ਬਲੈਕ ਫੰਗਸ ਦੇ ਕੋਈ ਵੱਡੇ ਕੇਸ ਨਹੀਂ ਆਏ, ਗਲਤ ਖ਼ਬਰਾਂ ਤੋਂ ਖ਼ਬਰਦਾਰ ਰਹੋ, ਪੀਜੀਆਈ ਨੇ ਕੀਤਾ ਸਪੱਸ਼ਟ
ਚੰਡੀਗੜ੍ਹ, 19 ਮਈ 2021 - ਪੀ ਜੀ ਐਮ ਈ ਆਰ ਦੇ ਅਧਿਕਾਰੀਆਂ ਨੇ ਪ੍ਰਿੰਟ ਅਤੇ ਡਿਜੀਟਲ ਮੀਡੀਆ ਵੱਲੋਂ ਗਈਆਂ ਰਿਪੋਰਟਾਂ ਦਾ ਖੰਡਨ ਕੀਤਾ ਹੈ ਜੋ ਦਾਅਵਾ ਕਰ ਰਹੀਆਂ ਸਨ ਕਿ ਪੀਜੀਆਈ 'ਚ ਬਲੈਕ ਫੰਗਸ ਕਾਰਨ ਤਕਰੀਬਨ 400-500 ਮਰੀਜ਼ਾਂ ਦੀ ਇਕ ਅੱਖ ਦੀ ਰੌਸ਼ਨੀ ਚਲੀ ਗਈ ਹੈ। ਇਹ ਕਿਹਾ ਗਿਆ ਹੈ ਅਜਿਹੀ ਕੋਈ ਗੱਲ ਨਹੀਂ ਹੋਈ ਅਤੇ ਇਸ ਖਬਰ ਵਿੱਚ ਡਾਕਟਰਾਂ ਨੂੰ ਗਲਤ ਕੋਟ ਕੀਤਾ ਗਿਆ .
ਪੀ ਜੀ ਆਈ ਦੇ ਲੋਕ ਸੰਪਰਕ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਇਸ ਖ਼ਬਰ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਸਿਰਫ ਤਿੰਨ ਹਫ਼ਤਿਆਂ ਵਿੱਚ ਹੀ, 400-500 ਵਿਅਕਤੀਆਂ ਨੇ ਬਲੈਕ ਫੰਗਸ ਤੋਂ ਹੋਣ ਤੋਂ ਬਾਅਦ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਦਿੱਤੀ। ਪੀਜੀਆਈ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਸਿਰਫ 4-5 ਵਿਅਕਤੀ ਬਲੈਕ ਫੰਗਸ ਕਾਰਨ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹਨ ਅਤੇ ਉਹ ਵੀ ਲਗਭਗ ਤਿੰਨ ਮਹੀਨਿਆਂ ਵਿੱਚ।
ਬਿਆਨ ਵਿਚ ਪ੍ਰਕਾਸ਼ਤ ਕਾਪੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੇਸਾਂ ਦੀ ਗਿਣਤੀ ਗ਼ਲਤ ਲਿਖੀ ਗਈ ਸੀ ਅਤੇ ਡਾ ਐਸ ਐਸ ਪਾਂਡਵ ਦਾ ਹਵਾਲਾ ਬਿਲਕੁਲ ਗਲਤ ਸੀ। ਇੱਥੇ 4-5 ਵਿਅਕਤੀ ਹੀ ਪ੍ਰਭਾਵਿਤ ਹੋਏ ਹਨ।
ਅਧਿਕਾਰੀਆਂ ਨੇ ਬਿਆਨ ਵਿੱਚ ਕਿਹਾ ਗਿਆ ਹੈ, "ਸਾਨੂੰ ਗ਼ਲਤ ਜਾਣਕਾਰੀ ਦਾ ਅਫਸੋਸ ਹੈ ਅਤੇ ਸਬੰਧਤ ਪੱਤਰਕਾਰ ਜਾਂ ਮੀਡੀਆ ਅਦਾਰੇ ਦੀ ਤਰਫੋਂ ਦਿਖਾਈ ਗੈਰਜ਼ਿਮੇਵਾਰੀ 'ਤੇ ਸਖਤ ਇਤਰਾਜ਼ ਜਤਾਉਂਦੇ ਹਾਂ।" ਬਿਆਨ ਵਿਚ ਅੱਗੇ ਕਿਹਾ ਗਿਆ ਹੈ, “ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਗੰਭੀਰ ਸਥਿਤੀ 'ਚ ਹੋਰ ਬੇਲੋੜਾ ਸਹਿਮ ਨਾ ਪੈਦਾ ਕੀਤਾ ਜਾਵੇ ।"