ਹੁਸ਼ਿਆਰਪੁਰ: ਕੋਵਿਡ ਟੀਕਾਕਰਨ : ਐਮ.ਐਲ.ਏ. ਡਾ. ਰਾਜ ਕੁਮਾਰ ਵਲੋਂ ਪਿੰਡ ਨਵਾਂ ਜੱਟਪੁਰ ਦੀ ਪੰਚਾਇਤ ਸਨਮਾਨਤ
- ‘ਧੰਨਵਾਦ ਕੈਪਟਨ’ ਮੁਹਿੰਮ ਦੀ ਸ਼ੁਰੂਆਤ, ਪਿੰਡਾਂ ਦੀਆਂ ਪੰਚਾਇਤਾਂ ਨੂੰ ਜਲਦ ਤੋਂ ਜਲਦ 100 ਫੀਸਦੀ ਟੀਕਾਕਰਨ ਕਰਾਉਣ ਦਾ ਸੱਦਾ
- ਪਿੰਡ ਪੁੰਗਾ ਅਤੇ ਪੁੰਜ ’ਚ ਵੀ ਯੋਗ ਲਾਭਪਾਤਰੀਆਂ ਦਾ 100 ਫੀਸਦੀ ਟੀਕਾਕਰਨ
ਹੁਸ਼ਿਆਰਪੁਰ, 20 ਮਈ 2021 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿੰਡਾਂ ਵਿੱਚ 100 ਫੀਸਦੀ ਟੀਕਾਕਰਨ ਕਰਾਉਣ ਵਾਲੀਆਂ ਪੰਚਾਇਤਾਂ ਨੂੰ 10 ਲੱਖ ਰੁਪਏ ਵਿਸ਼ੇਸ਼ ਗਰਾਂਟ ਵਜੋਂ ਦੇਣ ਦੇ ਐਲਾਨ ’ਤੇ ਅੱਜ ਹਲਕਾ ਚੱਬੇਵਾਲ ਵਿੱਚ ‘ਧੰਨਵਾਦ ਕੈਪਟਨ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਐਮ.ਐਲ.ਏ. ਡਾ. ਰਾਜ ਕੁਮਾਰ ਨੇ ਪਿੰਡ ਨਵਾਂ ਜੱਟਪੁਰ ’ਚ ਸਾਰੇ ਯੋਗ ਲਾਭਪਾਤਰੀਆਂ ਦੇ ਕੋਵਿਡ ਵੈਕਸੀਨ ਲੱਗ ਜਾਣ ਉਪਰੰਤ ਪਿੰਡ ਪਹੁੰਚ ਕੇ ਪੰਚਾਇਤ ਅਤੇ ਸਿਹਤ ਵਿਭਾਗ ਦੀ ਟੀਮ ਦਾ ਸਨਮਾਨ ਕੀਤਾ।
ਪਿੰਡ ਦੀ ਸਰਪੰਚ ਰਿਤੂ, ਸੀ.ਐਚ.ਸੀ. ਹਾਰਟਾ ਬੱਡਲਾ ਦੇ ਐਸ.ਐਮ.ਓ. ਡਾ. ਰਾਜ ਕੁਮਾਰ ਬੱਧਣ ਅਤੇ ਹੋਰਨਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕਰਦਿਆਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਨਵਾਂ ਜੱਟਪੁਰ ਨੂੰ ਮਿਲਾ ਕੇ ਹਲਕੇ ਦੇ 3 ਪਿੰਡਾਂ ਪੂੰਗਾ ਅਤੇ ਪੁੰਜ ਵਿੱਚ ਵੀ 100 ਫੀਸਦੀ ਕੋਵਿਡ ਟੀਕਾਕਰਨ ਹੋ ਚੁੱਕਾ ਹੈ ਜਿਸ ਦਾ ਸਿਹਰਾ ਪੰਚਾਇਤਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਪੰਚਾਇਤਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਅਤੇ ਪਿੰਡਾਂ ਵਿੱਚ ਫੈਲ ਰਹੇ ਵਾਇਰਸ ਦੇ ਮੱਦੇਨਜ਼ਰ ਸਾਰੀਆਂ ਪੰਚਾਇਤਾਂ ਨੂੰ ਆਪੋ-ਆਪਣੇ ਪਿੰਡਾਂ ਵਿੱਚ ਜਲਦ ਤੋਂ ਜਲਦ ਸਾਰੇ ਯੋਗ ਲਾਭਪਾਤਰੀਆਂ ਦੇ ਕੋਵਿਡ ਵੈਕਸੀਨ ਲਗਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 100 ਫੀਸਦੀ ਟੀਕਾਕਰਨ ਕਰਵਾਉਣ ਵਾਲੀਆਂ ਪੰਚਾਇਤਾਂ ਲਈ ਐਲਾਨੀ ਵਿਸ਼ੇਸ਼ ਗਰਾਂਟ ਪੰਜਾਬ ਸਰਕਾਰ ਦਾ ਬਹੁਤ ਹੀ ਉਤਸ਼ਾਹਜਨਕ ਉਪਰਾਲਾ ਹੈ ਜਿਸ ਨਾਲ ਪਿੰਡਾਂ ਦੇ ਵਸਨੀਕਾਂ ਦੀ ਤੰਦਰੁਸਤੀ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ’ਚ ਹੋਰ ਤੇਜ਼ੀ ਆਵੇਗੀ।
ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਸ਼ੁਰੂ ਕੀਤੀ ਗਈ ‘ਮਿਸ਼ਨ ਫਤਿਹ-2’ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਡਾ. ਰਾਜ ਕੁਮਾਰ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਪਿੰਡ-ਪਿੰਡ ਸਿਹਤ ਵਿਭਾਗ ਦੀਆਂ ਟੀਮਾਂ ਭੇਜ ਕੇ ਟੀਕਾਕਰਨ ਕਰਾਇਆ ਜਾ ਰਿਹਾ ਹੈ ਜਿਸ ਲਈ ਲੋਕਾਂ ਨੂੰ ਆਪ ਮੁਹਾਰੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਕ ਡਾਕਟਰ ਹੋਣ ਦੇ ਨਾਤੇ ਉਹ ਖੁਦ ਬੀਮਾਰੀ ਦੀ ਗੰਭੀਰਤਾ ਨੂੰ ਸਮਝਦਿਆਂ ਪਿੰਡ-ਪਿੰਡ ਜਾ ਕੇ ਟੀਕਾਕਰਨ ਦੇ ਨਾਲ-ਨਾਲ ਸੈਨੇਟਾਈਜ਼ਰ, ਮਾਸਕ, ਫਤਿਹ ਕਿੱਟਾਂ ਅਤੇ ਲੋੜੀਂਦੀਆਂ ਦਵਾਈਆਂ ਉਪਲਬੱਧ ਕਰਵਾ ਰਹੇ ਹਨ। ਉਨ੍ਹਾਂ ਨੇ ਪੰਚਾਇਤਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਅਤੇ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਲਈ ਕੋਵਿਡ ਸਲਾਹਕਾਰੀਆਂ ਦੀ ਹਰ ਹਾਲ ਪਾਲਣਾ ਜ਼ਰੂਰੀ ਹੈ।
ਪਿੰਡ ਦੀ ਸਰਪੰਚ ਰਿਤੂ ਨੇ ਪੰਜਾਬ ਸਰਕਾਰ, ਵਿਧਾਇਕ ਡਾ. ਰਾਜ ਕੁਮਾਰ, ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਦੀਆਂ ਟੀਮਾਂ ਅਤੇ ਵਿਸ਼ੇਸ਼ਕਰ ਪਿੰਡ ਵਾਸੀਆਂ ਦਾ 100 ਫੀਸਦੀ ਟੀਕਾਕਰਨ ਲਈ ਧੰਨਵਾਦ ਕਰਦਿਆਂ ਬਾਕੀ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪੋ-ਆਪਣੇ ਪਿੰਡਾਂ ’ਚ ਜਲਦ ਤੋਂ ਜਲਦ ਵੈਕਸੀਨ ਲਗਵਾਉਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ.ਡੀ.ਪੀ.ਓ. ਅਭੈ ਕੁਮਾਰ, ਡਾ. ਰਾਜਾ ਰਾਮ, ਸਰਪੰਚ ਜੱਟਪੁਰ ਪ੍ਰੇਮ ਚੰਦ, ਮਹਿੰਦਰ ਸਿੰਘ, ਜੀ.ਓ.ਜੀ. ਮੁਹਿੰਦਰ ਸਿੰਘ, ਪੰਚ ਜਸਵੀਰ ਸਿੰਘ, ਪੰਚ ਜੈ ਦੀਪ ਸਿੰਘ, ਪੰਚ ਅਨੁਰਾਧਾ, ਪੰਚ ਨਰਿੰਦਰ ਕੁਮਾਰ, ਪੰਚ ਸੀਮਾ, ਕਮਲ ਖੋਸਲਾ, ਰਜਨੀਸ਼ ਗੁਲਆਨੀ, ਸੰਦੀਪ ਗੌਤਮ ਆਦਿ ਹਾਜ਼ਰ ਸਨ।