ਜਲੰਧਰ ’ਚ ਹੁਣ ਗੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ, ਦਫ਼ਤਰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ
- ਜਲੰਧਰ ਪ੍ਰਸ਼ਾਸਨ ਵਲੋਂ ਆਰਥਿਕ ਗਤੀਵਿਧੀਆਂ ਨੂੰ ਅਸਾਨੀ ਨਾਲ ਚਲਾਉਣ ਲਈ ਦੁਕਾਨਾਂ ਦੇ ਸਮੇਂ ਦਾ ਜਾਇਜ਼ਾ
ਜਲੰਧਰ 21 ਮਈ 2021 - ਜ਼ਿਲ੍ਹੇ ਵਿੱਚ ਕਾਰੋਬਾਰ ਸਬੰਧੀ ਗਤੀਵਿਧੀਆਂ ਨੂੰ ਹੋਰ ਅਸਾਨੀ ਨਾਲ ਜਾਰੀ ਰੱਖਣ ਦੇ ਮੱਦੇਨਜ਼ਰ ਅਹਿਮ ਕਦਮ ਉਠਾਉਂਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ/ਸੰਸਥਾਵਾਂ ਅਤੇ ਦਫ਼ਤਰਾਂ ਦੇ ਸਮੇਂ ਵਿੱਚ ਦੋ ਘੰਟੇ ਤੱਕ ਹੋਰ ਵਾਧਾ ਕੀਤਾ ਗਿਆ ਹੈ ਅਤੇ ਹੁਣ ਇਹ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਣਗੀਆਂ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਹ ਆਦੇਸ਼ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਸਨ ਜੋ ਕਿ 21 ਮਈ 2021 ਤੱਕ ਲਾਗੂ ਰਹਿਣੇ ਸਨ। ਹੁਣ ਗੈਰ ਜਰੂਰੀ ਦੁਕਾਨਾਂ ਨੂੰ ਖੋਲਣ ਦੇ ਸਮੇਂ ਦਾ ਜਾਇਜ਼ਾ ਲੈਂਦਿਆਂ ਇਨਾਂ ਦੇ ਸਮੇਂ ਨੂੰ ਬਾਅਦ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ ਵਧਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਹੁਣ ਗੈਰ ਜਰੂਰੀ ਵਸਤਾਂ ਦੇ ਸ੍ਰੇਣੀ ਵਿੱਚ ਆਉਂਦੀਆਂ ਦੁਕਾਨਾਂ, ਨਿੱਜੀ ਕਾਰੋਬਾਰ ਅਤੇ ਦਫ਼ਤਰ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਣਗੇ।
ਜ਼ਿਕਰਯੋਗ ਹੈ ਕਿ ਜਰੂਰੀ ਸੇਵਾਵਾਂ ਦੀ ਸ੍ਰੇਣੀ ਵਿੱਚ ਆਉਂਦੀਆਂ ਸੇਵਾਵਾਂ ਅਗਲੇ ਹੁਕਮਾਂ ਤੱਕ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਰੋਜ਼ਾਨਾ ਖੁਲੱਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕਦਮ ਉਠਾਉਣ ਦਾ ਮੁੱਖ ਮਕਸਦ ਜ਼ਿਲ੍ਹੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਦੇ ਨਾਲ ਨਾਲ ਵਪਾਰ ਅਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਵਲੋਂ ਕਾਰੋਬਾਰ ਅਸਾਨੀ ਨਾਲ ਚਲਾਉਣ ਸਬੰਧੀ ਹੋਰ ਰਾਹਤ ਪਹੁੰਚਾਉਣ ਦੀ ਕੀਤੀ ਜਾ ਰਹੀ ਮੰਗ ਨੂੰ ਦੇਖਦਿਆਂ ਰਾਹਤ ਪ੍ਰਦਾਨ ਕਰਨਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ ਵਾਇਰਸ ਨੁੂੰ ਫੈਲਣ ਤੋਂ ਰੋਕਣ ਲਈ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਕੋਵਿਡ ਮਹਾਂਮਾਰੀ ਤੋਂ ਬਚਾਅ ਲਈ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਜਿਵੇਂ ਸਮਾਜਿਕ ਦੂਰੀ ਦੀ ਪਾਲਣਾ, ਮਾਸਕ ਪਾਉਣਾ ਆਦਿ ਨੂੰ ਪੂਰੀ ਤਨਦੇਹੀ ਨਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਜ਼ਿਲ੍ਹੇ ਨੂੰ ਜਲਦ ਤੋਂ ਜਲਦ ਕੋਰੋਨਾ ਮੁਕਤ ਜ਼ਿਲ੍ਹਾ ਬਣਾਇਆ ਜਾ ਸਕੇ।