ਪਿੰਡਾਂ ਅੰਦਰ ਕੋਵਿਡ ਦੀ ਰੋਕਥਾਮ ਲਈ 15 ਦਿਨਾ ਮੁਹਿੰਮ ਅੱਜ 19 ਮਈ ਤੋਂ - ਡੀ ਸੀ ਕਪੂਰਥਲਾ
ਬਲਵਿੰਦਰ ਸਿੰਘ ਧਾਲੀਵਾਲ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਸਰਪੰਚਾਂ, ਪੰਚਾਂ ਨਾਲ ਆਨਲਾਇਨ ਮੀਟਿੰਗ
- ਜ਼ਿਲ੍ਹੇ ਅੰਦਰ ਪਾਜਟਿਵਟੀ ਰੇਟ ਅਜੇ ਵੀ 7 ਤੋਂ ਫੀਸਦੀ ਜਿਆਦਾ
ਸੁਲਤਾਨਪੁਰ ਲੋਧੀ, 19 ਮਈ 2021 - ਕੋਵਿਡ ਵਾਇਰਸ ਨੂੰ ਪਿੰਡਾਂ ਅੰਦਰ ਹੋਰ ਫੈਲਣ ਤੋਂ ਰੋਕਣ ਦੇ ਮਕਸਦ ਨਾਲ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਹਰ ਪਿੰਡ ਅੰਦਰ ਟੈਸਟਿੰਗ ਵਿਚ ਤੇਜੀ ਲਈ 15 ਦਿਨਾ ਮੁਹਿੰਮ ਦੀ ਕੱਲ੍ਹ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਤੇ ਐਸ.ਐਸ.ਪੀ. ਕਪੂਰਥਲਾ ਸ਼੍ਰੀਮਤੀ ਕੰਵਰਦੀਪ ਕੌਰ ਵਲੋਂ ਸਰਪੰਚਾਂ ,ਪੰਚਾਂ ਤੇ ਹੋਰ ਚੁਣੇ ਹੋਏ ਨੁਮਾਇੰਦਿਆਂ ਨਾਲ ਆਨਲਾਇਨ ਮੀਟਿੰਗ ਕਰਕੇ ਇਸ ਮੁਹਿੰਮ ਨੂੰ ਸਫਲ ਕਰਨ ਲਈ ਯੋਜਨਾਬੰਦੀ ਕੀਤੀ ਗਈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਵਲੋਂ ਅੱਜ ਡੀ.ਪੀ.ਆਰ.ਓ. ਕਪੂਰਥਲਾ ਦੇ ਹਫਤਾਵਾਰੀ ਫੇਸਬੁੱਕ ਸ਼ੈਸ਼ਨ ਦੌਰਾਨ ਲੋਕਾਂ ਦੇ ਮੁਖਾਤਿਬ ਹੁੰਦਿਆਂ ਕਿਹਾ ਗਿਆ ਕਿ ਪਿੰਡਾਂ ਅੰਦਰ ਉੱਚ ਮੌਤ ਦਰ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਸਦਾ ਮੁੱਖ ਕਾਰਨ ਲੋਕਾਂ ਵਲੋਂ ਕੋਵਿਡ ਦੇ ਸ਼ੁਰੂਆਤ ਲੱਛਣ ਆਉਣ ’ਤੇ ਨੇੜਲੇ ਅਣਅਧਿਕਾਰਤ ਡਾਕਟਰਾਂ ਕੋਲੋਂ ਇਲਾਜ ਕਰਵਾਉਣਾ ਤੇ ਸਮੇਂ ਸਿਰ ਕੋਵਿਡ ਟੈਸਟ ਨਾ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਤੇਜੀ ਨਾਲ ਟੈਸਟਿੰਗ ਲਈ ਸਰਪੰਚਾਂ ਵਲੋਂ ਦਿੱਤੇ ਸ਼ਡਿਊਲ ਅਨੁਸਾਰ ਹੀ ਉਸ ਪਿੰਡ ਵਿਚ ਟੈਸਟਿੰਗ ਕੀਤੀ ਜਾਵੇਗੀ ਤਾਂ ਜੋ ਲੋਕ ਵੱਧ ਤੋਂ ਵੱਧ ਟੈਸਟ ਕਰਵਾ ਸਕਣ।
ਉਨ੍ਹਾਂ ਕਿਹਾ ਕਿ ਜਿਲ੍ਹੇ ਅੰਦਰ ਪਾਜਟਿਵਟੀ ਦਰ ਅਜੇ ਵੀ 7 ਤੋਂ 8 ਫੀਸਦੀ ਹੈ, ਜਿਸਨੂੰ ਠੱਲ੍ਹ ਪਾਉਣ ਲਈ ਟੈਸਟਿੰਗ ਤੇ ਸਮੇਂ ਸਿਰ ਇਲਾਜ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਾਂਗ ਲੋਕ ਹੁਣ ਵੀ ਪਿੰਡਾਂ ਵਿਚ ਠੀਕਰੀ ਪਹਿਰੇ ਲਾਉਣ ਤੇ ਪਿੰਡ ਵਿਚ ਆਉਣ ਵਾਲੇ ਹਰ ਬਾਹਰੀ ਵਿਅਕਤੀ ਦਾ ਰਿਕਾਰਡ ਰੱਖਿਆ ਜਾਵੇ।
ਉਨ੍ਹਾਂ ਵੈਕਸੀਨੇਸ਼ਨ ਬਾਰੇ ਗੱਲ ਕਰਦਿਆਂ ਕਿਹਾ ਕਿ 18 ਤੋਂ 44 ਸਾਲ ਵਾਲੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ, ਕੰਸਟਰਕਸ਼ਨ ਬੋਰਡ ਕੋਲ ਰਜਿਸਟਰਡ ਕਾਮਿਆਂ ਤੋਂ ਇਲਾਵਾ ਸਿਹਤ ਵਰਕਰਾਂ ਦੇ ਪਰਿਵਾਰਾਂ ਨੂੰ ਵੀ ਵੈਕਸੀਨ ਲਗਾਈ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿਹਤ ਮਾਹਿਰਾਂ ਅਨੁਸਾਰ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਹੁਣ 12 ਤੋਂ 16 ਹਫਤੇ ਦੇ ਵਕਫੇ ਅਨੁਸਾਰ ਲੱਗੇਗੀ, ਜਿਸ ਲਈ ਲੋਕ ਹੁਣ ਨਵੇਂ ਅੰਤਰਾਲ ਅਨੁਸਾਰ ਵੈਕਸੀਨੇਸ਼ਨ ਲਗਵਾਉਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ‘ਵਟਸ ਐਪ ਹੈਲਪਲਾਇਨ’ 88400-35192 ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਲੋੜ ਪੈਣ ’ਤੇ ਇਸ ਵਟਸਐਪ ਹੈਲਪਲਾਇਨ ਉੱਪਰ ਵੀ ਸੰਪਰਕ ਕਰ ਸਕਦੇ ਹਨ।