ਹੁਸ਼ਿਆਰਪੁਰ: ਦੋ ਦਿਨਾਂ ’ਚ ਜ਼ਿਲ੍ਹੇ ਦੇ 4 ਪਿੰਡਾਂ ਵਿੱਚ ਕੋਵਿਡ-19 ਦੀ ਪਹਿਲੀ ਡੋਜ ਦਾ ਹੋਇਆ 100 ਫੀਸਦੀ ਟੀਕਾਕਰਨ
- 100 ਫੀਸਦੀ ਟੀਕਾਕਰਨ ਵਾਲੇ ਪਿੰਡ ਨੱਥੂਵਾਲ, ਨਵਾਂ ਜੱਟਪੁਰ, ਪੂੰਗਾ ਤੇ ਪੁੰਜ ਦੇ ਸਰਪੰਚਾਂ ਨੂੰ ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ, ਹੋਰ ਪਿੰਡਾਂ ਨੂੰ ਵੀ ਟੀਕਾਕਰਨ ਕਰਵਾਉਣ ਲਈ ਕੀਤਾ ਉਤਸ਼ਾਹਿਤ
- ਕੋਵਿਡ ਲੱਛਣ ਦਿੱਸਣ ’ਤੇ ਟੈਸਟਿੰਗ ਜ਼ਰੂਰ ਕਰਵਾਉਣ, ਸਿਹਤ ਟੀਮਾਂ ਨੂੰ ਦਿੱਤਾ ਜਾਵੇ ਸਹਿਯੋਗ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 20 ਮਈ 2021 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨ ਸ਼ੁਰੂ ਕੀਤੇ ਗਏ ਕੋਰੋਨਾ ਮੁਕਤ ਪਿੰਡ ਮੁਹਿੰਮ ਤਹਿਤ ਪਿੰਡਾਂ ਦੀਆਂ ਪੰਚਾਇਤਾਂ ਨੂੰ 100 ਫੀਸਦੀ ਟੀਕਾਕਰਨ ਦਾ ਸੱਦਾ ਦਿੱਤਾ ਗਿਆ ਸੀ। ਮੁਹਿੰਮ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਜ਼ਿਲ੍ਹੇ ਦੇ ਚਾਰ ਪਿੰਡ ਜਿਨ੍ਹਾਂ ਵਿੱਚ ਹਲਕਾ ਚੱਬੇਵਾਲ ਦੇ ਪਿੰਡ ਨਵਾਂ ਜੱਟਪੁਰ, ਪੂੰਗਾ, ਪੁੰਜ ਤੇ ਮੁਕੇਰੀਆਂ ਦਾ ਪਿੰਡ ਨੱਥੂਵਾਲ ਨੇ ਕੋਵਿਡ-19 ਦੀ 100 ਫੀਸਦੀ ਪਹਿਲੀ ਡੋਜ਼ ਲਗਵਾ ਲਈ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਹੋਰ ਪਿੰਡਾਂ ਨੂੰ ਆਉਣ ਵਾਲੇ ਦਿਨਾਂ ਵਿੱਚ 100 ਫੀਸਦੀ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੂਜੇ ਦਿਨ ਵੀ ਜ਼ਿਲ੍ਹੇ ਦੇ ਸਾਰੀਆਂ ਸਬ-ਡਵੀਜ਼ਨਾਂ ਦੇ ਵਿਧਾਨ ਸਭਾ ਖੇਤਰਾਂ ਵਿੱਚ ਰਿਟਰਨਿੰਗ ਅਧਿਕਾਰੀਆਂ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੈਕਸੀਨੇਸ਼ਨ, ਟੈਸਟਿੰਗ ਕਰਨ ਤੋਂ ਇਲਾਵਾ ਲੋਕਾਂ ਨੂੰ ਕੋਵਿਡ-19 ਦੇ ਲੱਛਣਾਂ ਅਤੇ ਇਸ ਦੇ ਬਚਾਅ ਸਬੰਧੀ ਜਾਗਰੂਕ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਵਿੱਚ ਕੋਵਿਡ ਨੇ ਕਾਫੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਕਾਰਨ ਹੈ ਕਿ ਵਧੇਰੇ ਲੋਕ ਲੱਛਣ ਆਉਣ ’ਤੇ ਵੀ ਕੋਵਿਡ ਟੈਸਟ ਨਹੀਂ ਕਰਵਾਉਂਦੇ, ਇਸ ਤਰ੍ਹਾਂ ਉਹ ਸਥਿਤੀ ਨੂੰ ਖਰਾਬ ਹੋਣ ਕਾਰਨ ਕਾਫ਼ੀ ਦੇਰੀ ਨਾਲ ਹਸਪਤਾਲ ਜਾਂਦੇ ਹਨ ਅਤੇ ਉਦੋਂ ਤੱਕ ਕਾਫ਼ੀ ਦੇਰ ਹੋ ਜਾਂਦੀ ਹੈ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਲੋਕਾਂ ਨੂੰ ਕੋਵਿਡ-19 ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਆਪਣਾ ਕੋਵਿਡ ਟੀਕਾਕਰਨ ਤੋਂ ਇਲਾਵਾ ਜ਼ਰੂਰਤ ਪੈਣ ’ਤੇ ਟੈਸਟਿੰਗ ਜ਼ਰੂਰ ਕਰਵਾਉਣ।
ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ 10 ਪਿੰਡਾਂ ’ਤੇ ਇਕ ਟੀਮ ਬਣਾਈ ਗਈ ਹੈ ਜਿਸ ਵਿੱਚ ਇਕ ਸਿਵਲ ਪ੍ਰਸ਼ਾਸਨ ਅਤੇ ਇਕ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਆਸ਼ਾ ਵਰਕਰ ਅਤੇ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕੋਵਿਡ ਸਬੰਧੀ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਵਲੋਂ ਪਿੰਡਾਂ ਵਿੱਚ ਡੋਰ-ਟੂ-ਡੋਰ ਕੋਵਿਡ ਦੇ ਸੰਭਾਵਿਤ ਲੱਛਣਾਂ ਵਾਲੇ ਲੋਕਾਂ, ਗੰਭੀਰਤ ਬੀਮਾਰੀਆਂ ਨਾਲ ਗ੍ਰਸਤ ਲੋਕਾਂ ਅਤੇ ਬਜ਼ੁਰਗਾਂ ਦਾ ਡਾਟਾ ਇਕੱਤਰ ਕਰਕੇ ਇਨ੍ਹਾਂ ਨੂੰ ਕੋਵਿਡ ਟੈਸਟਿੰਗ ਅਤੇ ਟੀਕਾਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸ ਲਈ ਪਿੰਡ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਇਨ੍ਹਾਂ ਟੀਮਾਂ ਨੂੰ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇਣ ’ਤੇ ਹੀ ਜ਼ਰੂਰਤ ਪੈਣ ’ਤੇ ਕੋਵਿਡ ਮਰੀਜਾਂ ਨੂੰ ਸਹੀ ਸਮੇਂ ’ਤੇ ਸਹੀ ਇਲਾਜ ਦਿੱਤਾ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟੈਸਟਿੰਗ ਤੋਂ ਨਾ ਘਬਰਾਉਣ ਬਲਕਿ ਲੱਛਣ ਦਿੱਸਣ ’ਤੇ ਖੁਦ ਟੈਸਟਿੰਗ ਲਈ ਅੱਗੇ ਆਉਣ, ਇਸ ਨਾਲ ਉਹ ਆਪਣੇ ਨਾਲ-ਨਾਲ ਪਰਿਵਾਰ ਨੂੰ ਵੀ ਸੁਰੱਖਿਅਤ ਕਰ ਸਕਦੇ ਹਨ।