ਹੁਸ਼ਿਆਰਪੁਰ: ਕੋਵਿਡ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆਉਣ ’ਤੇ ਹੈਲਪਲਾਈਨ ਨੰਬਰਾਂ ਦਾ ਪ੍ਰਯੋਗ ਕਰੋ : ਡੀ ਸੀ
- ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ 10 ਹਸਪਤਾਲਾਂ ’ਚ ਕੀਤਾ ਜਾ ਰਿਹੈ ਕੋਵਿਡ ਮਰੀਜਾਂ ਦਾ ਇਲਾਜ
- ਹਸਪਤਾਲਾਂ ’ਚ ਕੋਵਿਡ ਇਲਾਜ ਸਬੰਧੀ ਉਪਲਬੱਧ ਬੈਡਾਂ ਦੀ ਜਾਣਕਾਰੀ ਲੈਣ ਲਈ ਹੈਲਪਲਾਈਨ ਨੰਬਰ 82187-65895 ’ਤੇ ਕੀਤਾ ਜਾ ਸਕਦਾ ਸੰਪਰਕ
- ਆਕਸੀਜਨ ਸਿਲੰਡਰ, ਰੇਮੇਡੇਸਿਵਰ, ਟੋਸੀਲਿਜੂਮਾਬ ਜਾਂ ਆਰ.ਟੀ.-ਪੀ.ਸੀ.ਆਰ. ਦੀ ਓਵਰ ਚਾਰਜਿੰਗ, ਕਾਲਾਬਾਜਾਰੀ ਜਾਂ ਜਮ੍ਹਾਂਖੋਰੀ ਕਰਨ ਵਾਲਿਆਂ ਦੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 81466-22501 ’ਤੇ ਕਰਨ ਵਟਸਐਪ
- ਕਰਫਿਊ ਦੀ ਗਾਇਡ ਲਾਈਨਜ਼ ਦੀ ਉਲੰਘਣਾ ਕਰਨ ਵਾਲਿਆਂ ਦੀ ਮੋਬਾਇਲ ਨੰਬਰ 88722-31039, 92570-37000 ’ਤੇ ਦਿੱਤੀ ਜਾ ਸਕਦੀ ਹੈ ਜਾਣਕਾਰੀ
ਹੁਸ਼ਿਆਰਪੁਰ, 20 ਮਈ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜਾਂ ਨੂੰ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਇਲਾਜ ਸਬੰਧੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਦੇ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹੈਲਪਲਾਈਨ ਨੰਬਰਾਂ ਦਾ ਲੋਕਾਂ ਨੂੰ ਕਾਫ਼ੀ ਲਾਭ ਵੀ ਪਹੁੰਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ-19 ਦਾ ਇਲਾਜ ਕਰਵਾਉਣ ਲਈ ਉਪਲਬੱਧ ਬੈਡਾਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ 82187-65895 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੈਡਾਂ ਦੀ ਸੰਖਿਆ ਬਾਰੇ ਰੋਜ਼ਾਨਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ, ਟਵੀਟਰ ’ਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਕਿਸ ਹਸਪਤਾਲ ਵਿੱਚ ਕਿੰਨੇ ਬੈਡ ਖਾਲੀ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਦੇ 10 ਹਸਪਤਾਲਾਂ ਵਿੱਚ ਕੋਵਿਡ ਦੇ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੋ ਸਰਕਾਰੀ ਅਤੇ 8 ਪ੍ਰਾਈਵੇਟ ਹਸਪਤਾਲ ਸ਼ਾਮਲ ਹਨ। ਇਨ੍ਹਾਂ ਹਸਪਤਾਲਾਂ ਵਿੱਚ ਜ਼ਿਲ੍ਹਾ ਹਸਪਤਾਲ ਹੁਸ਼ਿਆਰਪੁਰ, ਸਿਵਲ ਹਸਪਤਾਲ ਦਸੂਹਾ, ਰਵਜੋਤ ਹਸਪਤਾਲ ਹੁਸ਼ਿਆਰਪੁਰ, ਆਈ.ਵੀ.ਵਾਈ. ਹਸਪਤਾਲ ਹੁਸ਼ਿਆਰਪੁਰ, ਅਮਨ ਹਸਪਤਾਲ ਹੁਸ਼ਿਆਰਪੁਰ, ਪੀ.ਆਰ. ਕੇ. ਐਮ. ਮਾਰਡਨ ਹਸਪਤਾਲ ਹੁਸ਼ਿਆਰਪੁਰ, ਸ਼ਿਵਮ ਹਸਪਤਾਲ ਹੁਸ਼ਿਆਰਪੁਰ, ਨਾਰਦ ਹਸਪਤਾਲ ਹੁਸ਼ਿਆਰਪੁਰ, ਪ੍ਰਣਬ ਮਲਟੀਸਪੈਸ਼ਲਿਟੀ ਹਸਪਤਾਲ ਮੁਕੇਰੀਆਂ, ਐਸ.ਐਸ.ਮੈਡੀਸਿਟੀ ਹਸਪਤਾਲ ਐਂਡ ਸਕੈਨ ਸੈਂਟਰ ਮੁਕੇਰੀਆਂ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਇਲਾਜ ਸਬੰਧੀ ਦਵਾਈਆਂ ਤੇ ਆਕਸੀਜਨ ਦੀ ਜਮ੍ਹਾਖੋਰੀ ਤੇ ਕਾਲਾਬਾਜਾਰੀ ਨੂੰ ਰੋਕਣ ਲਈ ਜ਼ਿਲ੍ਹਾ ਪੱਧਰ ’ਤੇ ਟੀਮਾਂ ਬਣਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆਕਸੀਜਨ ਸਿਲੰਡਰ, ਰੇਮੇਡੇਸਿਵਰ, ਟੋਸੀਲਿਜੂਮਾਬ ਜਾਂ ਆਰ.ਟੀ.-ਪੀ.ਸੀ.ਆਰ. ਦੀ ਓਵਰ ਚਾਰਜਿੰਗ, ਜਮ੍ਹਾਖੋਰੀ ਜਾਂ ਕਾਲਾਬਾਜਾਰੀ ਨੂੰ ਲੈ ਕੇ ਸ਼ਿਕਾਇਤ ਹੈ ਤਾਂ ਉਹ ਤੁਰੰਤ ਹੈਲਪਲਾਈਨ ਨੰਬਰ 81466-22501 ’ਤੇ ਵਟਸਐਪ ਕਰਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਨਾਲ ਸਬੰਧਤ ਪ੍ਰਸ਼ਾਸਨ ਵਲੋਂ ਜਾਰੀ ਕਰਫਿਊ ਦੀ ਗਾਇਡ ਲਾਈਨਜ਼ ਦੀ ਉਲੰਘਣਾ ਕਰਨ ਵਾਲੇ ਵਿਅਕਤੀ, ਸਮੂਹ ਜਾਂ ਸੰਸਥਾ ਦੀ ਸੂਚਨਾ ਮੋਬਾਇਲ ਨੰਬਰ 88722-31039, 92570-37000 ’ਤੇ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗਾਇਡ ਲਾਈਨ ਜਾਰੀ ਕਰਕੇ ਪਾਬੰਦੀਆਂ ਲਗਾਈਆਂ ਗਈਆਂ ਹਨ ਅਤੇ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਨਾਲ ਹੀ ਪ੍ਰਸ਼ਾਸਨ ਕੋਰੋਨਾ ’ਤੇ ਫਤਿਹ ਪਾ ਸਕਦਾ ਹੈ।