ ਵਿਅਕਤੀ ਬੇਰੁਜ਼ਗਾਰ ਹੋ ਜਾਂਦਾ ਹੈ ਤਾਂ ਉਹ ਅਟਲ ਬੀਮਿਤ ਵਿਆਕਤੀ ਕਲਿਆਣ ਯੋਜਨਾ (ਏ.ਬੀ.ਵੀ.ਕੇ.ਵਾਈ.) ਅਧੀਨ ਵੱਧ ਤੋਂ ਵੱਧ 90 ਦਿਨਾਂ ਲਈ ਪ੍ਰਤੀ ਦਿਨ ਔਸਤਨ ਕਮਾਈ ਦੇ 50% ਤਹਿਤ ਰਾਹਤ ਪ੍ਰਾਪਤ ਕਰ ਸਕਦਾ ਹੈ। ਇਸ ਰਾਹਤ ਦਾ ਲਾਭ ਪ੍ਰਾਪਤ ਕਰਨ ਲਈ, ਬੀਮਾਯੁਕਤ ਵਿਅਕਤੀ www.esic.in 'ਤੇ ਆਪਣਾ ਦਾਅਵਾ ਆਨਲਾਈਨ ਜਮ੍ਹਾ ਕਰ ਸਕਦਾ ਹੈ।
ਜੇਕਰ ਕੋਈ ਬੀਮਾਯੁਕਤ ਵਿਅਕਤੀ ਆਈ.ਡੀ. ਐਕਟ, 1947 ਅਨੁਸਾਰ ਫੈਕਟਰੀ/ਸਥਾਪਨਾ ਦੇ ਬੰਦ ਹੋਣ ਕਾਰਨ ਬੇਰੁਜ਼ਗਾਰ ਹੋ ਜਾਂਦਾ ਹੈ, ਤਾਂ ਉਹ ਆਰਜੀਐਸਕੇਵਾਈ ਅਧੀਨ ਯੋਗਤਾ ਪੂਰੀ ਕਰਨ ‘ਤੇ 02 ਸਾਲਾਂ ਲਈ ਬੇਰੁਜ਼ਗਾਰੀ ਭੱਤੇ ਦਾ ਦਾਅਵਾ ਕਰ ਸਕਦਾ ਹੈ।
ਕਿਸੇ ਵੀ ਬੀਮਾਯੁਕਤ ਵਿਅਕਤੀ ਦੀ ਬਦਕਿਸਮਤੀ ਨਾਲ ਮੌਤ ਹੋਣ ਦੀ ਸਥਿਤੀ ਵਿੱਚ, ਉਸਦੇ ਪਰਿਵਾਰ ਦੇ ਸਭ ਤੋਂ ਵੱਡੇ ਜੀਵਤ ਮੈਂਬਰ ਨੂੰ ਅੰਤਮ ਸਸਕਾਰ ਲਈ 15000 ਰੁਪਏ ਦਿੱਤੇ ਜਾਂਦੇ ਹਨ।