ਕੋਵਿਡ ਤੋਂ ਬਚਾਅ ਸਬੰਧੀ ਜਾਣਕਾਰੀ ਦੇਣ ਲਈ ਵੈਬੀਨਾਰ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ,20 ਮਈ2021: ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸੀਐਸਈ ਵਿਭਾਗ ਦੇ ਕੌਮੀ ਸੇਵਾ ਯੋਜਨਾ ਯੂਨਿਟ ਵੱਲੋਂ ਰੈਡ ਕਰਾਸ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਕੋਵਿਡ-19 ਤੋਂ ਬਚਾਅ ਸੰਬੰਧੀ ਜਾਣਕਾਰੀ ਦੇਣ ਲਈ ਇੱਕ ਵੈਬਨਾਰ ਕਰਵਾਇਆ ਗਿਆ ਜਿਸ ਵਿੱਚ ਗੈਸਟ ਸਪੀਕਰ ਵਜੋਂ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਐਨ ਐਸ ਐਸ ਵਲੰਟੀਅਰਾਂ ਅਤੇ ਫਕੈਲਟੀ ਮੈਂਬਰਾਂ ਨੂੰ ਹੋਮ ਆਈਸੋਲੇਸ਼ਨ ਦੌਰਾਨ ਮਰੀਜ਼ਾਂ ਦੀ ਦੇਖਭਾਲ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ। ਸੀਐਸਈ ਵਿਭਾਗ ਦੇ ਮੁਖੀ ਡਾ.ਦਿਨੇਸ਼ ਕੁਮਾਰ, ਐਨ ਐਸ ਐਸ ਇੰਚਾਰਜ ਡਾ.ਨੀਨੂੰ ਅਤੇ ਪ੍ਰੋਗਰਾਮ ਅਫਸਰ ਮੈਡਮ ਮਨਪ੍ਰੀਤ ਕੌਰ ਦੀ ਅਗਵਾਈ ਹੇਕਰਵਾਏ ਇਸ ਵੈਬਨਾਰ ਦੌਰਾਨ ਨਰੇਸ਼ ਪਠਾਣੀਆ ਨੇ ਕੋਰੋਨਾ ਫੈਲਣ ਦੇ ਕਾਰਣਾਂ, ਇਸ ਦੇ ਚਿੰਨ੍ਹ , ਲੱਛਣਾਂ ਅਤੇ ਇਸ ਤੋਂ ਬਚਾਅ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਉਹਨਾਂ ਕਿਹਾ ਕਿ ਜਦੋਂ ਕੋਈ ਕੋਵਿਡ ਮਰੀਜ਼ ਘਰ ਵਿੱਚ ਆਈਸੋਲੇਸ਼ਨ ਹੇਠ ਹੁੰਦਾ ਹੈ ਤਾਂ ਮਰੀਜ਼ ਨੂੰ ਅਤੇ ਮਰੀਜ਼ ਦੀ ਦੇਖਭਾਲ ਕਰਨ ਵਾਲੇ ਵਿਅਕਤੀ ਨੂੰ ਕੇਂਦਰ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਮਰੀਜ਼ ਨੂੰ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਦੇਣ ਵਿੱਚ ਮੱਦਦ ਕਰਨਾ, ਇਕਾਂਤਵਾਸ ਲਈ ਕਮਰੇ ਦੀ ਚੋਣ, ਮਰੀਜ਼ ਦੇ ਆਲੇ ਦੁਆਲੇ ਦੀ ਸਾਫ ਸਫਾਈ, ਵਰਤੀਆਂ ਗਈਆਂ ਚੀਜ਼ਾਂ ਦਾ ਨਿਪਟਾਰਾ, ਮਾਸਕ ਪਾਉਣਾ, ਹੱਥਾਂ ਦੀ ਸਾਫ ਸਫਾਈ ਰੱਖਣਾ, ਮਰੀਜ਼ ਦੀ ਹਾਲਤ ਵਿਗੜਨ ਦੀ ਸਥਿਤੀ ਵਿੱਚ ਡਾਕਟਰੀ ਸਹਾਇਤਾ ਲੈਣ ਆਦਿ ਹਦਾਇਤਾਂ ਬਾਰੇ ਵਲੰਟੀਅਰਾਂ ਨੂੰ ਜਾਣੂ ਕਰਵਾਇਆ ਗਿਆ। ਬੱਚਿਆਂ ਵੱਲੋਂ ਕੋਰੋਨਾ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ। ਰੈਡ ਕਰਾਸ ਸੁਸਾਇਟੀ ਦੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਅੱਜ ਜਦੋਂ ਕਰੋਨਾ ਮਹਾਂਮਾਰੀ ਕਾਰਨ ਸਕੂਲ ਅਤੇ ਕਾਲਜ ਬੰਦ ਹਨ ਤਾਂ ਰੈੱਡ ਕਰਾਸ ਸੁਸਾਇਟੀ ਵੈਬਨਾਰ ਰਾਹੀਂ ਸੈਮੀਨਾਰ ਕਰਵਾ ਕੇ ਬੱਚਿਆਂ ਨੂੰ ਜਾਗਰੂਕ ਕਰ ਰਹੀ ਹੈ।