ਡੀ ਸੀ ਫ਼ਰੀਦਕੋਟ ਵਲੋਂ ਕੋਰੋਨਾ ਮੁਕਤ ਪਿੰਡ ਅਭਿਆਨ ਤਹਿਤ ਸੈਕਟਰ ਅਫਸਰਾਂ, ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
ਪਰਵਿੰਦਰ ਸਿੰਘ ਕੰਧਾਰੀ
- ਕਰੋਨਾ ਦੀ ਰੋਕਥਾਮ ਲਈ ਪਿੰਡਾਂ ਵਿੱਚ ਕਮੇਟੀਆਂ ਗਠਿਤ ਕਰਨ, ਟੀਕਾਕਰਨ ਤੇ ਟੈਸਟਿੰਗ ਸੰਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਦੇ ਆਦੇਸ਼
ਫ਼ਰੀਦਕੋਟ 21 ਮਈ 2021 - ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੇਂਡੂ ਖੇਤਰਾਂ ਵਿੱਚੋਂ ਕਰੋਨਾ ਦੇ ਖ਼ਾਤਮੇ ਲਈ ਚਲਾਏ ਗਏ ਕਰੋਨਾ ਮੁਕਤ ਪਿੰਡ ਅਭਿਆਨ ਦੀ ਸਫਲਤਾ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਜ਼ਿਲ੍ਹਾ ਕੋਵਿਡ ਮੈਨੇਜਮੈਂਟ ਅਧੀਨ ਸਮੁੱਚੇ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਲਈ ਬਣਾਈਆਂ 27 ਟੀਮਾਂ ਦੇ ਇੰਚਾਰਜ, ਸੈਕਟਰ ਅਫ਼ਸਰਾਂ ਕਮ ਸੈਕਟਰ ਮੈਜਿਸਟਰੇਟਾਂ ਤੋਂ ਇਲਾਵਾ ਸਿਹਤ ਵਿਭਾਗ, ਖ਼ੁਰਾਕ ਤੇ ਸਿਵਲ ਸਪਲਾਈ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਆਦੇਸ਼ ਦਿੱਤੇ ਕਿ ਪੇਂਡੂ ਖੇਤਰਾਂ ਵਿਚ ਕਰੋਨਾ ਦੀ ਤੀਜੀ ਲਹਿਰ ਨੂੰ ਰੋਕਣ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖਤ ਕਦਮ ਚੁੱਕੇ ਜਾਣ।
ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਉਪ ਮੰਡਲ ਪੱਧਰ ਤੇ ਉਪਰੋਕਤ ਟੀਮਾਂ ਦੀ ਨਿਗਰਾਨੀ ਐੱਸ.ਡੀ.ਐੱਮ ਕਰਨਗੇ ਜਦਕਿ ਉਨ੍ਹਾਂ ਦੇ ਨਾਲ ਐੱਸ.ਐੱਮ.ਓ, ਬੀ.ਡੀ.ਪੀ.ਓ, ਡੀ.ਐੱਸ.ਪੀ, ਸੀ.ਡੀ.ਪੀ.ਓ, ਬੀ.ਪੀ.ਈ.ਓ ਅਤੇ ਜੀ.ਓ.ਜੀ ਦੇ ਸਬ ਡਿਵੀਜ਼ਨ ਪੱਧਰ ਦੇ ਹੈੱਡ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅੱਗੇ ਇਸੇ ਤਰ੍ਹਾਂ ਸੈਕਟਰ ਅਫਸਰ ਆਪਣੇ ਅਧੀਨ ਆਉਂਦੇ ਪਿੰਡਾਂ ਵਿਚ ਸਰਪੰਚਾਂ, ਨੰਬਰਦਾਰਾਂ, ਪੰਚਾਇਤ ਮੈਂਬਰਾਂ, ਯੂਥ ਕਲੱਬਾਂ ਦੇ ਨੁਮਾਇੰਦਿਆਂ, ਆਂਗਨਵਾੜੀ ਵਰਕਰਾਂ ਬੀ ਐੱਲ ਓ, ਪੰਚਾਇਤ ਸਕੱਤਰਾਂ, ਰਾਸ਼ਨ ਡਿਪੂ ਹੋਲਡਰਾਂ ਆਦਿ ਨੂੰ ਲੋੜ ਅਨੁਸਾਰ ਸ਼ਾਮਲ ਕਰਨਗੇ ਤੇ ਇਸ ਵਿੱਚ ਪੰਚਾਇਤਾਂ ਨਾਲ ਸਬੰਧਤ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ) ਵੀ ਸ਼ਾਮਲ ਹੋਣਗੇ। ਉਨ੍ਹਾਂ ਸੈਕਟਰ ਅਫ਼ਸਰ ਨੂੰ ਆਦੇਸ਼ ਦਿੱਤੇ ਕਿ ਹਰੇਕ ਪਿੰਡ ਦਾ ਵੱਟਸਐਪ ਗਰੁੱਪ ਬਣਾ ਕੇ ਉਸ ਵਿੱਚ ਸਰਕਾਰ ਦੀਆਂ ਕਰੋਨਾ ਪ੍ਰਤੀ ਜਾਗਰੂਕ ਕਰਨ ਦੀਆਂ ਹਦਾਇਤਾਂ, ਸਾਵਧਾਨੀਆਂ, ਟੀਕਾਕਰਨ, ਟੈਸਟਿੰਗ, ਟਰੈਕਿੰਗ ਆਦਿ ਸਬੰਧੀ ਹਰੇਕ ਜਾਣਕਾਰੀ ਸਾਂਝੀ ਕੀਤੀ ਜਾਵੇ ਅਤੇ ਪੰਚਾਇਤਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾਵੇ ਕਿ ਉਹ ਆਪਣੇ ਪਿੰਡਾਂ ਵਿੱਚ ਹਰੇਕ ਪਰਿਵਾਰ ਦੀ ਟੈਸਟਿੰਗ, ਟੀਕਾਕਰਣ ਲਾਜ਼ਮੀ ਕਰੇ ਤੇ ਇਕਾਂਤਵਾਸ ਹੋਏ ਲੋਕਾਂ ਦੇ ਇਲਾਜ, ਰਾਸ਼ਨ ਦੀ ਸਪਲਾਈ ਆਦਿ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਸੈਕਟਰ ਅਫਸਰ ਉਨ੍ਹਾਂ ਨੂੰ ਆਪਣੇ ਅਧਿਕਾਰਤ ਖੇਤਰਾਂ ਵਿਚਲੇ ਪਿੰਡਾਂ ਦੀ ਟੈਸਟਿੰਗ, ਟੀਕਾਕਰਨ ਤੇ ਜਾਗਰੂਕਤਾ ਮੁਹਿੰਮ ਬਾਰੇ ਰੋਜ਼ਾਨਾ ਜਾਣਕਾਰੀ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਮੇਂ ਸਿਰ ਇਸ ਮੁਹਿੰਮ ਨੂੰ ਲਾਗੂ ਕਰਨ ਵਿੱਚ ਕਾਮਯਾਬ ਨਹੀਂ ਹੋਏ ਤਾਂ ਕਰੋਨਾ ਦੀ ਤੀਜੀ ਲਹਿਰ ਸਾਡੇ ਲਈ ਬਹੁਤ ਖਤਰਨਾਕ ਹੋ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਰੋਨਾ ਦੇ ਖ਼ਾਤਮੇ ਲਈ ਟੀਮ ਵਜੋਂ ਕੰਮ ਕਰਨ ਅਤੇ ਇਸ ਤੇ ਜਿੱਤ ਪ੍ਰਾਪਤ ਕਰਨ ਲਈ ਪਿੰਡਾਂ ਦੀਆਂ ਪੰਚਾਇਤਾਂ ਤੇ ਪਿੰਡ ਵਾਸੀਆਂ ਦਾ ਪੂਰਨ ਸਹਿਯੋਗ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਪੰਚਾਇਤਾਂ ਰਾਹੀਂ ਲੋਕਾਂ ਵਿੱਚ ਇਸ ਗੱਲ ਦਾ ਪੂਰਾ ਸਾਕਾਰਾਤਮਕ ਪ੍ਰਚਾਰ ਕੀਤਾ ਜਾਵੇ ਕਿ ਕਰੋਨਾ ਦਾ ਟੀਕਾ ਸਿਹਤ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦਾ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।
ਇਸ ਮੀਟਿੰਗ ਵਿਚ ਸਿਵਲ ਸਰਜਨ ਡਾ. ਸੰਜੇ ਕਪੂਰ, ਡਾ.ਮਨਦੀਪ ਕੌਰ, ਸਹਾਇਕ ਸਿਵਲ ਸਰਜਨ, ਡਾ ਹਰਜੋਤ ਕੌਰ, ਡਾ.ਮੇਘਾ ਪ੍ਰਕਾਸ਼,ਡੀ.ਐਫ.ਐਸ.ਸੀ ਜਸਜੀਤ ਕੌਰ,ਜ਼ਿਲ੍ਹਾ ਮਾਲ ਅਫਸਰ ਸ.ਸੁਖਰਾਜ ਸਿੰਘ ਢਿੱਲੋ,ਪ੍ਰਾਜੈਕਟ ਡਾਇਰੈਕਟਰ ਆਤਮਾ ਡਾ.ਅਮਨਦੀਪ ਕੇਸ਼ਵ, ਕਾਰਜ ਸਾਧਕ ਅਫਸਰ ਫਰੀਦਕੋਟ ਸ੍ਰੀ ਅਮ੍ਰਿਤ ਲਾਲ, ਕਾਰਜ ਸਾਧਕ ਅਫਸਰ ਕੋਟਕਪੂਰਾ ਸ੍ਰੀ ਬਲਵਿੰਦਰ ਸਿੰਘ, ਕਾਰਜ ਸਾਧਕ ਅਫਸਰ ਜੈਤੋ ਗੁਰਦਾਸ ਸਿੰਘ,ਜੇ.ਈ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਗੁਰਪ੍ਰੀਤ ਸਿੰਘ,ਅਤੇ ਏ.ਐਮ.ਈ ਸ੍ਰੀ ਰਾਕੇਸ਼ ਕੰਬੋਜ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।