ਅਬੋਹਰ 'ਚ ਲੱਗਿਆ ਆਯੁਰਵੈਦਿਕ ਕਾੜ੍ਹੇ ਦਾ ਲੰਗਰ
ਇੰਦਰਜੀਤ ਸਿੰਘ
ਅਬੋਹਰ, 18 ਮਈ 2021 - ਇਕ ਪਾਸੇ ਜਿਥੇ ਕੋਰੋਨਾ ਆਪਣੇ ਪੈਰ ਬੜੀ ਤੇਜੀ ਨਾਲ ਪਸਾਰ ਰਿਹਾ ਹੈ ਉਥੇ ਹੀ ਕੋਰੋਨਾ ਦੇ ਇਨ੍ਹਾਂ ਪੈਰਾਂ ਨੂੰ ਠੱਲ ਪਾਉਣ ਲਈ ਸਰਕਾਰਾਂ ਸਣੇ ਸਮਾਜਿਕ , ਧਾਰਮਿਕ ਸੰਸਥਾਵਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ । ਇਸੇ ਕੜੀ ਤਹਿਤ ਅੱਜ ਅਬੋਹਰ ਵਿਖੇ ਕੋਰੋਨਾ ਨਾਲ ਲੜਨ ਲਈ ਲੋਕਾਂ ਦੀ ਇਮਨਿਊਟੀ ਪਾਵਰ ਵਧਾਉਣ ਲਈ ਆਯੁਰਵੈਦਿਕ ਨੁਸਖੇ ਨਾਲ ਤਿਆਰ ਕਾੜ੍ਹੇ ਦਾ ਲੰਗਰ ਬਸ ਅੱਡੇ ਦੇ ਨੇੜੇ ਸਥਿਤ ਮਾਡਰਨ ਹਾਂਡਾ ਸ਼ੋਰੂਮ 'ਤੇ ਰਾਜ ਰਾਣੀ ਬੰਸਲ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਲਾਇਆ ਗਿਆ। ਨਾਲ ਹੀ ਕਾੜ੍ਹੇ ਨਾਲ ਭਰੇ ਇਕ ਰਥ ਨੂੰ ਵੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ 'ਚ ਭੇਜਿਆ ਗਿਆ। ਜਿਸਨੇ ਲੋਕਾਂ ਨੂੰ ਘਰ ਘਰ ਜਾਕੇ ਇਸ ਕਾੜ੍ਹੇ ਨੂੰ ਪਿਆਉਣ ਦੀ ਸ਼ੁਰੂਆਤ ਕੀਤੀ । ਕਾੜ੍ਹੇ ਦਾ ਲੰਗਰ ਤਿੰਨ ਦਿਨ ਜਾਰੀ ਰਹੇਗਾ ।
ਜਿੱਥੇ ਇਸਦੀ ਸ਼ੁਰੂਆਤ ਅਬੋਹਰ ਕਾਂਗਰਸ ਦੇ ਵਿਕਾਸ ਪ੍ਰਭਾਰੀ ਸੰਦੀਪ ਜਾਖੜ ਨੇ ਕੀਤੀ ਅਤੇ ਇਸਦਾ ਲੰਗਰ ਲਾਉਣ ਵਾਲੇ ਮਾਡਰਨ ਹਾਂਡਾ ਦੇ ਮਾਲਕਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਜਿਨ੍ਹਾਂ ਵਲੋਂ ਕੋਰੋਨਾ ਦੇ ਇਸ ਪ੍ਰਕੋਪ ਦੌਰਾਨ ਬਚਾਉਣ ਅਤੇ ਇਮਨਿਊਟੀ ਸਿਸਟਮ ਨੂੰ ਕੋਰੋਨਾ ਨਾਲ ਲੜਨ ਲਈ ਕਾੜ੍ਹਾ ਪਿਲਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਮਾਸ਼ਕ ਸਣੇ ਹੋਰ ਹਦਾਇਤਾਂ ਦਾ ਪਾਲਣ ਕਰਨਾ ਜਰੂਰੀ ਹੈ ਤਾਂਜੋ ਕੋਰੋਨਾ ਨੂੰ ਹਰਾਇਆ ਜਾ ਸਕੇ ।
ਇਸ ਮੌਕੇ ਮਾਡਰਨ ਹਾਂਡਾ ਦੇ ਗੰਗਾਧਰ ਬਾਂਸਲ ਨੇ ਦੱਸਿਆ ਕਿ ਇਹ ਕਾੜ੍ਹਾ ਪੂਰਨ ਤੌਰ 'ਤੇ ਆਯੁਰਵੈਦਿਕ ਤਰੀਕੇ ਨਾਲ ਅਤੇ ਆਯੁਰਵੈਦਿਕ ਨੁਸਖੇ ਨਾਲ ਆਯੁਰਵੈਦਿਕ ਚੀਜਾਂ ਨਾਲ ਤਿਆਰ ਕੀਤਾ ਗਿਆ ਹੈ । ਇਸਦੇ ਪੀਣ ਨਾਲ ਵਿਅਕਤੀ ਦੀ ਇਮਨਿਊਟੀ ਪਾਵਰ ਵਿਚ ਵਾਧਾ ਹੁੰਦਾ ਹੈ ਜੋ ਕੋਰੋਨਾ ਦੇ ਪ੍ਰਭਾਵ ਨੂੰ ਰੋਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਵਿੱਚ ਤੁਲਸੀ ,ਦਾਲ ਚੀਨੀ , ਸੌਂਠ ,ਕਾਲੀ ਮਿਰਚ ,ਗਿਲੋਅ ਸਮੇਤ ਖ਼ਾਸ ਤੌਰ 'ਤੇ ਅਸ਼ਵ ਗੰਧਾ ਦਾ ਪ੍ਰਯੋਗ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਕਾੜ੍ਹੇ ਨੂੰ ਬਿਲਕੁਲ ਮੁਫ਼ਤ ਲੋਕਾਂ ਨੂੰ ਪਿਲਾਇਆ ਜਾ ਰਿਹਾ ਹੈ ਅਤੇ ਲੋਕ ਇਸਨੂੰ ਆਪਣੀ ਜਰੂਰਤ ਮੁਤਾਬਿਕ ਆਪਣੇ ਪਰਿਵਾਰ , ਰਿਸ਼ਤੇਦਾਰਾਂ ਲਈ ਵੀ ਲੈਕੇ ਜਾ ਸਕਦੇ ਹਨ ।