ਮਿਸ਼ਨ ਫਤਿਹ 2.0 ਕੋਰੋਨਾ ਮੁਕਤ ਪਿੰਡ ਅਭਿਆਨ ਦੀ ਜ਼ਿਲ੍ਹੇ 'ਚ ਸ਼ੁਰੂਆਤ- ਸਿਵਲ ਸਰਜਨ ਰੂਪਨਗਰ
ਹਰੀਸ਼ ਕਾਲੜਾ
ਰੂਪਨਗਰ 20 ਮਈ 2021: ਕੋਰੋਨਾ ਕੇਸਾਂ ਦੀ ਦਰ ਲਗਾਤਾਰ ਪੇਂਡੂ ਖੇਤਰਾਂ ਵਿੱਚ ਵਧਣ ਦੇ ਮੱਦੇਨਜਰ ਹੁਣ ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ "ਮਿਸ਼ਨ ਫਤਿਹ 2.0 ਕੋਰੋਨਾ ਮੁਕਤ ਪਿੰਡ ਅਭਿਆਨ" ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦਿਹਾਤੀ ਇਲਾਕਿਆਂ ਵਿੱਚ ਵਿਆਪਕ ਪੱਧਰ ਤੇ ਟੈਸਟਿੰਗ/ ਸੈਂਪਲਿੰਗ ਕਰਨ ਦੇ ਮੰਤਵ ਤਹਿਤ ਹੀ ਮਿਸ਼ਨ ਫਤਿਹ 2.0 ਸ਼ੁਰੂ ਕੀਤਾ ਜਾ ਰਿਹਾ ਹੈ।ਜਿਸ ਨਾਲ ਆਉਣ ਵਾਲੇ 15 ਦਿਨਾਂ ਵਿੱਚ ਕੋਰੋਨਾ ਕੇਸਾਂ ਦੀ ਲੜੀ ਨੂੰ ਤੋੜਨ ਲਈ ਮਦਦ ਮਿਲੇਗੀ।
ਜ਼ਿਲ੍ਹਾ ਰੂਪਨਗਰ ਦੇ ਹਰ ਪਿੰਡ ਦੀ ਆਸ਼ਾ ਵਰਕਰ ਵੱਲੋਂ ਪਿੰਡ ਵਿੱਚ ਘਰ-ਘਰ ਜਾ ਕੇ ਬੁਖਾਰ, ਖਾਂਸੀ /ਸਾਹ ਸੰਬੰਧੀ ਗੰਭੀਰ ਬੀਮਾਰੀ ਤੋਂ ਪੀੜਿਤ ਮਰੀਜਾਂ ਦਾ ਸਰਵੇਖਣ ਕੀਤਾ ਜਾਵੇਗਾ। ਸਰਵੇ ਹਿੱਤ ਹਰੇਕ ਆਸ਼ਾ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਇਆ ਜਾਵੇਗਾ।ਸਰਵੇ ਵਿੱਚ 94% ਤੋਂ ਘੱਟ ਆਕਸੀਜਨ ਲੈਵਲ ਜਾਂ 100 ਤੋਂ ਵੱਧ ਪਲਸ ਰੇਟ ਵਾਲੇ ਮਰੀਜਾਂ ਦੀ ਜਾਣਕਾਰੀ ਨੇੜੇ ਦੇ ਸਿਹਤ ਅਤੇ ਤੰਦਰੁਸਤੀ ਕੇਂਦਰ ਦੇ ਕਮਿਊਨਿਟੀ ਹੈਲਥ ਅਫਸਰ ਨੂੰ ਦਿੱਤੀ ਜਾਵੇਗੀ ਤਾਂ ਜ਼ੋ ਉਸ ਵਿਅਕਤੀ ਦਾ ਕੋਵਿਡ ਟੈਸਟ ਕੀਤਾ ਜਾ ਸਕੇ।ਇਸ ਤੋਂ ਇਲਾਵਾ ਸਾਰੇ ਸਿਹਤ ਕੇਂਦਰਾ ਜਿਵੇਂ ਕਿ ਪੀ.ਐਚ.ਸੀਜ਼. ਅਤੇ ਸਿਹਤ ਤੰਦਰੁਸਤੀ ਕੇਂਦਰਾ ਨੂੰ ਵਿਆਪਕ ਮਾਤਰਾ ਵਿੱਚ ਰੈਪਿਡ ਐਂਟੀਜਨ ਕਿੱਟਾਂ, ਮਿਸ਼ਨ ਫਤਿਹ ਕਿੱਟਾਂ, ਪੀ.ਪੀ.ਈ. ਕਿੱਟਾਂ, ਮਿਸ਼ਨ ਫਤਿਹ ਕਿੱਟਾਂ, ਡਿਜੀਟਲ ਥਰਮਾਮੀਟਰ, ਮਾਸਕ ਅਤੇ ਪਲਸ ਆਕਸੀਮੀਟਰ ਮੁਹੱਈਆ ਕਰਵਾਏ ਜਾ ਰਹੇ ਹਨ।
ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਲੱਛਣ ਆਉਣ ਤੇ ਤੁਰੰਤ ਕੋਵਿਡ ਟੈਸਟ ਕਰਵਾਇਆ ਜਾਵੇ, ਇਸ ਲਈ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ ਸਮੇਂ ਸਿਰ ਬੀਮਾਰੀ ਦੀ ਪਛਾਣ ਅਤੇ ਬਚਾਅ ਬੀਮਾਰੀ ਦੇ ਇਲਾਜ ਲਈ ਮਦਦਗਾਰ ਸਾਬਿਤ ਹੋ ਸਕਦੀ ਹੈ, ਇਸ ਦੇ ਨਾਲ ਹੀ ਕੋਰੋਨਾਂ ਤੋਂ ਬਚਾਓ ਲਈ ਆਪਣੀ ਵਾਰੀ ਆਉਣ ਤੇ ਕੋਵਿਡ ਟੀਕਾਕਰਨ ਕਰਵਾਇਆ ਜਾਵੇ।