ਕੋਰੋਨਾ ਸੰਕਟ: ਲੋੜਵੰਦਾਂ ਦੇ ਇਲਾਜ ਲਈ ਪੰਜਾਬੀ ਸਮਾਜ ਨੇ ਦਿਲ ਖੋਲ੍ਹੇ
ਅਸ਼ੋਕ ਵਰਮਾ
ਬਠਿੰਡਾ,21ਮਈ2021:ਵਿਸ਼ਵਾਸ਼ ਫਾਊਂਡੇਸ਼ਨ ਨੇ ਅੱਜ ਕਰੋਨਾ ਮਹਾਂਮਾਰੀ ਦੇ ਇਸ ਸੰਕਟ ਦੌਰਾਨ ਲੋੜਵੰਦ ਪੀੜਤਾਂ ਦੇ ਇਲਾਜ ਲਈ ਅੱਗੇ ਆਈ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਝੋਲੀ ’ਚ 1 ਲੱਖ 11 ਹਜਾਰ 1 ਰੁਪਏ ਦੀ ਭੇਟਾ ਪਾਈ ਹੈ। ਸਮੁੱਚਾ ਸਮਾਜ ਇਸ ਸੰਕਟ ਦੀ ਘੜੀ ਵਿੱਚ ਹੁਣ ਸਮਾਜ ਸੇਵੀਆਂ ਦੀ ਬਾਂਹ ਬਣਨ ਲੱਗਾ ਹੈ। ਇਸੇ ਲਈ ਹੁਣ ਆਮ ਲੋਕਾਂ ਨੇ ਕਰੋਨਾ ਸੰਕਟ ਨਾਲ ਨਜਿੱਠਣ ਵਾਸਤੇ ਹੱਥ ਖੋਲ੍ਹ ਕੇ ਭੇਟਾ ਦੇਣੀ ਸ਼ੁਰੂ ਕਰ ਦਿੱਤੀ ਹੈ। ਕਰੋਨਾ ਖਿਲਾਫ ਲੜਾਈ ਵਿਚ ਯੋਗਦਾਨ ਪਾਉਣ ਨੂੰ ਹਰ ਕੋਈ ਆਪਣਾ ਧਰਮ ਸਮਝ ਰਿਹਾ ਹੈ। ਵਿਸ਼ਵਾਸ਼ ਫਾਊਂਡੇਸ਼ਨ ਦੇ ਪ੍ਰਬੰਧਕ ਅੱਜ ਸੁਸਾਇਟੀ ਦੇ ਵਲੰਟੀਅਰਾਂ ਨੂੰ ਮਿਲੇ ਅਤੇ ਇਹ ਰਾਸ਼ੀ ਉਨ੍ਹਾਂ ਹਵਾਲੇ ਕੀਤੀ। ਉਂਜ ਤਾਂ ਇਨ੍ਹਾਂ ਵਲੰਟੀਅਰਾਂ ਤਰਫੋਂ ਪਿਛਲੇ ਕਾਫੀ ਸਮੇਂ ਤੋਂ ਕਰੋਨਾ ਪ੍ਰਬੰਧਾਂ ’ਚ ਹੱਥ ਵਟਾਇਆ ਜਾ ਰਿਹਾ ਹੈ ਪਰ ਹੁਣ ਕਿਸ਼ੋਰੀ ਰਾਮ ਹਸਪਤਾਲ ’ਚ ਮੁਫਤ ਇਲਾਜ ਲਈ ਆਣ ਡਟੇ ਹਨ।
ਸੰਸਥਾ ਦੇ ਨੌਜਵਾਨ ਵਲੰਟੀਅਰਾਂ ਨੇ ਆਪਣੇ ਪਿਓ ਦਾਦਿਆਂ ਤੋਂ ਗੁਜ਼ਰੇ ਵਕਤ ਦੌਰਾਨ ਲੋਕਾਂ ਸਿਰ ਪਈ ਮਹਾਂਮਾਰੀਆਂ ਦੀ ਬਿਪਤਾ ਨੂੰ ਨੇੜਿਓਂ ਤੱਕਣ ਦੀਆਂ ਕਹਾਣੀਆਂ ਤਾਂ ਸੁਣੀਆਂ ਸਨ ਪਰ ਹੁਣ ਉਹ ਮਨੁੱਖਤਾ ਨੂੰ ਮਹਾਂਮਾਰੀ ਦਾ ਸੰਤਾਪ ਹੱਡੀਂ ਹੰਢਾਉਂਦਿਆਂ ਅੱਖੀਂ ਦੇਖ ਰਹੇ ਹਨ। ਇਕੱਲੀ ਵਿਸ਼ਵਾਸ਼ ਫਾਊਂਡੇਸ਼ਨ ਹੀ ਨਹੀਂ ਬਲਕਿ ਸੰਸਥਾ ਵੱਲੋਂ ਚਲਾਈਆਂ ਜਾ ਰਹੇ ਰਾਹਤ ਕਾਰਜਾਂ ਲਈ ਗੁਪਤ ਦਾਨ ਦੇਣ ਵਾਲੇ ਵੀ ਆਏ ਹਨ ਜਦੋਂਕਿ ਗੱਜ ਵੱਜ ਕੇ ਪੈਸੇ ਦੇਣ ਵਾਲਿਆਂ ਦੀ ਕੋਈ ਘਾਟ ਨਹੀਂ ਹੈ। ਬੁਹਤ ਸਾਰੇ ਦਾਨੀਆਂ ਨੇ ਭਵਿੱਖ ’ਚ ਵੀ ਸਹਾਇਤਾ ਜਾਰੀ ਰੱਖਣ ਦਾ ਭਰੋਸਾ ਦਿਵਾਉਇਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦਾ ਵਲੰਟੀਅਰ ਸੰਦੀਪ ਬਾਂਸਲ ਨੇ ਦੀਨ ਦੁਖੀਆਂ ਦੀ ਸੇਵਾ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਹੁਣ ਜਦੋਂ ਕਰੋਨਾ ਪੀੜਤਾਂ ਦੇ ਇਲਾਜ ਲਈ ਮੁਫਤ ਹਸਪਤਾਲ ਖੋਹਲਣ ਦੀ ਗੱਲ ਤੁਰੀ ਤਾਂ ਜਜਬੇ ਨੇ ਹੌਂਸਲੇ ਦੀ ਐਸੀ ਉਡਾਣ ਫੜ੍ਹੀ ਤਾਂ ਸੰਦੀਪ ਨੇ ਆਪਣੇ ਘਰੇ ਲੱਗਿਆ ਏਸੀ ਲੁਹਾ ਕੇ ਹਸਪਤਾਲ ਵਿੱਚ ਮਰੀਜਾਂ ਦੀ ਸੇਵਾ ਲਈ ਲਗਵਾ ਦਿੱਤਾ।
ਸੰਦੀਪ ਆਖਦਾ ਹੈ ਕਿ ਜਦੋਂ ਮਹਾਂਮਾਰੀ ਨਾਲ ਸਿਰ ਧੜ ਦੀ ਲੱਗੀ ਹੋਵੇ ਤਾਂ ਉਸ ਅੱਗੇ ਏ ਸੀ ਕੁੱਝ ਵੀ ਨਹੀਂ ਹੈ ਉਹ ਕੁੱਝ ਵੀ ਕਰਨ ਨੂੰ ਤਿਆਰ ਹੈ। ਇਸੇ ਤਰਾਂ ਹੀ ਇੱਕ ਦਾਨੀ ਸੱਜਣ ਹਸਪਤਾਲ ’ਚ ਲਾਉਣ ਲਈ ਐਲ ਸੀ ਡੀ ਦੇ ਗਿਆ ਹੈ ਤਾਂ ਜੋ ਮਰੀਜਾਂ ਨੂੰ ਕਿਸੇ ਕਿਸਮ ਦਾ ਅਕੇਵਾਂ ਮਹਿਸੂਸ ਨਾਂ ਹੋਵੇ। ਸੁਸਾਇਟੀ ਨੇ ਇਸ ਦਾਨੀ ਸੱਜਣ ਦਾ ਧੰਨਵਾਦ ਕੀਤਾ ਹੈ। ਇਸੇ ਤਰਾਂ ਹੀ ਭਾਰਤ ਨਗਰ ਵੈਲਫੇਅਰ ਸੁਸਾਇਟੀ ਬਠਿੰਡਾ ਨੇ ਪ੍ਰਧਾਨ ਡੀ ਪੀ ਬਾਂਸਲ ਦੀ ਅਗਵਾਈ ਹੇਠ ਸੰਸਥਾ ਦੀ ਗੋਲਕ ’ਚ 31 ਹਜਾਰ ਦੋ ਯੋਗਦਾਨ ਪਾਇਆ ਹੈ। ਨੀਦਰਲੈਂਡ ਤੋਂ ਪੰਕਜ ਨਾਮ ਦੇ ਨੌਜਵਾਨ ਨੇ ਸੁਸਾਇਟੀ ਨੂੰ 15 ਹਜਾਰ ਰੁਪਏ ਵਿੱਤੀ ਸਹਾਇਤਾ ਵਜੋਂ ਭੇਜੇ ਹਨ। ਪੰਕਜ਼ ਨੇ ਸੰਸਥਾ ਨੂੰ ਦੱਸਿਆ ਕਿ ਜਦੋਂ ਸਾਲ 2009 ’ਚ ਉਸ ਦਾ ਬਠਿੰਡਾ ਵਿੱਚ ਹਾਦਸਾ ਹੋਇਆ ਸੀ ਤਾਂ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਉਸ ਦੀ ਦੇਖ ਭਾਲ ਕੀਤੀ ਸੀ।
ਉਸ ਨੇ ਆਖਿਆ ਕਿ ਹੁਣ ਬਠਿੰਡਾ ਕੋਰੋਨਾ ਮਹਾਮਾਰੀ ਦੀ ਚਪੇਟ ਵਿੱਚ ਹੈ ਤਾਂ ਉਸ ਨੇ ਇਹ ਤੁੱਛ ਭੇਂਟਾ ਭਿਜਵਾਈ ਹੈ ਅਤੇ ਹੋਰ ਭੇਜਣ ਦੀ ਕੋਸ਼ਿਸ਼ ਬਾਰੇ ਵੀ ਕਿਹਾ ਹੈ। ਦਾਨੀਆਂ ’ਚ ਬਾਂਸਲ ਸੋਪਸ ਦੇ ਰਮੇਸ਼ ਬਾਂਸਲ,ਤਰੁਣ ਮਿੱਤਲ , ਆਸ਼ੂਤੋਸ਼ ਚੰਦਰ,ਬਸੰਤ ਵਿਹਾਰ ਦੇ ਇੰਦੂ ਗਰਗ, ਪੰਚਵਟੀ ਨਗਰ ਦੀ ਗੁਰਵਿੰਦਰ ਕੌਰ ਅਤੇ ਇੱਕ ਗੁਪਤਦਾਨੀ ਵੱਲੋਂ 11-11 ਹਜਾਰ ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ। ਭਾਰਤੀ ਜੰਤਾ ਪਾਰਟੀ ਦੇ ਆਗੂ ਮੋਹਿਤ ਗੁਪਤਾ ਅਤੇ ਮਨੀਸ਼ ਸਰਵਾਲ ਨੇ ਨਿਬੋਲਾਈਜ਼ਰ ਅਤੇ ਦਵਾਈ ਦੀ ਸੇਵਾ ਕੀਤੀ ਹੈ ਜਦੋਂਕਿ ਸਮਾਜਿਕ ਆਗੂ ਰਮਣੀਕ ਵਾਲੀਆ ਚਾਰ ਨਿਬੋਲਾਈਜ਼ਰਾਂ ਦੀ ਸਹਾਇਤਾ ਕਰਕੇ ਗਏ ਹਨ। ਮਹੇਸ਼ਵਰੀ ਮਹਿਲਾ ਮੰਡਲ ਭੁੱਚੋ ਮੰਡੀ ਨੇ 51 ਸੌ ਰੁਪਏ ਭੇਜੇ ਹੈ। ਮਹੱਤਵਪੂਰਨ ਤੱਥ ਹੈ ਕਿ ਸਹਾਇਤਾ ਦਾ ਇਹ ਅੰਕੜਾ ਸਿਰਫ ਲੰਘੇ ਛੇ ਦਿਨਾਂ ਦਾ ਹੈ ਜਦੋਂਕਿ ਹੋਰ ਵੀ ਦਾਨੀ ਸੱਜਣਾ ਨੇ ਆਰਥਿਕ ਹੁੰਗਾਰੇ ਦੀ ਪੇਸ਼ਕਸ਼ ਕੀਤੀ ਹੈ।
