ਹੁਸ਼ਿਆਰਪੁਰ: ਕੋਰੋਨਾ ਮੁਕਤ ਪਿੰਡ ਮੁਹਿੰਮ ਦੀ ਸ਼ੁਰੂਆਤ; ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ’ਚ ਕੋਵਿਡ ਟੀਕਾਕਰਨ ਅਤੇ ਟੈਸਟਿੰਗ ਕੈਂਪ
- ਸਥਾਨਕ ਸਿਵਲ ਅਤੇ ਪੁਲਿਸ ਅਧਿਕਾਰੀਆਂ ਵਲੋਂ ਪਿੰਡਾਂ ’ਚ ਲੋਕਾਂ ਨੂੰ ਕੋਵਿਡ ਬਚਾਅ ਸਬੰਧੀ ਕੀਤਾ ਗਿਆ ਜਾਗਰੂਕ
- ਪਿੰਡਾਂ ਦੀਆ ਪੰਚਾਇਤਾਂ ਨੂੰ 100 ਫੀਸਦੀ ਟੀਕਾਕਰਨ ਦੇ ਲਈ ਕੀਤਾ ਗਿਆ ਉਤਸ਼ਾਹਿਤ
- ਕੋਵਿਡ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ, ਸਾਰੇ ਯੋਗ ਲਾਭਪਾਤਰੀ ਜ਼ਰੂਰ ਕਰਵਾਉਣ ਵੈਕਸੀਨੇਸ਼ਨ : ਡਿਪਟੀ ਕਮਿਸ਼ਨਰ
- ਪੰਚਾਇਤਾਂ ਅਤੇ ਵੱਖ-ਵੱਖ ਸੰਗਠਨਾਂ ਨੂੰ ਇਸ ਮੁਹਿੰਮ ’ਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ
ਹੁਸ਼ਿਆਰਪੁਰ, 19 ਮਈ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਮੁਕਤ ਪਿੰਡ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਅੱਜ ਪੇਂਡੂ ਖੇਤਰਾਂ ਵਿੱਚ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਕੋਵਿਡ ਟੀਕਾਕਰਨ, ਟੈਸਟਿੰਗ ਅਤੇ ਜਾਗਰੂਕਤਾ ਮੁਹਿੰਮ ਦੀ ਪੜਾਅਵਾਰ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਿਵੀਜਨਾਂ ਵਿੱਚ ਸਬੰਧਤ ਐਸ.ਡੀ.ਐਮਜ਼ ਵਲੋਂ ਇਸ ਮੁਹਿੰਮ ਵਿੱਚ ਪੂਰੇ ਉਤਸਾਹ ਨਾਲ ਹਿੱਸਾ ਲੈਂਦੇ ਹੋਏ ਇਸਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਪਿੰਡਾਂ ਵਿੱਚ ਪੈਰ ਪਸਾਰ ਰਹੇ ਕੋਵਿਡ-19 ਨੂੰ ਸਾਰਿਆਂ ਦੇ ਸਾਂਝੇ ਯਤਨਾਂ ਅਤੇ ਕੋਵਿਡ ਨਿਰਦੇਸ਼ਾਂ ਦੀ ਮੁਕੰਮਲ ਪਾਲਣਾ ਕਰਵਾ ਕੇ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵਲੋਂ ਕੋਰੋਨਾ ਦੀ ਪਹਿਲੀ ਲਹਿਰ ਦੇ ਦੌਰਾਨ ਵੀ ਵਾਇਰਸ ਦੀ ਰੋਕਥਾਮ ਲਈ ਅਹਿਮ ਯਤਨ ਕੀਤੇ ਗਏ ਹਨ ਅਤੇ ਹੁਣ ਦੁਆਰਾ ਪੰਚਾਇਤਾਂ ਕੋਰੋਨਾ ਮੁਕਤ ਪਿੰਡ ਮੁਹਿੰਮ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਅੱਗੇ ਆਉਣ ਤਾਂ ਜੋ ਪੇਂਡੂ ਖੇਤਰਾਂ ਤੋਂ ਇਸ ਵਾਇਰਸ ਦਾ ਖਾਤਮਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ, ਪੰਚਾਇਤਾਂ, ਜੀ.ਓ.