ਕੋਵਿਡ ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਕੀਤੇ ਗਏ ਫਿਕਸ
ਹਰੀਸ਼ ਕਾਲੜਾ
ਰੂਪਨਗਰ 20 ਮਈ 2021:ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਕੋਵਿਡ-19 ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਹਸਪਤਾਲ ਲਿਜਾਣ ਲਈ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕੋਵਿਡ-19 ਬਿਮਾਰੀ ਤੋਂ ਪੀੜਤ ਮਰੀਜਾਂ ਨੂੰ ਇਲਾਜ ਲਈ ਹਸਪਤਾਲਾਂ ਵਿੱਚ ਸੰਕਟਕਾਲੀਨ ਸਥਿਤੀ ਵਿੱਚ ਐਬੁਲੈਸਾਂ ਰਾਹੀਂ ਲਿਜਾਇਆ ਜਾਂਦਾ ਹੈ। ਕਈ ਵਾਰ ਐਂਬੁਲੈਸ ਮਾਲਕਾਂ ਵੱਲੋਂ ਜਿਆਦਾ ਰੇਟ ਚਾਰਜ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਇਸ ਲਈ ਅੱਬੂਲੈਸਾਂ ਦੇ ਰੇਟਾਂ ਨੂੰ ਨਿਧਰਾਰਿਤ ਕੀਤਾ ਜਾਣਾ ਜਰੂਰੀ ਸੀ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਤ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਵਲੋਂ 20 ਮਈ 2021 ਨੂੰ ਦਿੱਤੀ ਗਈ ਸਿਫਾਰਸ਼ ਅਨੁਸਾਰ ਅਤੇ ਰਿਜਨਲ ਟਰਾਂਸਪੋਰਟ ਅਥਾਰਟੀ, ਐਸ.ਏ.ਐਸ.ਨਗਰ ਦੀ ਤਜਵੀਜ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਇਸ ਜਿਲੇ ਲਈ ਐਂਬਲੈਸਾਂ ਦੇ ਰੋਟ ਨਿਮਨ ਅਨੁਸਾਰ ਨਿਰਧਾਰਿਤ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਸਹੂਲਤ ਤੋਂ ਬਿਨਾਂ ਐਂਬੂਲੈਂਸ ਲਈ 25 ਕਿ.ਮੀ. ਤਕ ਦੀ ਯਾਤਰਾ ਦੇ ਇੱਕ ਟ੍ਰਿਪ ਲਈ ਵੱਧ ਤੋਂ ਵੱਧ 1000 ਰੁਪਏ ਰੇਟ ਹੋਵੇਗਾ , 25 ਕਿ.ਮੀ. ਤੋਂ ਬਾਅਦ ਪ੍ਰਤੀ ਕਿ.ਮੀ. ਦੇ ਲਈ 10 ਰੁਪਏ ਅਤੇ ਅੱਧੇ ਘੰਟੇ ਬਾਅਦ ਪ੍ਰਤੀ ਘੰਟਾ ਇੰਤਜ਼ਾਰ ਦੇ ਲਈ 100 ਰੁਪਏ ਪ੍ਰਤੀ ਘੰਟਾ ਵਸੂਲੇ ਜਾ ਸਕਣਗੇ।
ਇਸੇ ਤਰ੍ਹਾਂ ਆਕਸੀਜਨ ਦੀ ਸਹੂਲਤ ਨਾਲ ਲੈਸ ਐਂਬੂਲੈਂਸ ਲਈ 25 ਕਿ.ਮੀ. ਤਕ ਦੀ ਯਾਤਰਾ ਦੇ ਇੱਕ ਟ੍ਰਿਪ ਲਈ ਵੱਧ ਤੋਂ ਵੱਧ 1500 ਰੁਪਏ ਰੇਟ ਹੋਵੇਗਾ , 25 ਕਿ.ਮੀ. ਤੋਂ ਬਾਅਦ ਪ੍ਰਤੀ ਕਿ.ਮੀ. ਦੇ ਲਈ 12 ਰੁਪਏ ਅਤੇ ਅੱਧੇ ਘੰਟੇ ਬਾਅਦ ਪ੍ਰਤੀ ਘੰਟਾ ਇੰਤਜ਼ਾਰ ਦੇ ਲਈ 150 ਰੁਪਏ ਪ੍ਰਤੀ ਘੰਟਾ ਵਸੂਲੇ ਜਾ ਸਕਣਗੇ।
ਜਦਕਿ ਵੈਂਟੀਲੇਟਰ ਦੀ ਸਹੂਲਤ ਵਾਲੀ ਐਂਬੂਲੈਂਸ ਲਈ 25 ਕਿ.ਮੀ. ਤਕ ਦੀ ਯਾਤਰਾ ਦੇ ਇੱਕ ਟ੍ਰਿਪ ਲਈ ਵੱਧ ਤੋਂ ਵੱਧ 3000 ਰੁਪਏ ਰੇਟ ਹੋਵੇਗਾ , 25 ਕਿ.ਮੀ. ਤੋਂ ਬਾਅਦ ਪ੍ਰਤੀ ਕਿ.ਮੀ. ਦੇ ਲਈ 15 ਰੁਪਏ ਅਤੇ ਅੱਧੇ ਘੰਟੇ ਬਾਅਦ ਪ੍ਰਤੀ ਘੰਟਾ ਇੰਤਜ਼ਾਰ ਦੇ ਲਈ 250 ਰੁਪਏ ਪ੍ਰਤੀ ਘੰਟਾ ਵਸੂਲੇ ਜਾ ਸਕਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਉਕਤ ਰੇਟਾਂ ਤੋਂ ਜਿਆਦਾ ਚਾਰਜ ਕਰਨ ਵਾਲੇ ਐਂਬੂਲੈਂਸਾਂ ਦੇ ਮਾਲਕਾ,ਡਰਾਇਵਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਜਿਸ ਮੁਤਾਬਕ ,ਐਂਬੂਲੈਸ ਦੇ ਚਾਲਕ ਦਾ ਡਰਾਇਵਿੰਗ ਲਾਇਸੰਸ ਰੱਦ ਕੀਤਾ ਜਾਵੇਗਾ। ਐਂਬੂਲੈਸ ਦਾ ਰਜਿਸਟੇਸ਼ਨ ਸਰਟੀਫਿਕੇਟ ਰੱਦ ਕਰ ਦਿੱਤਾ ਜਾਵੇਗਾ। ਐਂਬੂਲੈਸ ਨੂੰ ਜਬਤ ਕਰ ਦਿੱਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਚਾਲਕ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।