ਕੋਰੋਨਾ ਸੰਕਟ ਦੌਰਾਨ ਦੋ ਸਰਕਾਰੀ ਹਸਪਤਾਲਾਂ ਨੂੰ ਸਾਜ਼ੋ ਸਮਾਨ ਭੇਂਟ
ਅਸ਼ੋਕ ਵਰਮਾ
ਬਠਿੰਡਾ,19 ਮਈ2021:ਕੋਰੋਨਾਵਾਇਰਸ ਦੀ ਦੂਜੀ ਲਹਿਰ ਦੀ ਸਥਿਤੀ ਦੌਰਾਨ ਹਸਪਤਾਲਾਂ ਨੂੰ ਸਾਜ਼ੋ ਸਮਾਨ ਦੀ ਘਾਟ ਦਾ ਸਾਹਮਣਾ ਕਰਨ ਨੂੰ ਦੇਖਦਿਆਂ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਮਨੁੱਖਤਾ ਦੀ ਸੇਵਾ ਦੇ ਮੰਤਵ ਨਾਲ ਕਮਿਊਨਿਟੀ ਹੈਲਥ ਸੈਂਟਰ ਸੰਗਤ ਅਤੇ ਸਬ-ਡਵੀਜ਼ਨਲ ਹਸਪਤਾਲ ਘੁੱਦਾ ਨੂੰ ਲੋੜੀਂਦੀਆਂ ਦਵਾਈਆਂ, ਫਰਿੱਜ, ਕੰਪਿਊਟਰ ਅਤੇ ਪਿ੍ਰੰਟਰ ਭੇਂਟ ਕੀਤੇ ਹਨ। ਇਸ ਸਮਾਨ ਤੇ 2.75 ਲੱਖ ਰੁਪਿਆ ਖਰਚ ਆਇਆ ਹੈ ਜਿਸ ਨੂੰ ਯੂਨੀਵਰਸਿਟੀ ਦੇ ਅਧਿਕਾਰੀਆਂ, ਫੈਕਲਟੀ ਅਤੇ ਸਟਾਫ ਮੈਂਬਰਾਂ ਨੇ ਕੋਰੋਨਾ ਸੰਕਟ ਦੌਰਾਨ ਲੋੜਵੰਦਾਂ ਦੀ ਸਹਾਇਤਾ ਲਈ ਸਵੈ-ਇੱਛਾ ਨਾਲ ਇਕੱਤਰ ਕੀਤਾ ਸੀ। ਸੰਗਤ ਹਸਪਤਾਲ ਨੂੰ ਦਵਾਈਆਂ, 1ਫਰਿੱਜ (185ਲੀਟਰ ), 1ਕੰਪਿਊਟਰ ਅਤੇ 1ਪਿ੍ਰੰਟਰ ਦਿੱਤਾ ਗਿਆ ਹੈ ਜਦੋਂਕਿ ਘੁੱਦਾ ਹਸਪਤਾਲ ਨੂੰ ਦਵਾਈਆਂ ਅਤੇ ਹੋਰ ਵਸਤਾਂ ਦੀ ਸਟੋਰੇਜ ਲਈ 1ਫਰਿੱਜ ਮੁਹੱਈਆ ਕਰਵਾਇਆ ਗਿਆ।
ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਰਾਘਵੇਂਦਰ ਪੀ.ਤਿਵਾੜੀ ਨੇ ਅੱਜ ਸੰਗਤ ਹਸਪਤਾਲ ਦੀ ਐਸ ਐਮ ਓ ਡਾ. ਅੰਜੂ ਕਾਂਸਲ ਅਤੇ ਘੁੱਦਾ ਹਸਪਤਾਲ ਦੀ ਸੀਨੀਅਰ ਮੈਡੀਕਲ ਅਫਸਰ ਡਾ. ਨਵਦੀਪ ਕੌਰ ਸਰਾਂ ਨੂੰ ਸੌਂਪੀਆਂ । ਇਸ ਮੌਕੇ ਦੋਵੇਂ ਸੀਨੀਅਰ ਮੈਡੀਕਲ ਅਫਸਰਾਂ ਡਾ. ਅੰਜੂ ਕਾਂਸਲ ਅਤੇ ਡਾ. ਨਵਦੀਪ ਕੌਰ ਸਰਾਂ ਨੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਸਟਾਫ ਦਾ ਇਸ ਉਪਰਾਲੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਾਜ਼ੋ ਸਮਾਨ ਸਮਾਜ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਉਨ੍ਹਾਂ ਦੀ ਸਹਾਇਤਾ ਕਰੇਗਾ। ਡਾਕਟਰਾਂ ਅਤੇ ਕੋਰੋਨਾ ਫਰੰਟਲਾਈਨ ਯੋਧਿਆਂ ਦੀ ਹੌਂਸਲਾ ਅਫਜ਼ਾਈ ਅਤੇ ਪੀੜਤਾਂ ਦੀ ਸਹਾਇਤਾ ਲਈ ਲੋੜੀਂਦਾ ਸਮਾਨ ਦੇ ਕੇ ਆਪਣਾ ਫਰਜ਼ ਨਿਭਾਇਆ ਹੈ।
ਉਨ੍ਹਾਂ ਆਖਿਆ ਕਿ ਕਰੋਨਾ ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰਨ ਅਤੇ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਅਤੇ ਜਰੂਰਤਮੰਦ ਵਿਅਕਤੀਆਂ ਦੀ ਸਾਇਤਾ ਕਰਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਇਸ ਤੋਂ ਪਹਿਲਾਂ, ਯੂਨੀਵਰਸਿਟੀ ਨੇ ਬਠਿੰਡਾ ਪ੍ਰਸ਼ਾਸ਼ਨ ਅਤੇ ਏਮਜ਼ ਬਠਿੰਡਾ ਨੂੰ 26ਆਕਸੀਜਨ ਸਿਲੰਡਰ ਪ੍ਰਦਾਨ ਕੀਤੇ ਸਨ ਜਿੰਨ੍ਹਾਂ ਨੂੰ ਸਮੇਂ ਸਿਰ ਆਕਸੀਜਨ ਦੀ ਸਪਲਾਈ ਯਕੀਨੀ ਬਨਾਉਣ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਵਰਤਿਆ ਜਾ ਰਿਹਾ ਹੈ।
ਇਸ ਮੌਕੇ ਕੰਵਲ ਪਾਲ ਸਿੰਘ ਮੁੰਦਰਾ (ਰਜਿਸਟਰਾਰ), ਪ੍ਰੋ: ਆਰ.ਕੇ. ਵੁਸੀਰਿਕਾ(ਡੀਨ ਇੰਚਾਰਜ ਅਕਾਦਮਿਕਸ), ਪ੍ਰੋ: ਵੀ.ਕੇ. ਗਰਗ(ਡੀਨ ਵਿਦਿਆਰਥੀ ਭਲਾਈ), ਸ੍ਰੀਮਤੀ ਸ਼ਵੇਤਾ ਅਰੋੜਾ(ਡਿਪਟੀ ਰਜਿਸਟਰਾਰ), ਡਾ: ਵਿਨੋਦ ਪਠਾਨੀਆ, ਡਾ: ਗੌਰਵ ਟੰਡਨ(ਸਹਾਇਕ ਰਜਿਸਟਰਾਰ), ਡਾ. ਰਬਿੰਦਰਾ(ਟੈਕਨੀਕਲ ਅਫਸਰ), ਰੌਬਿਨਜਿੰਦਲ(ਲੋਕ ਸੰਪਰਕ ਅਧਿਕਾਰੀ), ਸਾਹਿਲ ਪੁਰੀ(ਬਲਾਕ ਐਕਸਟੈਨਸ੍ਰਨ ਐਜੂਕੇਟਰ) ਅਤੇ ਹਸਪਤਾਲਾਂ ਦੇ ਸਟਾਫ ਮੈਂਬਰ ਹਾਜਰ ਸਨ