ਜੀਜ਼ ਅਤੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਇਸ ਮੁਹਿੰਮ ਨੂੰ ਹੋਰ ਜ਼ਿਆਦਾ ਮਜ਼ਬੂਤੀ ਦਿੱਤੀ ਹੈ, ਜਿਸ ਦੇ ਚੱਲਦੇ ਜਿਥੇ ਜਾਗਰੂਕਤਾ ਫੈਲਾਉਣ ਵਿੱਚ ਆਸਾਨੀ ਰਹੀ ਉਥੇ ਵੱਧ ਤੋਂ ਵੱਧ ਲਾਭਪਾਤਰੀਆਂ ਦਾ ਟੀਕਾਕਰਨ ਅਤੇ ਟੈਸਟਿੰਗ ਵੀ ਕੀਤੀ ਗਈ। ਅੱਜ ਬਲਾਕ ਚੱਕੋਵਾਲ ਵਿਚ ਐਸ.ਡੀ.ਐਮ ਅਮਿਤ ਮਹਾਜਨ ਵਲੋਂ ਵਿਸ਼ੇਸ਼ ਤੌਰ ’ਤੇ ਦੌਰਾ ਕੀਤਾ ਗਿਆ।
ਪਿੰਡ ਮੁੰਡੀਆਂ ਰੰਗੜਾਂ ਵਿੱਚ ਨਿਰੀਖਣ ਦੌਰਾਨ ਉਨ੍ਹਾਂ ਦੇ ਨਾਲ ਡੀ.ਐਸ.ਪੀ. ਗੁਰਪ੍ਰੀਤ ਸਿੰਘ ਅਤੇ ਐਸ.ਐਮ.ਓ ਡਾ. ਬਲਦੇਵ ਸਿੰਘ ਵੀ ਮੌਜੂਦ ਸਨ। ਦਸੂਹਾ ਵਿੱਚ ਐਸ.ਡੀ.ਐਮ ਰਣਦੀਪ ਸਿੰਘ ਅਤੇ ਡੀ.ਐਸ.ਪੀ. ਮਨੀਸ਼ ਕੁਮਾਰ ਵਲੋਂ ਪਿੰਡ ਛਾਂਗਲਾ ਅਤੇ ਓਸਮਾਨ ਸ਼ਹੀਦ, ਮੁਕੇਰੀਆਂ ਵਿੱਚ ਐਸ.ਡੀ.ਐਮ ਅਸ਼ੋਕ ਕੁਮਾਰ ਅਤੇ ਡੀ.ਐਸ.ਪੀ. ਰਵਿੰਦਰ ਸਿੰਘ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸੇ ਤਰ੍ਹਾਂ ਗੜ੍ਹਸ਼ੰਕਰ ਵਿੱਚ ਐਸ.ਡੀ.ਐਮ ਹਰਬੰਸ ਸਿੰਘ, ਉੜਮੁੜ ਟਾਂਡਾ ਵਿੱਚ ਸਕੱਤਰ ਆਰ.ਟੀ.ਏ ਪ੍ਰਦੀਪ ਸਿੰਘ ਢਿੰਲੋਂ ਅਤੇ ਚੱਬੇਵਾਲ ਵਿੱਚ ਸਹਾਇਕ ਆਬਕਾਰੀ ਕਮਿਸ਼ਨਰ ਅਵਤਾਰ ਸਿੰਘ ਕੰਗ ਦੀ ਅਗਵਾਈ ਵਿੱਚ ਟੀਮਾਂ ਨੇ ਜਿਥੇ ਲੋਕਾਂ ਦਾ ਟੀਕਾਕਰਨ ਕੀਤਾ ਉਥੇ ਉਨ੍ਹਾਂ ਨੇ ਕੋਵਿਡ ਦੇ ਬਚਾਅ ਸਬੰਧੀ ਸਿਹਤ ਹਦਾਇਤਾਂ ਦੇ ਬਾਰੇ ਵਿੱਚ ਵੀ ਜਾਗਰੂਕ ਕੀਤਾ।
ਅਪਨੀਤ ਰਿਆਤ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਦੇ ਲਈ ਕੋਰੋਨਾ ਮੁਕਤ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸਦੇ ਤਹਿਤ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਵਾਲੇ ਹਰ ਪਿੰਡ ਨੂੰ 10 ਲੱਖ ਰੁਪਏ ਦੀ ਵਿਕਾਸ ਗਰਾਂਟ ਦਿੱਤੀ ਜਾਵੇਗੀ। ਇਸ ਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਦੇ ਲਈ ਯੋਗ ਵਿਅਕਤੀ ਆਪਣੇ ਅਤੇ ਆਪਣਿਆਂ ਦੀ ਸੁਰੱਖਿਆ ਲਈ ਜਲਦ ਤੋਂ ਜਲਦ ਕੋਵਿਡ ਵੈਕਸੀਨ ਕਰਵਾਉਣ। ਉਨ੍ਹਾਂ ਕਿਹਾ ਕਿ ਕੋਵਿਡ ਦਾ ਟੀਕਾ ਕੋਰੋਨਾ ਦੀ ਰੋਕਥਾਮ ਦੇ ਲਈ ਮਹੱਤਵਪੂਰਨ ਹੈ। ਇਸ ਲਈ ਅਫਵਾਹਾਂ ’ਤੇ ਵਿਸ਼ਵਾਸ਼ ਨਾ ਕੀਤਾ ਜਾਵੇ ਬਲਕਿ ਆਪਣਾ ਕੋਵਿਡ-19 ਟੀਕਾਕਰਨ ਜ਼ਰੂਰ ਕਰਵਾਉਣ।