ਨਵੀਂ ਦਿੱਲੀ— ਸ਼ਰਾਬ ਕਾਰੋਬਾਰੀ ਅਤੇ ਸਾਬਕਾ ਰਾਜ ਸਭਾ ਸਾਂਸਦ ਵਿਜੈ ਮਾਲਿਆ ਨੇ ਮੋਦੀ ਸਰਕਾਰ ਦੇ ਅਧੀਨ ਜਾਂਚ ਏਜੰਸੀਆਂ 'ਤੇ ਨਿਸ਼ਾਨਾ ਸਾਧਿਆ ਹੈ। ਵਿਜੈ ਮਾਲਿਆ 'ਤੇ ਦੇਸ਼ ਦੇ ਕਈ ਬੈਂਕਾਂ ਦਾ ਲਗਭਗ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ ਬਕਾਇਆ ਹੈ। ਜਾਂਚ ਏਜੰਸੀਆਂ ਨੇ ਵੀ ਵਿਜੈ ਮਾਲਿਆ ਨੂੰ ਭਗੌੜਾ ਐਲਾਨ ਕਰ ਚੁੱਕੀਆਂ ਗਨ। ਇਸ ਵਿਚਕਾਰ ਮਾਲਿਆ ਨੇ ਟਵੀਟ ਕਰਕੇ ਪ੍ਰਧਾਨ ਮੋਦੀ ਅਤੇ ਜਾਂਚ ਏਜੰਸੀਆਂ 'ਤੇ ਟਿਪਣੀ ਕੀਤੀ ਹੈ।
ਉਨ੍ਹਾਂ ਨੇ ਟਵੀਟ ਕਰਕੇ ਕਿਹਾ, ''ਕੀ ਸਾਡੇ ਪ੍ਰਧਾਨ ਮੰਤਰੀ ਜਿਹੜੇ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਉਣ ਬਾਰੇ ਸੋਚਦੇ ਹਨ ਉਹ ਇਸ ਗੱਲ ਦੀ ਗਾਰੰਟੀ ਲੈ ਸਕਦੇ ਹਨ ਕਿ ਉਨ੍ਹਾਂ ਦੇ ਰਾਜ 'ਚ ਜਾਂਚ ਏਜੰਸੀਆਂ ਸਹੀ, ਨਿਰਪੱਖ ਅਤੇ ਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੀਆਂ ਹਨ?''
ਆਪਣੇ ਟਵੀਟ ਜ਼ਰੀਏ ਵਿਜੈ ਮਾਲਿਆ ਨੇ ਭਾਰਤੀ ਜਾਂਚ ਏਜੰਸੀਆਂ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਉੱਥੇ ਹੀ ਆਪਣੇ ਦੂਜੇ ਟਵੀਟ 'ਚ ਮਾਲਿਆ ਨੇ ਇਨਫੋਰਸਮੈਂਟ 'ਤੇ ਵੀ ਨਿਸ਼ਾਨਾ ਸਾਧਿਆ।
ਮਾਲਿਆ ਨੇ ਦੂਜੇ ਟਵੀਟ 'ਚ ਲਿਖਿਆ, ''ਸਾਡੇ ਪ੍ਰਧਾਨ ਮੰਤਰੀ ਤਕਨੀਕ ਦੀ ਵਰਤੋਂ ਅਤੇ ਕਿਸਾਨਾਂ ਬਾਰੇ ਬੋਲਦੇ ਹਨ, ਮੈਂ ਹੈਰਾਨ ਹਾਂ ਕਿਉਂ ਇਨਫੋਰਸਮੈਂਟ ਸੰਸਥਾਵਾਂ ਤਕਨੀਕ ਦੀ ਵਰਤੋਂ ਤੋਂ ਪਰਹੇਜ਼ ਕਰਦੀਆਂ ਹਨ।'' ਆਪਣੇ ਇਨ੍ਹਾਂ ਟਵੀਟ ਰਾਹੀਂ ਮਾਲਿਆ ਨੇ ਸਾਫ ਤੌਰ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਸ਼ਾਸਨ 'ਚ ਜਾਂਚ ਏਜੰਸੀਆਂ ਦੀ ਨਿਰਪੱਖਤਾ ਅਤੇ ਵੈਧਤਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ।