ਪੇਂਡੂ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਡੀ ਸੀ ਰੂਪਨਗਰ
ਹਰੀਸ਼ ਕਾਲੜਾ,ਕਮਲ ਭਾਰਜ
- ਪੇਂਡੂ ਖੇਤਰਾਂ ਵਿੱਚ ਕੋਵਿਡ ਦੀ ਟੈਸਟਿੰਗ ਵਿੱਚ ਤੇਜ਼ੀ ਲਿਆਂਦੀ ਗਈ
- ਅਣਜਾਣ ਵਿਅਕਤੀਆਂ ਦੇ ਪਿੰਡਾਂ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਲਾਉਣ ਦੀ ਅਪੀਲ
ਰੂਪਨਗਰ 19 ਮਈ 2021 - ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ,ਰੂਪਨਗਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਕੋਵਿਡ ਨੂੰ ਪਿੰਡਾਂ ਅੰਦਰ ਹੋਰ ਫੈਲਣ ਤੋਂ ਰੋਕਣ ਲਈ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ, ਜਿਸ ਤਹਿਤ ਪਿੰਡ ਦੇ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ।
ਅੱਜ ਇੱਥੇ ਸਥਾਨਕ ਜਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਵਿਖੇ ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਪੰਚਾਂ ਨਾਲ ਕੋਵਿਡ ਤੋਂ ਬਚਾਅ ਬਾਰੇ ਵਿਚਾਰ ਚਰਚਾ ਕਰਨ ਸਬੰਧੀ ਹੋਏ ਵਰਚੁਅਲ ਸਮਾਗਮ ਵਿਚ ਆਨਲਾਇਨ ਭਾਗ ਲਿਆ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੂਪਨਗਰ ਅੰਦਰ ਪੇਂਡੂ ਖੇਤਰਾਂ ਅੰਦਰ ਟੈਸਟਿੰਗ ਵਿਚ ਤੇਜ਼ੀ ਲਿਆਂਦੀ ਗਈ ਹੈ
ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਨੂੰ ਦਾਖਲ ਹੋਣ ਵਾਲੇ ਰਸਤਿਆਂ ਉੱਪਰ ਠੀਕਰੀ ਪਹਿਰੇ ਲਾਉਣ ਤਾਂ ਜੋ ਕਿਸੇ ਕੋਵਿਡ ਪ੍ਰਭਾਵਿਤ ਬਾਹਰੀ ਵਿਅਕਤੀ ਦੇ ਪਿੰਡ ਵਿਚ ਦਾਖਲ ਹੋਣ ਨਾਲ ਕਰੋਨਾ ਨਾ ਫੈਲ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜਿਲ੍ਹਾ ਰੂਪਨਗਰ ਵਿੱਚ ਸਾਰੇ ਪਿੰਡਾਂ ਵਿੱਚ ਕੇਵਿਡ-19 (ਕਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਨਰੋਈ ਸਿਹਤ ਵਾਲੇ ਬਾਲਗ ਵਿਅਕਤੀ 24 ਘੰਟੇ ਪਹਿਰਾ/ਰਾਖੀ ਦੀ ਡਿਊਟੀ ਨੂੰ ਨਿਭਾਉਣਗੇ ਅਤੇ ਹਰ ਵਿਅਕਤੀ ਨੂੰ ਮਾਸਕ ਪਾਉਣ ਲਈ ਅਤੇ 2 ਗੱਜ ਦੀ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕਰਨਗੇ। ਪਿੰਡਾਂ ਅੰਦਰ ਸਰਪੰਚ/ ਪੰਚਾਇਤ ਮੈਂਬਰਾਂ ਰਾਹੀਂ ਠੀਕਰੀ ਪਹਿਰੇ ਲਗਵਾਏ ਜਾਣਗੇ ਅਤੇ ਠੀਕਰੀ ਪਹਿਰਾ ਦੇਣ ਵਾਲੇ ਵਿਅਕਤੀਆਂ ਵੱਲੋਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰਲਾ ਵਿਅਕਤੀ ਲੁਕਛਿਪ ਕੇ ਪਿੰਡ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਬਾਰੇ ਤੁਰੰਤ ਕੰਟਰੌਲ ਰੂਮ ਦੇ ਨੰਬਰਾਂ 01881-221273, 97794-64100 (ਪੁਲਿਸ ਕੰਟਰੋਲ ਰੂਮ), 01881-221157 (ਕੰਟਰੋਲ ਰੂਮ ਦਫਤਰ ਡਿਪਟੀ ਕਮਿਸ਼ਨਰ, ਰੂਪਨਗਰ) ਤੇ ਜਾਣਕਾਰੀ ਦੇਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 100 ਫੀਸਦੀ ਵੈਕਸੀਨੇਸ਼ਨ ਵਾਲੇ ਪਿੰਡ ਨੂੰ 10 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਹੈ, ਜਿਸ ਕਰਕੇ ਪਿੰਡ ਵਾਸੀ ਆਪਣੀ ਸਿਹਤ ਸੰਭਾਲ ਦੇ ਨਾਲ-ਨਾਲ ਆਪਣੇ ਪਿੰਡ ਦੇ ਵਿਕਾਸ ਲਈ ਵੀ ਰਾਸ਼ੀ ਪ੍ਰਾਪਤ ਕਰ ਸਕਣਗੇ।
ਇਸ ਤੋਂ ਇਲਾਵਾ ਸਰਪੰਚਾਂ ਨੂੰ ਵੀ ਕੋਵਿਡ ਵਿਰੁੱਧ ਐਂਮਰਜੈਂਸੀ ਸੇਵਾਵਾਂ ਲਈ ਪੰਚਾਇਤੀ ਫੰਡ ਵਿਚੋਂ ਖਰਚ ਕਰਨ ਦੀ ਆਗਿਆ ਦੇਣ ਦਾ ਐਲਾਨ ਮੁੱਖ ਮੰਤਰੀ ਪੰਜਾਬ ਵਲੋਂ ਕੀਤਾ ਗਿਆ ਹੈ।