ਚੰਡੀਗੜ੍ਹ, 9 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਲ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਵੱਲੋਂ ਨੋਟ ਬੰਦ ਕਰਨ ਦੀ ਪ੍ਰੀਕ੍ਰਿਆ ਦੀ ਨਿੰਦਾ ਕੀਤੀ ਹੈ, ਜਿਸਦਾ ਗਰੀਬ ਤਬਕੇ 'ਤੇ ਸੱਭ ਤੋਂ ਵੱਧ ਬੁਰਾ ਅਸਰ ਪਿਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਵੇਂ ਭ੍ਰਿਸ਼ਟਾਚਾਰ, ਅੱਤਵਾਦ ਨੂੰ ਫੰਡਿੰਗ ਤੇ ਕਾਲਾ ਬਜ਼ਾਰੀ ਨੂੰ ਕਾਬੂ ਪਾਉਣ ਦੀ ਦਿਸ਼ਾ 'ਚ ਇਕ ਸਹੀ ਕਦਮ ਹੈ, ਲੇਕਿਨ ਇਸ ਤੋਂ ਬਾਅਦ ਛੋਟੇ ਕਿਸਾਨਾਂ, ਵਪਾਰੀਆਂ, ਰੋਜ਼ਾਨਾ ਦਿਹਾੜੀਦਾਰਾਂ ਤੇ ਗਰੀਬ ਵਰਗਾਂ ਨੂੰ ਸੱਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਨ੍ਹਾਂ 'ਚੋਂ ਕਈ ਲੋਕਾਂ ਦੇ ਬੈਂਕਾਂ 'ਚ ਖਾਤੇ ਵੀ ਨਹੀਂ ਹਨ, ਜਿਹੜੇ ਕਿਵੇਂ ਆਪਣੇ 500 ਤੇ 1000 ਰੁਪਏ ਦੇ ਨੋਟਾਂ ਨੂੰ ਬਦਲਾਉਣ ਦੀ ਉਮੀਦ ਕਰ ਸਕਦੇ ਹਨ। ਮੋਦੀ ਸਰਕਾਰ ਵੱਲੋਂ ਬੁਰੀ ਅਲਾਮਤਾਂ 'ਤੇ ਕਾਬੂ ਪਾਉਣ ਲਈ ਜ਼ਲਦੀ-ਜ਼ਲਦੀ 'ਚ ਚੁੱਕੇ ਗਏ ਕਦਮ ਨਾਲ ਇਨ੍ਹਾਂ ਗਰੀਬ ਲੋਕਾਂ ਦੀ ਸ਼ਾਮਤ ਆ ਗਈ ਹੈ, ਜਿਹੜਾ ਕਦਮ ਵੱਡੀ ਗਿਣਤੀ 'ਚ ਭਾਰਤੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ 'ਚ ਨਾਕਾਮ ਰਿਹਾ ਹੈ।
ਇਸ ਲੜੀ ਹੇਠ ਦੇਸ਼ 'ਚ ਕਾਲੇ ਪੈਸੇ ਉਪਰ ਕਾਬੂ ਪਾਉਣ ਦੀ ਜ਼ਲਦਬਾਜੀ 'ਚ ਮੋਦੀ ਭੁੱਲ ਗਏ ਲੱਗਦੇ ਹਨ ਕਿ ਵੱਡੀ ਗਿਣਤੀ 'ਚ ਭਾਰਤੀ ਨਾ ਤਾਂ ਭ੍ਰਿਸ਼ਟ ਹਨ ਤੇ ਨਾ ਹੀ ਕਾਲੇ ਜਾਂ ਹਵਾਲਾ ਦੇ ਲੈਣ ਦੇਣ 'ਚ ਸ਼ਾਮਿਲ ਹਨ। ਇਹ ਲੋਕ ਮਹੀਨੇ ਦੇ ਕੁਝ ਸੌ ਰੁਪਏ ਕਮਾਉਂਦੇ ਹਨ ਅਤੇ ਘੱਟ ਬਚੱਤ ਕਰਦੇ ਹਨ। ਜਿਨ੍ਹਾਂ ਕੋਲ ਇੰਨੀ ਘੱਟ ਰਾਸ਼ੀ ਨੂੰ ਰੱਖਣ ਲਈ ਬੈਂਕਾਂ 'ਚ ਖਾਤੇ ਵੀ ਨਹੀਂ ਹਨ। ਅਜਿਹੇ 'ਚ ਮੋਦੀ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਨ 'ਚ ਕੋਈ ਯੋਜਨਾਬੰਦੀ ਜਾਂ ਸੋਚ ਪ੍ਰਤੀਤ ਨਹੀਂ ਹੁੰਦੀ।
ਜਦਕਿ ਇਸਦੇ ਪੰਜਾਬ ਦੀਆਂ ਚੋਣਾਂ ਉਪਰ ਪ੍ਰਭਾਵ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਵਾਸਤੇ ਇਹ ਕੋਈ ਚਿੰਤਾ ਦਾ ਵਿਸ਼ਾ ਨਹੀਂ ਹੈ। ਬਲਕਿ ਸੱਤਾਧਾਰੀ ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਡਰਨਾ ਚਾਹੀਦਾ ਹੈ। ਜਿਥੇ ਨੋਟ ਬੰਦ ਹੋਣ ਕਾਰਨ ਬਾਦਲਾਂ ਦੇ ਕਾਲੇ ਪੈਸਿਆਂ ਦੇ ਕਰੋੜਾਂ ਰੁਪਏ ਖਤਮ ਹੋ ਜਾਣਗੇ, ਕੇਜਰੀਵਾਲ ਨੂੰ ਹਜ਼ਾਰਾਂ ਕਰੋੜਾਂ ਰੁਪਇਆਂ ਦਾ ਘਾਟਾ ਪੈ ਜਾਵੇਗਾ।