ਹਰਸਿਮਰਤ ਨੇ ਭੇਜੇ ਪੰਜ ਕੰਸਟਰੇਟਰ
ਕਿਸੋਰੀ ਰਾਮ ਹਸਪਤਾਲ ’ਚ ਮਰੀਜਾਂ ਦਾ ਮੁਫਤ ਇਲਾਜ ਕਰਨ ਸਬੰਧੀ ਪਤਾ ਲੱਗਦਿਆਂ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਅੱਗੇ ਆਈ ਹੈ। ਬੀਬੀ ਬਾਦਲ ਵੱਲੋਂ ਭੇਜੇ ਗਏ ਪੰਜ ਆਕਸੀਜ਼ਨ ਕਾਂਸਟਰੇਟਰ ਸਾਬਾਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ਭੇਂਟ ਕੀਤੇ ਹਨ। ਸ੍ਰੀ ਸਿੰਗਲਾ ਨੇ ਭਰੋਸਾ ਦਿਵਾਇਆ ਕਿ ਮਰੀਜਾਂ ਖਾਤਰਬੀਬੀ ਬਾਦਲ ਨੇ ਹੋਰ ਵੀ ਸਹਾਇਤਾ ਦਾ ਭਰੋਸਾ ਦਿਵਾਇਆ ਹੈ।
ਪੀੜਤਾਂ ਲਈ ਨਹੀਂ ਦਾਨਵੀਰਾਂ ਦੀ ਘਾਟ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਕਾਫੀ ਲੋਕ ਸੰਸਥਾ ਨੂੰ ਦਾਨ ਦੇ ਰਹੇ ਹਨ ਜਿਨ੍ਹਾਂ ’ਚ ਗੁਪਤਦਾਨੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬਹੁਤੇ ਦਾਨੀ ਆਪ ਮੁਹਾਰੇ ਹੀ ਦਿਲ ਖੋਲ੍ਹ ਕੇ ਦਾਨ ਦੇ ਰਹੇ ਹਨ ਜਿਸ ਨੂੰ ਕਰੋਨਾ ਪੀੜਤ ਮਰੀਜਾਂ ਦੇ ਇਨਾਂ! ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ’ਚ ਵਰਤਿਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਦਫ਼ਾ ਹੈ ਕਿ ਕਰੋਨਾ ਸੰਕਟ ਨੂੰ ਹਰ ਘਰ ਆਪਣੀ ਲੜਾਈ ਸਮਝ ਰਿਹਾ ਹੈ। ਉਨ੍ਹਾਂ ਸੰਸਥਾ ਤੇ ਭਰੋਸਾ ਜਤਾਉਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ।